ਡਰਾਈ ਹੋਏ ਪ੍ਰਾਈਵੇਟ ਤੇਲ ਕੰਪਨੀਆਂ ਦੇ ਜ਼ਿਆਦਾਤਰ ਪੈਟਰੋਲ ਪੰਪ, ਵਧੀ ਵਾਹਨ ਚਾਲਕਾਂ ਦੀ ਭੀੜ

Tuesday, Mar 08, 2022 - 02:44 PM (IST)

ਲੁਧਿਆਣਾ (ਖੁਰਾਣਾ) : ਪੰਜਾਬ ਭਰ ’ਚ ਪ੍ਰਾਈਵੇਟ ਪੈਟਰੋਲੀਅਮ ਕੰਪਨੀਆਂ ਨਾਲ ਸਬੰਧਿਤ ਜ਼ਿਆਦਾਤਰ ਪੈਟਰੋਲ ਪੰਪ ਪਿਛਲੇ ਕਰੀਬ 3-4 ਦਿਨਾਂ ਤੋਂ ਡਰਾਈ ਪਏ ਹੋਏ ਹਨ, ਜਿਸ ਕਾਰਨ ਜਿੱਥੇ ਸਰਕਾਰੀ ਤੇਲ ਕੰਪਨੀਆਂ ਦੇ ਪੈਟਰੋਲ ਪੰਪਾਂ ’ਤੇ ਵਾਹਨ ਚਾਲਕਾਂ ਦੀ ਭਾਰੀ ਭੀੜ ਜੁੱਟਣ ਲੱਗੀ ਹੈ, ਉੱਥੇ ਰਿਲਾਇੰਸ ਅਤੇ ਐੱਸ. ਆਰ. ਤੇਲ ਕੰਪਨੀਆਂ ਦੇ ਡੀਲਰਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨਾ ਮਿਲਣ ਕਾਰਨ ਡੀਲਰਾਂ ਵਿਚ ਵੀ ਗੁੱਸੇ ਦੀ ਲਹਿਰ ਹੈ। ਡੀਲਰਾਂ ਦੇ ਪੈਟਰੋਲ ਪੰਪਾਂ ’ਤੇ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਨਾ ਪੁੱਜਣ ਕਾਰਨ ਜਿੱਥੇ ਡੀਲਰਾਂ ਵਿਚ ਬਦਨਾਮੀ ਹੋਣ ਦਾ ਡਰ ਬਣਿਆ ਹੋਇਆ ਹੈ, ਉਥੇ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ।

ਉਕਤ ਮਾਮਲੇ ਨੂੰ ਲੈ ਕੇ ਡੀਲਰਾਂ ਵੱਲੋਂ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ ਇਕ ਆਡੀਓ ਕਲਿੱਪ ਵਿਚ ਪ੍ਰਾਈਵੇਟ ਤੇਲ ਕੰਪਨੀਆਂ ਦੇ ਡਿਪੂ ’ਤੇ ਧਰਨਾ ਦੇਣ ਅਤੇ ਅਧਿਕਾਰੀਆਂ ਵੱਲੋਂ ਡੀਲਰਾਂ ਦੇ ਫੋਨ ਤੱਕ ਨਾ ਚੁੱਕਣ ਦਾ ਦਾਅਵਾ ਕੀਤਾ ਜਾ ਰਹਾ ਹੈ। ਡੀਲਰਾਂ ਦਾ ਦਾਅਵਾ ਹੈ ਕਿ ਸ਼ਾਮ ਢਲਣ ਤੋਂ ਬਾਅਦ ਕਰੀਬ 7 ਵਜੇ ਹੀ ਉਨ੍ਹਾਂ ਨੂੰ ਆਪਣੇ ਪੰਪਾਂ ਦੀਆਂ ਲਾਈਟਾਂ ਬੰਦ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼ਨੀਵਾਰ, ਐਤਵਾਰ, ਸੋਮਵਾਰ ਮਤਲਬ ਪਿਛਲੇ ਕਰੀਬ 3 ਦਿਨਾਂ ਤੋਂ ਉਨ੍ਹਾਂ ਦੇ ਪੰਪਾਂ ’ਤੇ ਇਕ ਬੂੰਦ ਤੇਲ ਦੀ ਸਪਲਾਈ ਨਹੀਂ ਉਤਰੀ ਹੈ, ਜਿਸ ਵਿਚ ਸਬੰਧਿਤ ਅਧਿਕਾਰੀਆਂ ਨੂੰ ਕੋਈ ਸ਼ਰਮ ਨਹੀਂ ਆ ਰਹੀ ਕਿਉਂਕਿ ਅਧਿਕਾਰੀ ਡੀਲਰਾਂ ਨੂੰ ਤੇਲ ਦੀ ਸਪਲਾਈ ਦੇਣਾ ਤਾਂ ਦੂਰ ਉਨ੍ਹਾਂ ਦਾ ਫੋਨ ਤੱਕ ਚੁੱਕਣਾ ਮੁਨਾਸਿਬ ਨਹੀਂ ਸਮਝ ਰਹੇ।

