ਰਾਸ਼ਨ ਕਾਰਡ ਕੱਟੇ ਜਾਣ ਕਾਰਨ ਲੋਕਾਂ ''ਚ ਰੋਸ
Sunday, Apr 01, 2018 - 08:31 AM (IST)

ਕਿਸ਼ਨਪੁਰਾ ਕਲਾਂ (ਭਿੰਡਰ) - ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਪੰਜਾਬ ਦੇ ਗਰੀਬ ਵਰਗ ਅਤੇ ਹੋਰ ਲੋੜਵੰਦ ਲੋਕਾਂ ਲਈ ਆਟਾ-ਦਾਲ ਸਕੀਮ ਤਹਿਤ ਸਸਤੇ ਘਰੇਲੂ ਰਾਸ਼ਨ ਦੀ ਵੰਡ ਸ਼ੁਰੂ ਕੀਤੀ ਗਈ ਸੀ। ਪਿਛਲੇ ਲੰਮੇ ਸਮੇਂ ਤੋਂ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਰਹੇ ਪਿੰਡ ਭਿੰਡਰ ਕਲਾਂ ਦੇ ਕੁਝ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਜਾਣ ਕਾਰਨ ਉਨ੍ਹਾਂ 'ਚ ਮੌਜੂਦਾ ਪੰਜਾਬ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਪਿੰਡ ਵਾਸੀਆਂ ਬਚਨ ਸਿੰਘ, ਕਰਮ ਸਿੰਘ, ਅਜਮੇਰ ਸਿੰਘ, ਚੜ੍ਹਤ ਸਿੰਘ, ਮਲਕੀਤ ਸਿੰਘ, ਨਿਰਮਲ ਸਿੰੰਘ, ਅਮਰਜੀਤ ਸਿੰਘ, ਰਾਜ ਸਿੰਘ, ਬਿੱਲੂ ਸਿੰਘ, ਚਾਨਣ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਔਰਤਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਹੁਣ ਸਰਕਾਰ ਦੇ ਬਦਲਦਿਆਂ ਹੀ ਸੱਤਾਧਾਰੀ ਧਿਰ ਨਾਲ ਸਬੰਧਿਤ ਆਗੂਆਂ ਵੱਲੋਂ ਵੋਟਾਂ ਦੀ ਰਾਜਨੀਤੀ ਕਰਦਿਆਂ ਕੁਝ ਗਰੀਬ ਵਰਗ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ, ਜਦਕਿ ਉਹ ਲੰਮੇ ਸਮੇਂ ਤੋਂ ਇਸ ਸਕੀਮ ਤਹਿਤ ਲਗਾਤਾਰ ਸਸਤੀ ਕਣਕ ਲੈ ਰਹੇ ਸਨ, ਜਦੋਂ ਹੁਣ ਡਿਪੂ ਹੋਲਡਰ ਤੋਂ ਉਹ ਕਣਕ ਲੈਣ ਲਈ ਗਏ ਤਾਂ ਡਿਪੂ ਹੋਲਡਰ ਕਹਿਣ ਲੱਗਾ ਕਿ ਤੁਹਾਡਾ ਰਾਸ਼ਨ ਕਾਰਡ ਕੱਟਿਆ ਗਿਆ ਹੈ ਅਤੇ ਤੁਸੀਂ ਧਰਮਕੋਟ ਜਾ ਕੇ ਸਬੰਧਿਤ ਦਫ਼ਤਰ ਨਾਲ ਸੰਪਰਕ ਕਰੋ। ਪਿੰਡ ਵਾਸੀਆਂ ਨੇ ਰਾਸ਼ਨ ਕਾਰਡ ਕੱਟਣ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਸਬੰਧੀ 2 ਅਪ੍ਰੈਲ ਨੂੰ ਡੀ. ਸੀ. ਦਫਤਰ ਅੱਗੇ ਧਰਨਾ ਲਾਉਣਗੇ। ਇਸ ਸਬੰਧੀ ਜਦੋਂ ਡਿਪੂ ਹੋਲਡਰ ਮਲਕੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਇਹ ਰਾਸ਼ਨ ਕਾਰਡ ਸਬੰਧਿਤ ਮਹਿਕਮੇ ਵੱਲੋਂ ਹੀ ਕੱਟੇ ਗਏ ਹਨ, ਇਸ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ, ਜਿਸ ਲਾਭਪਾਤਰੀ ਦੀ ਕਣਕ ਮੇਰੇ ਕੋਲ ਆਈ ਹੈ ਮੈਂ ਉਸ ਨੂੰ ਦੇ ਰਿਹਾ ਹਾਂ।