ਯੋਜਨਾਬੱਧ ਢੰਗ ਨਾਲ ਕੀਤਾ ਜਾਵੇਗਾ ਕੂਡ਼ੇ ਦੀ ਸਮੱਸਿਆ ਦਾ ਨਿਪਟਾਰਾ : ਨਿਗਮ ਕਮਿਸ਼ਨਰ

Friday, Aug 03, 2018 - 05:53 AM (IST)

ਯੋਜਨਾਬੱਧ ਢੰਗ ਨਾਲ ਕੀਤਾ ਜਾਵੇਗਾ ਕੂਡ਼ੇ ਦੀ ਸਮੱਸਿਆ ਦਾ ਨਿਪਟਾਰਾ : ਨਿਗਮ ਕਮਿਸ਼ਨਰ

 ਫਗਵਾਡ਼ਾ,  (ਹਰਜੋਤ, ਰੁਪਿੰਦਰ ਕੌਰ, ਜਲੋਟਾ)-  ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਚਲਾਈ ਗਈ ਸਵੱਛਤਾ ਮੁਹਿੰਮ ਤਹਿਤ ਨਗਰ ਨਿਗਮ ਫਗਵਾਡ਼ਾ ਦੇ ਕਮਿਸ਼ਨਰ ਬਖ਼ਤਾਵਰ ਸਿੰਘ ਵੱਲੋਂ ਅੱਜ ਨਗਰ ਨਿਗਮ ਦੇ ਵਾਰਡ ਨੰਬਰ 19 ਦੇ ਲੋਕਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ‘ਕੂਡ਼ਾ ਪ੍ਰਬੰਧਨ’ ਬਾਰੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਪੁੱਜੀਆਂ ਘਰਾਂ ਦੀਆਂ ਸਵਾਣੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ  ਕਿ ਸ਼ਹਿਰ ’ਚ ਪੂਰੇ ਯੋਜਨਾਬੱਧ ਤਰੀਕੇ ਨਾਲ ਕੂਡ਼ੇ ਦੀ ਸਮੱਸਿਆ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੂਡ਼ੇ ਦੀ ਮੈਨੇਜਮੈਂਟ ‘3-ਆਰ’, ਭਾਵ (ਰਿਡੀਊਸ, ਰੀਸਾਈਕਲ, ਰੀਯੂਜ਼) ’ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਘਰ ਪੱਧਰ ’ਤੇ ਹੀ ਸੁੱਕੇ ਅਤੇ ਗਿੱਲੇ ਕੂਡ਼ੇ ਨੂੰ ਵੱਖਰਾ ਕਰ ਲਿਆ ਜਾਵੇ ਤਾਂ ਸ਼ਹਿਰ ’ਚ ਕੂਡ਼ੇ ਦੀ ਸਮੱਸਿਆ ਨਹੀਂ ਰਹੇਗੀ ਅਤੇ ਇਹ ਕੂਡ਼ਾ ਰੀਸਾਈਕਲ ਹੋ ਕੇ ਮੁਡ਼ ਵਰਤੋਂ ’ਚ ਆ ਸਕਦਾ ਹੈ। ਉਨ੍ਹਾਂ ਦੱਸਿਆ ਕਿ ਫਗਵਾਡ਼ਾ ਸ਼ਹਿਰ ਅੰਦਰ ਥਾਂ-ਥਾਂ ’ਤੇ ਕੂਡ਼ੇ ਨੂੰ ਮੁਡ਼ ਵਰਤੋਂ ਯੋਗ ਬਣਾਉਣ ਲਈ ਪਿਟਸ ਬਣਾਏ ਗਏ ਹਨ, ਜਿਨ੍ਹਾਂ ’ਚ ਕੂਡ਼ੇ ਨੂੰ ਖਾਦ ਵਿਚ ਪਰਵਰਤਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 19 ਨੂੰ ਇਸ ਸਬੰਧੀ ਪਾਈਲਟ ਪ੍ਰੋਜੈਕਟ ਦੇ ਤੌਰ ’ਤੇ ਲਿਆ ਗਿਆ ਹੈ ਅਤੇ ਇਸ ਵਾਰਡ ਦੀਆਂ ਸਡ਼ਕਾਂ ਅਤੇ ਗਲੀਆਂ ’ਚ ਬਿਜਲੀ ਦੇ ਖੰਭਿਆਂ ਦੇ ਨਾਲ ਕੂਡ਼ੇਦਾਨ ਲਗਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧੀ ਨਗਰ ਨਿਗਮ ਦਾ ਸਹਿਯੋਗ ਕਰਨ ਤਾਂ ਜੋ ਯੋਜਨਾਬੱਧ ਢੰਗ ਨਾਲ ਕੂਡ਼ੇ ਦੀ ਸਮੱਸਿਆ ਦਾ ਨਿਪਟਾਰਾ ਕੀਤਾ ਜਾ ਸਕੇ। ਇਸ ਮੌਕੇ ਕੌਂਸਲਰ ਮੁਨੀਸ਼ ਪ੍ਰਭਾਕਰ, ਸੰਜੀਵ ਕੁਮਾਰ ਗੁਪਤਾ, ਚੀਫ ਸੈਨੇਟਰੀ ਇੰਸਪੈਕਟਰ ਜਤਿੰਦਰਪਾਲ ਸਿੰਘ, ਗੁਰਿੰਦਰ ਸਿੰਘ, ਸਹਾਇਕ ਕਾਰਪੋਰੇਸ਼ਨ ਇੰਜੀਨੀਅਰ (ਬਿਜਲੀ) ਮਨਜੀਤ ਇੰਦਰ ਸਿੰਘ ਜੌਹਲ, ਸੈਨੇਟਰੀ ਇੰਸਪੈਕਟਰ ਰਮਨ ਕੁਮਾਰ ਅਤੇ ਸਫ਼ਾਈ ਮੁਲਾਜ਼ਮ ਵੀ ਸ਼ਾਮਲ ਸਨ।
 


Related News