ਨਿੱਜੀ ਖੰਡ ਮਿੱਲ ਮਾਲਕ ਗੰਨੇ ਦਾ ਮੁੱਲ ਵਧਾਉਣ ਦੇ ਵਿਰੋਧ ''ਚ ਉੱਤਰੇ

11/16/2017 7:03:35 AM

ਚੰਡੀਗੜ੍ਹ (ਭੁੱਲਰ) - ਪੰਜਾਬ ਵਿਚ 7 ਨਿੱਜੀ ਖੰਡ ਮਿੱਲਾਂ ਦੇ ਮਾਲਕ ਖੁੱਲ੍ਹ ਕੇ ਗੰਨੇ ਦਾ ਮੁੱਲ ਵਧਾਉਣ ਦੇ ਵਿਰੋਧ ਵਿਚ ਆ ਗਏ ਹਨ। ਹਰਿਆਣਾ ਵਲੋਂ ਗੰਨੇ ਦਾ ਮੁੱਲ ਵਧਾ ਕੇ 330 ਰੁਪਏ ਕੁਇੰਟਲ ਕੀਤੇ ਜਾਣ ਤੋਂ ਬਾਅਦ ਪੰਜਾਬ ਵਿਚ ਵੀ ਕਿਸਾਨ ਸੰਗਠਨਾਂ ਵਲੋਂ ਮੁੱਲ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਅੱਜ ਪੰਜਾਬ ਦੇ ਨਿੱਜੀ ਖੰਡ ਮਿੱਲ ਮਾਲਕਾਂ ਦੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਮੁੱਲ ਵਧਾਉਣ ਦੀ ਕੀਤੀ ਜਾ ਰਹੀ ਮੰਗ ਦਾ ਵਿਰੋਧ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਐਸੋਸੀਏਸ਼ਨ ਵਲੋਂ ਰਾਜ ਦੇ ਵਿੱਤ ਕਮਿਸ਼ਨਰ ਵਿਕਾਸ ਨੂੰ ਮੰਗ-ਪੱਤਰ ਸੌਂਪ ਕੇ ਆਪਣਾ ਪੱਖ ਰੱਖਦਿਆਂ ਕਿਹਾ ਗਿਆ ਕਿ ਜੇਕਰ ਮੁੱਲ ਵਧਾਏ ਗਏ ਤਾਂ ਵਿੱਤੀ ਹਾਲਤ ਗੜਬੜਾਉਣ ਨਾਲ ਨਿੱਜੀ ਖੰਡ ਮਿੱਲ ਮਾਲਕ ਕਿਸਾਨਾਂ ਨੂੰ ਅਦਾਇਗੀ ਕਰਨ ਤੋਂ ਅਸਮਰੱਥ ਹੋ ਜਾਣਗੇ।
ਐਸੋਸੀਏਸ਼ਨ ਦੇ ਨੇਤਾ ਰਾਣਾ ਇੰਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਖੰਡ ਦੀ ਕੀਮਤ ਜੋ ਪਹਿਲਾਂ 3700 ਰੁਪਏ ਤੱਕ ਸੀ, ਹੁਣ ਘਟ ਕੇ 3500 ਰੁਪਏ ਤੱਕ ਪਹੁੰਚ ਗਈ ਹੈ। ਜੇਕਰ ਅਜਿਹੀ ਹਾਲਤ ਵਿਚ ਮੁੱਲ ਵਧਾਏ ਜਾਣਗੇ ਤਾਂ ਨਿੱਜੀ ਮਿੱਲ ਮਾਲਕਾਂ ਨੂੰ 150 ਤੋਂ 200 ਰੁਪਏ ਪ੍ਰਤੀ ਕੁਇੰਟਲ ਦਾ ਘਾਟਾ ਹੋਣ ਦੀ ਸ਼ੰਕਾ ਹੈ, ਜਦਕਿ ਮਿੱਲਾਂ ਦੀ ਹਾਲਤ ਪਹਿਲਾਂ ਹੀ ਚੰਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਗੰਨੇ ਦਾ ਮੁੱਲ ਵਧਾਉਣਾ ਮਾਮਲੇ ਦਾ ਹੱਲ ਨਹੀਂ ਹੈ ਬਲਕਿ ਰੰਗਰਾਜਨ ਦੀਆਂ ਸਿਫਾਰਿਸ਼ਾਂ ਲਾਗੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਖੰਡ ਦੀ ਦਰਾਮਦ ਹੋਣ ਦੇ ਕਾਰਨ ਵੀ ਮਿੱਲ ਮਾਲਕਾਂ ਦੀਆਂ ਚਿੰਤਾਵਾਂ ਵਧੀਆਂ ਹਨ। ਪੰਜਾਬ ਦੇ ਕਿਸਾਨਾਂ ਵਲੋਂ ਫਸਲਾਂ ਦੇ ਲਾਭਕਾਰੀ ਮੁੱਲ ਨਾ ਮਿਲਣ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਹੋਰ ਫਸਲਾਂ ਵਿਚ ਘਾਟਾ ਹੋ ਸਕਦਾ ਹੈ ਪਰ ਗੰਨੇ ਵਿਚ ਕਿਸਾਨਾਂ ਨੂੰ ਘਾਟਾ ਨਹੀਂ ਹੁੰਦਾ ਕਿਉਂਕਿ ਪ੍ਰਤੀ ਏਕੜ 40-50 ਕੁਇੰਟਲ ਤੱਕ ਪੈਦਾਵਾਰ ਹੁੰਦੀ ਹੈ ਤੇ ਇਸ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ। ਹਰਿਆਣਾ ਵਿਚ ਸਰਕਾਰ ਵਲੋਂ 330 ਰੁਪਏ ਮੁੱਲ ਦਿੱਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਇਥੇ ਜ਼ਿਆਦਾਤਰ ਮਿੱਲਾਂ ਸਹਿਕਾਰੀ ਹਨ ਤੇ ਉਨ੍ਹਾਂ ਨੂੰ ਖੁਦ ਸਰਕਾਰ ਚਲਾਉਂਦੀ ਹੈ ਤੇ ਸਹਾਇਤਾ ਦਿੰਦੀ ਹੈ। ਪ੍ਰੈੱਸ ਕਾਨਫਰੰਸ ਵਿਚ ਐਸੋਸੀਏਸ਼ਨ ਦੇ ਪ੍ਰਤੀਨਿਧ ਹਰੀਸ਼ ਪਾਹਵਾ, ਰਾਜਿੰਦਰ ਚੱਢਾ ਅਤੇ ਐੱਸ. ਵਾਹਿਦ ਵੀ ਮੌਜੂਦ ਸਨ।


Related News