ਪ੍ਰਾਪਰਟੀਆਂ ਨੂੰ ਖਰੀਦਣ-ਵੇਚਣ ਸੰਬੰਧੀ ਐੱਨ.ਓ.ਸੀ. ਬਾਰੇ ਮੁਸ਼ਕਲਾਂ ਦਾ ਹੱਲ ਜਲਦ : ਮੰਤਰੀ ਜਿੰਪਾ
Tuesday, Aug 09, 2022 - 01:05 PM (IST)
ਜਲੰਧਰ,(ਧਵਨ) : ਪੰਜਾਬ ਦੇ ਮਾਲੀਆ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਹਮਸ਼ੰਕਰ ਜ਼ਿੰਪਾ ਨੇ ਦੱਸਿਆ ਕਿ ਪ੍ਰਾਪਰਟੀਆਂ ਨੂੰ ਖਰੀਦਣ-ਵੇਚਣ ਸਬੰਧੀ ਐੱਨ. ਓ. ਸੀ. ਬਾਰੇ ਸਮੱਸਿਆਵਾਂ ਦਾ ਹੱਲ ਸਰਕਾਰ ਵੱਲੋਂ ਜਲਦੀ ਹੀ ਕੀਤਾ ਜਾਵੇਗਾ। ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਬੀਤੇ ਦਿਨ ਰੋਪੜ ਅਤੇ ਹੋਰਨਾਂ ਜ਼ਿਲ੍ਹਿਆਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਲੋਕ ਭਲਾਈ ਸਕੀਮਾਂ ਨੂੰ ਤੁਰੰਤ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਬ੍ਰਹਮਸ਼ੰਕਰ ਜਿੰਪਾ ਨੂੰ ਪਹਿਲੀ ਵਾਰ ਰੋਪੜ ਪਹੁੰਚਣ ’ਤੇ ਪੁਲਸ ਮੁਲਾਜ਼ਮਾਂ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਬਾਅਦ ਵਿਚ ਉਨ੍ਹਾਂ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਸ ਵਿਚ ਵਿਧਾਇਕ ਦਿਨੇਸ਼ ਚੱਢਾ ਅਤੇ ਵਿਧਾਇਕ ਡਾ. ਚਰਨਜੀਤ ਸਿੰਘ ਨੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ- ਸਰਕਾਰ ਦੇ ਨਾਲ ਲੋਕਾਂ ਦੇ ਵੀ ਹੋਣਗੇ ਸੁਫ਼ਨੇ ਸਾਕਾਰ, ਬਣਨਗੇ ਨਵੇਂ ਆਯਾਮ
ਇਸ ਤੋਂ ਇਲਾਵਾ ਜਿੰਪਾ ਨੇ ਪ੍ਰਾਪਰਟੀਆਂ ਦੀ ਐੱਨ. ਓ. ਸੀ. ਨੂੰ ਲੈ ਕੇ ਚੱਲ ਰਹੀ ਸਮੱਸਿਆ ’ਤੇ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਸਰਕਾਰ ਵੱਲੋਂ ਜਲਦ ਹੀ ਜਨਤਾ ਦੇ ਹਿੱਤ ’ਚ ਫ਼ੈਸਲਾ ਲਿਆ ਜਾਵੇਗਾ। ਸੂਬੇ ਵਿਚ ਪਟਵਾਰੀਆਂ ਦੀ ਚੱਲ ਰਹੀ ਘਾਟ ਬਾਰੇ ਉਨ੍ਹਾਂ ਕਿਹਾ ਕਿ ਨਵੇਂ ਭਰਤੀ ਕੀਤੇ ਪਟਵਾਰੀਆਂ ਦੀ ਸਿਖਲਾਈ ਦਾ ਸਮਾਂ ਇਕ ਸਾਲ ਤੱਕ ਘਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ 2024 ਤੱਕ ਸੂਬੇ ਵਿਚ ਸਰਫੇਸ ਵਾਟਰ ਪ੍ਰਾਜੈਕਟ ਨੂੰ ਪੂਰਾ ਕਰ ਲਵੇਗੀ। ਇਸ ਦੇ ਨਾਲ ਹੀ ਜ਼ਿਲ੍ਹਿਆਂ ਦੇ ਕਈ ਪਿੰਡਾਂ ਵਿਚ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਵੀ ਲਾਗਾਏ ਜਾਣਗੇ। ਉਨ੍ਹਾਂ ਕਿਹਾ ਕਿ ਹਰ ਜ਼ਿਲੇ ਵਿਚ ਪੀਣ ਵਾਲੇ ਪਾਣੀ ਦੀ 100 ਫੀਸਦੀ ਸੈਂਪਲਿੰਗ ਯਕੀਨੀ ਬਣਾਈ ਜਾਵੇ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।