ਪ੍ਰਾਈਵੇਟ ਕੰਪਨੀ ਵੱਲੋਂ ਸਰਕਾਰ ਨੂੰ ਲਾਇਆ ਜਾ ਰਿਹੈ ਲੱਖਾ ਦਾ ਚੂਨਾ
Sunday, Aug 05, 2018 - 03:56 AM (IST)
ਬਟਾਲਾ, (ਸਾਹਿਲ)- ਅੱਜ ਕਲਾਨੌਰ ਦੇ ਮੈਂਬਰ ਪੰਚਾਇਤ ਰਾਜੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਨਵੀਂ ਕੇਬਲ ਨੈੱਟਵਰਕ ਦਾ ਪ੍ਰਸਾਰਣ ਕਰਨ ਵਾਲੀ ਕੰਪਨੀ ਵੱਲੋਂ ਸਡ਼ਕਾਂ ’ਚ ਕੇਬਲ ਪਾਉਣ ਦੇ ਨਾਂ ’ਤੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ। ਰਾਜੇਸ਼ ਕੁਮਾਰ ਨੇ ਦਸਿਆ ਕਿ ਸਡ਼ਕਾਂ ’ਚ ਅੰਡਰ-ਗਰਾਊਂਡ ਕੇਬਲ ਪਾਉਣ ਦੇ ਲਈ ਪੀ. ਡਬਲਯੂ ਡੀ. ਵਿਭਾਗ ਤੋਂ ਇਜਾਜਤ ਲੈਣੀ ਪੈਂਦੀ ਹੈ ਅਤੇ ਪ੍ਰਤੀ ਕਿਲੋਮੀਟਰ 50 ਹਜ਼ਾਰ ਰੁਪਏ ਪੀ. ਡਬਲਯੂ. ਡੀ. ਵਿਭਾਗ ਤੋਂ ਬਤੌਰ ਗਰੰਟੀ ਜਮਾਂ ਕਰਵਾਉਣੇ ਪੈਂਦੇ ਹਨ ਪਰ ਜੇ 1 ਸਾਲ ’ਚ ਉਸ ਸਡ਼ਕ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਵਿਭਾਗ ਦੇ ਕੋਲ ਉਸ ਜਮਾਂ ਰਾਸ਼ੀ ਨੂੰ ਜਬਤ ਕਰਨ ਦਾ ਅਧਿਕਾਰ ਹੈ।
ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਕ ਕੇਬਲ ਨੈੱਟਵਰਕ ਕੰਪਨੀ ਵੱਲੋਂ ਡੇਰਾ ਰੋਡ ਬਾਈਪਾਸ ਬਟਾਲਾ ਪੁਲ ਦੇ ਹੇਠਾਂ ਤੋਂ ਰਾਏ ਚੱਕ ਤਕ ਅੰਡਰ ਗਰਾਊਂਡ ਕੇਬਲ ਪਾਈ ਗਈ ਹੈ ਜੋ ਕਿ 22 ਕਿਲੋਮੀਟਰ ਤਕ ਬਣਦੀ ਹੈ, ਪਰ ਉਕਤ ਕੰਪਨੀ ਦੇ ਕੋਲ ਕੇਵਲ 8 ਕਿਲੋਮੀਟਰ ਤਕ ਕੇਬਲ ਪਾਉਣ ਦੀ ਇਜ਼ਾਜਤ ਹੈ ਜਿਸ ਨਾਲ ਪੰਜਾਬ ਸਰਕਾਰ ਨੂੰ ਲੱਖਾ ਰੁਪਇਆ ਦਾ ਚੂਨਾ ਲਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਉਕਤ ਕੰਪਨੀ ਇਸ ਤੋਂ ਪਹਿਲਾ ਵੀ ਡੇਰਾ ਬਾਬਾ ਨਾਨਕ ਤਕ ਕੇਬਲ ਪਾਉਣ ਦੀ ਫਿਰਾਕ ’ਚ ਹੈ ਜੋ 14 ਕਿਲੋਮੀਟਰ ਬਣਦਾ ਹੈ। ਉਕਤ ਸਡ਼ਕ ’ਤੇ ਕੇਬਲ ਪਾਉਣ ਲਈ ਮਸ਼ੀਨਾਂ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਕੇਬਲ ਚੈਨ ਕੂਪੀ ਦੀ ਮਦਦ ਨਾਲ ਪਾਈ ਜਾ ਰਹੀ ਹੈ ਜੋ ਕਿ ਕਾਨੂੰਨੀ ਤੌਰ ’ਤੇ ਨਾਜਾਇਜ਼ ਹੈ। ਉਨ੍ਹਾਂ ਕਿਹਾ ਕਿ ਲਿੰਕ ਸਡ਼ਕਾਂ ਅਤੇ ਪੁਲਾਂ ਨੂੰ ਤੋਡ਼ ਕੇ ਕੇਬਲ ਪਾਈ ਜਾ ਰਹੀ ਹੈ। ਜਿਸ ਨਾਲ ਸਡ਼ਕਾਂ ਬੈਠ ਗਈਆਂ ਹਨ ਪਰ ਪ੍ਰਸ਼ਾਸਨ ਸੁੱਤਾ ਪਿਆ ਹੈ ਅਤੇ ਵਿਭਾਗ ਨੂੰ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਦੀ ਸ਼ਿਕਾਇਤ ਪੰਜਾਬ ਸਰਕਾਰ, ਸੰਬਧਤ ਵਿਭਾਗ ਦੇ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਵੀ ਕਰਨ ਜਾ ਰਹੇ ਹਨ ਜਿਸ ਨਾਲ ਸਰਕਾਰ ਨੂੰ ਹੋ ਰਹੇ ਲੱਖਾਂ ਦੇ ਨੁਕਸਾਨ ਨੂੰ ਬਚਾਇਆ ਜਾ ਸਕੇ। ਰਾਜੇਸ਼ ਕੁਮਾਰ ਨੇ ਸੰਬਧਿਤ ਵਿਭਾਗ ਦੇ ਲੋਕਲ ਅਧਿਕਾਰੀਆਂ ਨੂੰ ਸ਼ਿਕਾਹਿਤ ਕੀਤੀ ਸੀ ਪਰ ਉਨ੍ਹਾਂ ਵਲੋਂ ਕੋਈ ਕਾਰਵਾਈ ਨਹੀ ਕੀਤੀ ਗਈ।
ਕੀ ਕਹਿਣਾ ਐਕਸੀਅਨ ਦਾ
ਇਸ ਸੰਬੰਧੀ ਜਦੋ ਪੀ. ਡਬਲਯੂ. ਡੀ. ਦੇ ਐਕਸੀਅਨ ਹਰਜੋਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋ ਰਿਹਾ ਹੈ ਤਾਂ ਬਹੁਤ ਹੀ ਗਲਤ ਹੈ। ਉਹ ਇਸ ਦੀ ਬਾਰੀਕੀ ਨਾਲ ਜਾਂਚ ਕਰਨਗੇ ਅਤੇ ਜੇਕਰ ਕੁਝ ਗਲਤ ਹੋ ਰਿਹਾ ਹੈ ਤਾਂ ਉਸ ਕੰਪਨੀ ਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।
