ਬਹੁ-ਕਰੋੜੀ ਸ਼ਾਮਲਾਟ ਜ਼ਮੀਨ ''ਤੇ ਨਾਜਾਇਜ਼ ਕਬਜ਼ਿਆਂ ਵਿਰੁੱਧ ਪ੍ਰਸ਼ਾਸਨ ਦੀ ਕਾਰਵਾਈ
Friday, May 18, 2018 - 02:42 AM (IST)

ਪਟਿਆਲਾ/ਰੱਖੜਾ, (ਰਣਜੀਤ ਰਾਣਾ)- ਪਿਛਲੇ 2 ਸਾਲਾਂ ਤੋਂ ਮਾਣਯੋਗ ਹਾਈ ਕੋਰਟ ਵਿਚ ਹਾਈਪ੍ਰੋਫਾਈਲ ਪਿੰਡ ਸਾਹਿਬ ਨਗਰ ਥੇੜੀ ਦੀ ਬਹੁ-ਕਰੋੜੀ ਸ਼ਾਮਲਾਟ ਜ਼ਮੀਨ 'ਤੇ ਹੋਏ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਚੱਲ ਰਹੀ ਕਾਰਵਾਈ ਅੱਜ ਸਿਖਰਾਂ 'ਤੇ ਪੁੱਜ ਗਈ, ਜਦੋਂ ਇਕ ਹੀ ਝਟਕੇ ਵਿਚ 16 ਕੋਠੀਆਂ ਮਲੀਆਮੇਟ ਕਰ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ ਨਾਜਾਇਜ਼ ਕਾਬਜ਼ਕਾਰਾਂ ਨੂੰ ਆਪਣੇ-ਆਪ ਕਬਜ਼ਾ ਛੱਡਣ ਲਈ ਪ੍ਰਸ਼ਾਸਨ ਵੱਲੋਂ 2 ਦਿਨਾਂ ਦੀ ਦਿੱਤੀ ਮੋਹਲਤ ਖਤਮ ਹੋਣ ਉਪਰੰਤ ਅੱਜ ਮਾਲ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੇ ਪੁਲਸ ਪ੍ਰਸ਼ਾਸਨ ਵੱਲੋਂ ਕਾਰਵਾਈ ਨੂੰ ਅੰਜਾਮ ਦਿੰਦਿਆਂ ਗਰਾਮ ਪੰਚਾਇਤ ਦੇ ਮੌਜੂਦਾ ਸਰਪੰਚ ਜਗਦੀਸ਼ ਸਿੰਘ ਪੂਨੀਆ ਵੱਲੋਂ ਸ਼ਾਮਲਾਟ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰ ਕੇ ਉਸਾਰੇ ਮਕਾਨ ਨੂੰ ਵੀ ਢਾਹ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਅਦਾਲਤ ਵਿਚ 23 ਮਈ ਨੂੰ ਪ੍ਰਸ਼ਾਸਨ ਵੱਲੋਂ ਰਿਪੋਰਟ ਦਾਖਲ ਕਰਵਾਉਣ ਦਾ ਸਮਾਂ ਨੇੜੇ ਹੈ ਪਰ ਕਬਜ਼ਾ ਕਾਰਵਾਈ ਵਾਰ-ਵਾਰ ਲਮਕਾਉਣ ਕਾਰਨ ਥਾਣਿਆਂ ਅਤੇ ਦਫਤਰਾਂ ਵਿਚ ਆਮ ਲੋਕਾਂ ਦੀ ਵਧਦੀ ਖੱਜਲ-ਖੁਆਰੀ ਨੂੰ ਧਿਆਨ ਵਿਚ ਰਖਦਿਆਂ ਥਾਣਾ ਅਰਬਨ ਅਸਟੇਟ ਦੇ ਐੈੱਸ. ਐੈੱਚ. ਓ. ਹਰਜਿੰਦਰ ਸਿੰਘ ਢਿੱਲੋਂ ਨੇ ਅੱਜ ਹੀ ਸਾਰੀ ਕਾਰਵਾਈ ਨੂੰ ਅੰਜਾਮ ਦੇਣ ਦੀ ਗੱਲ ਸਖਤੀ ਨਾਲ ਰੱਖੀ। ਸਖਤੀ ਨੂੰ ਦੇਖਦਿਆਂ ਮੌਜੂਦਾ ਸਰਪੰਚ ਦਾ ਮਕਾਨ ਵੀ ਮਲੀਆਮੇਟ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਰਸੂਖਦਾਰ ਲੋਕਾਂ ਦੀਆਂ ਬਣੀਆਂ ਆਲੀਸ਼ਾਨ ਕੋਠੀਆਂ 'ਤੇ ਵੀ 'ਪੀਲਾ ਪੰਜਾ' ਫੇਰ ਦਿੱਤਾ ਗਿਆ। 6 ਕੋਠੀਆਂ ਵਿਭਾਗ ਵੱਲੋਂ ਸੀਲਾਂ ਲਾ ਕੇ ਮਲਬੇ ਸਮੇਤ ਕਬਜ਼ੇ ਵਿਚ ਲੈ ਲਈਆਂ।
