ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਵਿਰੁੱਧ ਕਾਰਵਾਈ
Wednesday, Jun 13, 2018 - 01:24 AM (IST)

ਪਟਿਆਲਾ, (ਜੋਸਨ, ਬਲਜਿੰਦਰ)- ਨਗਰ ਨਿਗਮ ਪਟਿਆਲਾ ਦੇ ਵਧੀਕ ਕਮਿਸ਼ਨਰ ਅੰਕੁਰ ਮਹਿੰਦਰੂ ਨੇ ਅੱਜ ਇਥੇ ਦੱਸਿਆ ਕਿ ਜਿਨ੍ਹਾਂ ਅਦਾਰਿਆਂ/ਯੂਨਿਟਾਂ ਨੇ ਆਪਣੇ ਅਦਾਰੇ ਜਾਂ ਯੂਨਿਟ ਦਾ ਹਾਊਸ ਟੈਕਸ/ਪ੍ਰਾਪਰਟੀ ਟੈਕਸ ਦਾ ਬਕਾਇਆ ਨਗਰ ਨਿਗਮ ਕੋਲ ਜਮ੍ਹਾ ਨਹੀਂ ਕਰਵਾਇਆ, ਉਨ੍ਹਾਂ ਨੂੰ ਇਹ ਟੈਕਸ ਜਮ੍ਹਾ ਨਾ ਕਰਵਾਉਣ ਦੀ ਸੂਰਤ 'ਚ ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 137/138 ਦੇ ਨੋਟਿਸ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਪਰ ਇਨ੍ਹਾਂ ਅਸੈਸੀਆਂ ਵੱਲੋਂ ਇਨ੍ਹਾਂ ਨੋਟਿਸਾਂ ਉਪਰੰਤ ਵੀ ਕੋਈ ਹਾਊਸ ਜਾਂ ਪ੍ਰਾਪਰਟੀ ਟੈਕਸ ਨਗਰ ਨਿਗਮ ਪਟਿਆਲਾ ਵਿਖੇ ਜਮ੍ਹਾ ਨਹੀਂ ਕਰਵਾਇਆ ਗਿਆ।
ਸ਼੍ਰੀ ਅੰਕੁਰ ਮਹਿੰਦਰੂ ਨੇ ਦੱਸਿਆ ਕਿ ਇਸ ਸਬੰਧੀ ਕਾਰਵਾਈ ਕਰਦਿਆਂ ਨਿਗਮ ਦੀ ਹਾਊਸ ਟੈਕਸ ਸ਼ਾਖਾ ਵੱਲੋਂ ਇਕ ਟੀਮ ਸਮੇਤ ਕਾਰਵਾਈ ਕਰਦਿਆਂ ਵੱਖ-ਵੱਖ ਇਲਾਕਿਆਂ ਵਿਚ 2 ਯੂਨਿਟ/ਪ੍ਰਾਪਰਟੀ ਜਿਹੜੀਆਂ ਕਿ ਲੋਅਰ ਮਾਲ ਅਤੇ ਸਬਜ਼ੀ ਮੰਡੀ ਪਟਿਆਲਾ ਦੇ ਨਜ਼ਦੀਕ ਪੈਂਦੀਆਂ ਹਨ ਅਤੇ ਇਨ੍ਹਾਂ ਪ੍ਰਾਪਰਟੀਆਂ ਵਿਚ ਕੁੱਲ 10 ਦੁਕਾਨਾਂ ਸ਼ਾਮਲ ਹਨ, ਸੀਲ ਕਰ ਦਿੱਤੀਆਂ ਗਈਆਂ ਹਨ ਅਤੇ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।
ਵਧੀਕ ਕਮਿਸ਼ਨਰ ਅੰਕੁਰ ਮਹਿੰਦਰੂ ਨੇ ਸਮੂਹ ਦੁਕਾਨਦਾਰਾਂ/ਅਦਾਰਿਆਂ ਦੇ ਮਾਲਕਾਂ ਆਦਿ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਅਸੈਸੀਆਂ ਵਿਰੁੱਧ ਹਾਊਸ/ਪ੍ਰਾਪਰਟੀ ਟੈਕਸ ਦਾ ਕੋਈ ਪੁਰਾਣਾ ਬਕਾਇਆ ਖੜ੍ਹਾ ਹੈ, ਉਸ ਨੂੰ ਤੁਰੰਤ ਨਗਰ ਨਿਗਮ ਪਟਿਆਲਾ ਵਿਖੇ ਜਮ੍ਹਾ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਹਾਊਸ ਟੈਕਸ/ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਉਣ ਦੀ ਸੂਰਤ ਵਿਚ ਨਗਰ ਨਿਗਮ ਵੱਲੋਂ ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 138 ਜਿਸ ਵਿਚ ਸੀਲਿੰਗ ਆਫ਼ ਪ੍ਰਾਪਰਟੀ ਸ਼ਾਮਲ ਹੈ, ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।