''ਨਿਜੀ ਥਰਮਲ ਪਲਾਂਟ'' ਬੰਦ ਕਰਨ ਦੀ ਤਿਆਰੀ ''ਚ ਪੰਜਾਬ ਸਰਕਾਰ!
Saturday, Feb 08, 2020 - 09:22 AM (IST)
ਚੰਡੀਗੜ੍ਹ : ਸੂਬੇ 'ਚ ਆਰਥਿਕ ਤੰਗੀ ਦੇ ਚੱਲਦਿਆਂ ਹੁਣ ਪੰਜਾਬ ਸਰਕਾਰ ਨਿਜੀ ਥਰਮਲ ਪਲਾਟਾਂ ਨੂੰ ਬੰਦ ਕਰਨ ਦੀ ਤਿਆਰੀ 'ਚ ਲੱਗੀ ਹੋਈ ਹੈ। ਇਸ ਬਾਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਨ੍ਹਾਂ ਪਲਾਟਾਂ ਨੂੰ ਫੌਰੀ ਬੰਦ ਕੀਤਾ ਜਾਵੇ ਕਿਉਂਕਿ ਇਹ ਲੋਕਾਂ ਦੀਆਂ ਜ਼ਿੰਦਗੀਆਂ ਲਈ ਖਤਰਾ ਬਣ ਚੁੱਕੇ ਹਨ। ਜਾਖੜ ਨੇ ਕਿਹਾ ਕਿ ਸੂਬੇ 'ਚ ਮਹਿੰਗੀ ਬਿਜਲੀ ਤੋਂ ਛੁਟਕਾਰਾ ਪਾਉਣ ਲਈ ਉਹ ਜਲਦੀ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕਰਨਗੇ।
ਇਸ ਦੌਰਾਨ ਉਨ੍ਹਾਂ ਨੇ ਮੰਗ ਕੀਤੀ ਕਿ ਨਿਜੀ ਥਰਮਲ ਪਲਾਟਾਂ ਨੂੰ 2 ਸਾਲਾਂ ਲਈ ਬੰਦ ਕਰਨ ਸਬੰਧੀ ਤੁਰੰਤ ਨਿਰਦੇਸ਼ ਜਾਰੀ ਕੀਤੇ ਜਾਣ। ਜਾਖੜ ਨੇ ਕਿਹਾ ਕਿ ਇਸ ਨਾਲ ਜਿੱਥੇ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ, ਉੱਥੇ ਹੀ ਸਰਕਾਰ ਦੇ ਇਕ ਸਾਲ ਦੇ 2300 ਕਰੋੜ ਦੇ ਹਿਸਾਬ ਨਾਲ 4600 ਕਰੋੜ ਰੁਪਏ ਵੀ ਬਚਣਗੇ। ਜਾਖੜ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਪਿਛਲੇ ਸਾਲ 31 ਦਸੰਬਰ ਤੱਕ ਇਨ੍ਹਾਂ ਪਲਾਟਾਂ 'ਚ ਪ੍ਰਦੂਸ਼ਣ ਰੋਕੂ ਯੰਤਰ ਲੱਗਣੇ ਚਾਹੀਦੇ ਸਨ, ਜੋ ਅਜੇ ਤੱਕ ਨਹੀਂ ਲਾਏ ਗਨ।
ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਨ੍ਹਾਂ ਪਲਾਟਾਂ ਨੂੰ 2 ਸਾਲ ਦਾ ਹੋਰ ਸਮਾਂ ਦੇਣ ਦੀ ਮੰਗ ਕਰਕੇ ਸੂਬੇ ਦੇ ਹਿੱਤਾਂ ਦੇ ਉਲਟ ਕੰਮ ਕੀਤਾ ਹੈ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਜੋ ਨਿੱਜੀ ਥਰਮਲ ਪਲਾਂਟ ਪੰਜਾਬ ਦੇ ਲੋਕਾਂ ਨੂੰ ਪ੍ਰਦੂਸ਼ਣ ਅਤੇ ਘਾਤਕ ਬੀਮਾਰੀਆਂ ਦੇ ਰਹੇ ਹਨ ਅਤੇ ਉਨ੍ਹਾਂ ਬਦਲੇ ਪੰਜਾਬ ਦੇ ਖਜ਼ਾਨੇ 'ਚੋਂ 2300 ਕਰੋੜ ਰੁਪਏ ਸਾਲਾਨਾ ਬਿਨਾਂ ਕਾਰਣ 'ਡਕਾਰ' ਰਹੇ ਹਨ, ਉਨ੍ਹਾਂ ਥਰਮਲ ਪਲਾਂਟਾਂ ਨੂੰ ਬਚਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਉਨ੍ਹਾਂ ਦੀ ਪੈਰਵੀ ਕਰ ਰਿਹਾ ਹੈ।