ਇਸ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡੀ. ਡੀ. ਪੀ. ਓ. ਸੁਰਿੰਦਰ ਸਿੰਘ ਢਿੱਲੋਂ, ਨਾਇਬ-ਤਹਿਸੀਲਦਾਰ ਪਰਮਜੀਤ ਜਿੰਦਲ, ਡੀ. ਐੈੱਸ. ਪੀ. ਸੁਖਜਿੰਦਰ ਸਿੰਘ ਰੰਧਾਵਾ, ਬੀ. ਡੀ. ਪੀ. ਓ. ਅਮਰੀਕ ਸਿੰਘ ਬਲਾਕ ਸਨੌਰ, ਐੈੱਸ. ਐੈੱਚ. ਓ. ਗੁਰਨਾਮ ਸਿੰਘ ਬਖਸ਼ੀਵਾਲਾ, ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਇੰਚਾਰਜ ਥਾਣਾ ਅਰਬਨ ਅਸਟੇਟ, ਸ਼ਿਵ ਕਿਰਪਾਲ ਬੇਦੀ, ਬਬੀਤਾ ਸ਼ਰਮਾ, ਐੈੱਸ. ਈ. ਪੀ. ਓ. ਗੁਰਪ੍ਰੀਤ ਸਿੰਘ ਮਾਂਗਟ ਤੇ ਥਾਣਾ ਅਨਾਜ ਮੰਡੀ ਦੇ ਐੈੱਸ. ਐੈੱਚ. ਓ. ਹੈਰੀ ਬੋਪਾਰਾਏ, ਕਾਨੂੰਨਗੋ ਕਰਮਜੀਤ ਸਿੰਘ, ਪ੍ਰਿਤਪਾਲ ਸਿੰਘ ਤੇ ਪਟਵਾਰੀ ਕਮਲਜੀਤ ਸ਼ਰਮਾ ਆਦਿ ਅਧਿਕਾਰੀ ਦਿਨ ਭਰ ਡਟੇ ਰਹੇ। ਕਬਜ਼ੇ ਮੌਕੇ ਨਾਜਾਇਜ਼ ਤੌਰ 'ਤੇ ਵਿਘਨ ਪਾਉਣ ਵਾਲੇ ਵਿਅਕਤੀਆਂ 'ਤੇ ਪੁਲਸ ਨੇ 'ਹੱਥ ਹੌਲਾ' ਵੀ ਕੀਤਾ, ਜਿਸ ਮਗਰੋਂ ਉਹ ਮੌਕੇ ਤੋਂ ਭਜਦੇ ਨਜ਼ਰ ਆਏ।
ਸੜਕਾਂ ਪੁੱਟੀਆਂ, ਚੋਟੀ ਦੇ ਕਾਲੋਨਾਈਜ਼ਰ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ
ਪਿੰਡ ਸਾਹਿਬ ਨਗਰ ਥੇੜੀ ਦੀ ਸ਼ਾਮਲਾਟ ਜ਼ਮੀਨ ਵਿਚ ਨਾਜਾਇਜ਼ ਕਬਜ਼ਾ ਕਰ ਕੇ ਪਟਿਆਲਾ ਦੇ ਚੋਟੀ ਦੇ ਕਾਲੋਨਾਈਜ਼ਰ ਵੱਲੋਂ ਕੱਟੀ ਗਈ ਸਕੀਮ ਦੀਆਂ ਸੜਕਾਂ ਪੁੱਟ ਦਿੱਤੀਆਂ ਗਈਆਂ। ਇਸ ਕਾਰਨ ਕਾਲੋਨਾਈਜ਼ਰ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਪ੍ਰਸ਼ਾਸਨ ਵੱਲੋਂ ਕੀਤੀ ਕਾਰਵਾਈ ਕਾਰਨ ਸਮੁੱਚੇ ਪਲਾਟ ਹੋਲਡਰ ਵੀ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਉਹ ਕਾਲੋਨਾਈਜ਼ਰ ਖਿਲਾਫ ਮਾਣਯੋਗ ਅਦਾਲਤ ਵਿਚ ਜਾ ਸਕਦੇ ਹਨ।