ਪ੍ਰਾਈਵੇਟ ਬੱਸਾਂ ਦੇ ਆਰਜ਼ੀ ਅੱਡਿਆਂ ਕਾਰਨ ਟ੍ਰੈਫਿਕ ਸਮੱਸਿਆ ਜਿਉਂ ਦੀ ਤਿਉਂ
Sunday, Jul 29, 2018 - 06:00 AM (IST)
ਅਜਨਾਲਾ, (ਫਰਿਆਦ)- ਸਥਾਨਕ ਸ਼ਹਿਰ ’ਚ ਪਿਛਲੇ ਲੰਮੇ ਸਮੇਂ ਤੋਂ ਦੇਖਣ ’ਚ ਅਾ ਰਿਹਾ ਹੈ ਕਿ ਟ੍ਰੈਫਿਕ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ, ਜਦੋਂ ਕਿ ਸਬੰਧਤ ਪ੍ਰਸ਼ਾਸਨ ਕੁੰਭਕਰਨੀ ਸੁੱਤਾ ਹੋਣ ਕਾਰਨ ਆਮ ਰਾਹਗੀਰਾਂ ਤੋਂ ਇਲਾਵਾ ਐਮਰਜੈਂਸੀ ਸਮੱਸਿਆਵਾਂ ਨਾਲ ਸਬੰਧਤ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਖਣ-ਸੁਣਨ ’ਚ ਆਉਂਦਾ ਹੈ ਕਿ ਗਰੀਬ ਰੇਹਡ਼ੀਆਂ-ਫਡ਼੍ਹੀਆਂ ਵਾਲਿਆਂ ’ਤੇ ਪ੍ਰਸ਼ਾਸਨ ਦਾ ਡੰਡਾ ਤਾਂ ਚੱਲਦਾ ਹੈ ਪਰ ਨਾਜਾਇਜ਼ ਬੱਸ ਅੱਡਿਆਂ ’ਤੇ ਪ੍ਰਾਈਵੇਟ ਬੱਸਾਂ ਖਡ਼੍ਹੀਆਂ ਕਰਦੇ ਮਾਲਕ ਤੇ ਸ਼ਹਿਰ ’ਚ ਖਰੀਦੋ-ਫਰੋਖਤ ਕਰਨ ਆਏ ਅਮੀਰ ਵਿਅਕਤੀ ਆਪਣੀਆਂ ਗੱਡੀਆਂ ਸਡ਼ਕਾਂ ’ਤੇ ਜਿਥੇ ਮਰਜ਼ੀ ਖਡ਼੍ਹੀਆਂ ਕਰ ਦਿੰਦੇ ਹਨ ਪਰ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਹੁੰਦੀ, ਜਿਸ ਕਾਰਨ ਟ੍ਰੈਫਿਕ ਸਮੱਸਿਆ ਵਿਕਰਾਲ ਰੂਪ ਧਾਰ ਜਾਂਦੀ ਹੈ।
ਸ਼ਹਿਰ ’ਚ ਡੇਰਾ ਬਾਬਾ ਨਾਨਕ, ਚੋਗਾਵਾਂ, ਫਤਿਹਗਡ਼੍ਹ ਚੂਡ਼ੀਆਂ ਆਦਿ ਸੜਕਾਂ ’ਤੇ ਓਵਰਲੋਡ ਵਾਹਨਾਂ ਦੇ ਨਾਲ-ਨਾਲ ਸਰਕਾਰੀ ਬੱਸਾਂ ਦੇ ਟਾਈਮ ’ਤੇ ਨਾਜਾਇਜ਼ ਤੌਰ ’ਤੇ ਚੱਲ ਰਹੀਆਂ ਪ੍ਰਾਈਵੇਟ ਬੱਸਾਂ ਦੇ ਆਰਜ਼ੀ ਅੱਡੇ 1-1 ਕਿਲੋਮੀਟਰ ਤੱਕ ਆਵਾਜਾਈ ਸਮੱਸਿਆ ’ਚ ਅਡ਼ਚਨ ਪੈਣ ਦਾ ਸਬੱਬ ਬਣ ਰਹੇ ਹਨ, ਜਿਸ ਕਾਰਨ ਆਮ ਰਾਹਗੀਰਾਂ ਨੂੰ ਘੰਟਿਆਂਬੱਧੀ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਸਮਾਜ ਸੇਵਕ ਤੇ ਐਡਵੋਕੇਟ ਨਾਨਕ ਸਿੰਘ, ਰਾਜੂ ਮਸੀਹ ਉਮਰਪੁਰਾ ਤੇ ਕਿਸਾਨ ਆਗੂ ਸਵਿੰਦਰ ਸਿੰਘ ਬੱਲ ਨੇ ਕਿਹਾ ਕਿ ਰੇਤਾ ਦੀਆਂ ਓਵਰਲੋਡ ਟਰੈਕਟਰ-ਟਰਾਲੀਆਂ, ਟਰੱਕ ਆਦਿ ਸ਼ਹਿਰ ’ਚ ਸੀਵਰੇਜ ਕਾਰਨ ਧੱਸ ਚੁੱਕੀਆਂ ਸਡ਼ਕਾਂ ਕਾਰਨ ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ। ਉਥੇ ਚਿੱਟੇ ਦਿਨ ਢੋਆ-ਢੁਆਈ ਕਰ ਕਰ ਕੇ ਆਵਜਾਈ ਸਮੱਸਿਆ ’ਚ ਵਾਧਾ ਕਰ ਰਹੇ ਹਨ। ਉਕਤ ਆਗੂਆਂ ਤੋਂ ਇਲਾਵਾ ਆਮ ਰਾਹਗੀਰਾਂ ਨੇ ਸਬੰਧਤ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ’ਚ ਬਣੇ ਆਰਜ਼ੀ ਬੱਸ ਅੱਡਿਆਂ, ਰੇਤ ਆਦਿ ਸਨਅਤੀ ਕਾਰੋਬਾਰ ’ਚ ਨਾਜਾਇਜ਼ ਤੌਰ ’ਤੇ ਚੱਲ ਰਹੇ ਓਵਰਲੋਡ ਟਰੱਕ, ਟਰੈਕਟਰ-ਟਰਾਲੀਆਂ ’ਤੇ ਸ਼ਿਕੰਜਾ ਕੱਸ ਕੇ ਆਵਾਜਾਈ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ।