ਪ੍ਰਾਈਵੇਟ ਕੰਪਨੀਆਂ ਨਾਲ ਸਬੰਧਿਤ ਇਕ ਪ੍ਰਮੁੱਖ ਡੀਲਰ ਦੀ ਮੰਨੀਏ ਤਾਂ ਪੰਜਾਬ ਭਰ ਨਾਲ ਸਬੰਧਿਤ ਪੇਂਡੂ ਇਲਾਕਿਆਂ ਨਾਲ ਜੁੜੇ ਲਗਭਗ ਸਾਰੇ ਪੈਟਰੋਲ ਪੰਪ ਪਿਛਲੇ 3-4 ਦਿਨਾਂ ਤੋਂ ਪੂਰੀ ਤਰ੍ਹਾਂ ਸੁੱਕੇ ਪਏ ਹਨ। ਡੀਲਰ ਮੁਤਾਬਕ ਤੇਲ ਦੀ ਸਪਲਾਈ ਵਿਚ ਆਈ ਭਾਰੀ ਕਿੱਲਤ ਦਾ ਮੁੱਖ ਕਾਰਨ ਜਿੱਥੇ ਕਿਸਾਨਾਂ ਵੱਲੋਂ ਆਗਾਮੀ ਦਿਨਾਂ ਵਿਚ ਕਣਕ ਦੀ ਕਟਾਈ ਅਤੇ ਝੋਨੇ ਦੀ ਬਿਜਾਈ ਦੇ ਲਈ ਡੀਜ਼ਲ ਨੂੰ ਸਟੋਰ ਕਰਨਾ ਦੱਸਿਆ ਜਾ ਰਿਹਾ ਹੈ, ਉੱਥੇ 8 ਮਾਰਚ ਤੋਂ ਤੇਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਣਾ ਵੀ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਇਕ-ਦੋ ਦਿਨਾਂ ’ਚ ਤੇਲ ਦੀਆਂ ਕੀਮਤਾਂ ਵਿਚ 10 ਤੋਂ 30 ਰੁਪਏ ਪ੍ਰਤੀ ਲਿਟਰ ਦੇ ਹੋਣ ਵਾਲੇ ਸੰਭਾਵਿਤ ਵਾਧੇ ਕਾਰਨ ਵੱਡੇ ਉਦਯੋਗਿਕ ਘਰਾਣੇ ਕਿਸਾਨ ਅਤੇ ਆਮ ਆਦਮੀ ਤੇਲ ਦੀ ਜਮ੍ਹਾਂਖੋਰੀ ਕਰਨ ’ਚ ਜੁੱਟ ਗਏ ਹਨ, ਜਿਸ ਕਾਰਨ ਲਗਭਗ ਸਾਰੇ ਪੈਟਰੋਲ ਪੰਪ ਸਮੇਂ ਤੋਂ ਪਹਿਲਾ ਸੁੱਕਣ ਲੱਗੇ ਹਨ।
 


Babita

Content Editor

Related News