ਫਿਰ ਵਿਵਾਦਾਂ ’ਚ ਘਿਰੀ ਫਰੀਦਕੋਟ ਜੇਲ੍ਹ, ਸਹਾਇਕ ਸੁਪਰਡੈਂਟ 'ਤੇ ਲੱਗੇ ਇਹ ਗੰਭੀਰ ਇਲਜ਼ਾਮ

02/03/2023 11:53:30 AM

ਫਰੀਦਕੋਟ (ਜਗਤਾਰ) : ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਅਕਸਰ ਵਿਵਾਦਾਂ ਵਿਚ ਘਿਰੀ ਰਹਿੰਦੀ ਹੈ। ਹਾਲ ਹੀ ਵਿਚ ਇਸ ਜੇਲ੍ਹ ਵਿਚ ਬੰਦ ਇਕ ਕੈਦੀ ਵੱਲੋਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਤੇ ਕੁੱਟਮਾਰ ਕਰ ਕੇ ਜੇਲ੍ਹ ਦੀਆ ਚੱਕੀਆ ਵਿਚ ਬੰਦ ਕਰਨ ਦੇ ਇਲਜ਼ਾਮ ਲਏ ਗਏ ਹਨ। ਜਿਸ ਨੇ ਆਪਣੀ ਹੋਈ ਕੁਟਮਾਰ ਦਾ ਇਨਸਾਫ਼ ਲੈਣ ਲਈ ਅਤੇ ਇਲਾਜ ਕਰਵਾਉਣ ਲਈ ਮਾਨਯੋਗ ਅਦਾਲਤ ਦਾ ਸਹਾਰਾ ਲਿਆ ਹੈ। ਜਾਣਕਾਰੀ ਮੁਤਾਬਕ ਮਾਨਯੋਗ ਅਦਾਲਤ ਦੇ ਹੁਕਮਾਂ 'ਤੇ ਪੀੜਤ ਕੈਦੀ ਨੂੰ ਮੈਡੀਕਲ ਜਾਂਚ ਅਤੇ ਇਲਾਜ ਲਈ ਫਰੀਦਕੋਟ ਦੇ ਜੀ. ਜੀ. ਐੱਸ. ਮੈਡੀਕਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਿੱਥੇ ਕੈਦੀ ਵੱਲੋਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਗਏ ਹਨ ਉੱਥੇ ਹੀ ਜੇਲ੍ਹ ਸੁਪਰਡੈਂਟ ਸੰਜੀਵ ਅਰੋੜਾ ਵੱਲੋਂ ਕੈਦੀ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ।

ਇਹ ਵੀ ਪੜ੍ਹੋ- ਕਣਕ ਦੇ ਖੇਤ 'ਚ ਡਿੱਗੀ ਬੱਚੇ ਦੀ ਚੱਪਲ, ਤੈਸ਼ 'ਚ ਆਏ ਠੇਕੇਦਾਰ ਨੇ ਦਿੱਤੀ ਦਿਲ ਝੰਜੋੜ ਦੇਣ ਵਾਲੀ ਸਜ਼ਾ

ਇਲਾਜ ਲਈ ਫਰੀਦਕੋਟ ਦੇ ਜੀ. ਜੀ. ਐੱਸ ਮੈਡੀਕਲ ਹਸਪਤਾਲ ਵਿਚ ਲਿਆਂਦੇ ਗਏ ਕੈਦੀ ਮਨਪ੍ਰੀਤ ਸਿੰਘ ਮਨੀ ਨੇ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਸੀ ਤਾਂ ਉਸ ਨੇ ਜੇਲ੍ਹ ਸਟਾਫ਼ ਨੂੰ ਆਪਣਾ ਇਲਾਜ ਕਰਵਾਉਣ ਲਈ ਹਸਪਤਾਲ ਲਿਜਾਣ ਬਾਰੇ ਕਿਹਾ ਸੀ। ਜਿਸ ਤੋਂ ਗੁੱਸੇ 'ਚ ਆਏ ਸਹਾਇਕ ਸੁਪਰਡੈਂਟ ਜੇਲ੍ਹ, ਜੋ ਨਵਾਂ ਹੀ ਹੌਲਦਾਰ ਤੋਂ ਡਿਪਟੀ ਬਣਿਆ ਹੈ,  ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਜੇਲ੍ਹ ਅੰਦਰ ਚੱਕੀਆਂ ਵਿਚ ਬੰਦ ਕਰ ਦਿੱਤਾ। ਉਸ ਨੇ ਦੱਸਿਆ ਕਿ ਰਾਤ ਵੇਲੇ ਉਸ ਨੂੰ ਦੌਰਾ ਪੈ ਗਿਆ ਤਾਂ ਮੌਕੇ ਤੇ ਤਾਇਨਾਤ ਜੇਲ੍ਹ ਸੁਰੱਖਿਆ ਕਰਮੀ ਵੱਲੋਂ ਉਸ ਨੂੰ ਜੇਲ੍ਹ ਦੇ ਹਸਪਤਾਲ ਵਿਚ ਇਲਾਜ ਲਈ ਲਜਾਇਆ ਗਿਆ, ਜਿੱਥੇ ਸਹਾਇਕ ਸੁਪਰਡੈਂਟ ਨੇ ਮੁੜ ਤੋਂ ਉਸਦੀ ਕੁੱਟਮਾਰ ਕੀਤੀ। ਹੁਣ ਉਸ ਨੂੰ ਇਲਾਜ ਲਈ ਇੱਥੇ ਲਿਆਇਆ ਗਿਆ ਹੈ। 

ਇਹ ਵੀ ਪੜ੍ਹੋ- ਸੜਕ ਹਾਦਸੇ ਨੇ ਉਜਾੜੀਆਂ ਦੋ ਪਰਿਵਾਰਾਂ ਦੀਆਂ ਖ਼ੁਸ਼ੀਆਂ, ਭਰੀ ਜਵਾਨੀ 'ਚ ਜਹਾਨੋਂ ਤੁਰ ਗਏ ਨੌਜਵਾਨ

ਇਸ ਪੂਰੇ ਮਾਮਲੇ ਬਾਰੇ ਜਦ ਜੇਲ੍ਹ ਸੁਪਰਡੈਂਟ ਸੰਜੀਵ ਅਰੋੜਾ ਨਾਲ ਗੱਲ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਜੇਲ੍ਹ ਦੇ ਅੰਦਰ ਕੰਮਕਾਰ ਵਿਚ ਵਿਅਸਤ ਹਨ, ਇਸ ਲਈ ਮਿਲ ਨਹੀਂ ਸਕਦੇ। ਉਨ੍ਹਾਂ ਕਿਹਾ ਕਿ  ਮਨਪ੍ਰੀਤ ਮਨੀ ਵੱਲੋਂ ਲਗਾਏ ਗਏ ਸਾਰੇ ਇਲਜ਼ਾਮ ਝੂਠੇ ਹਨ ਹਨ ਅਤੇ ਉਸ ਵੱਲੋਂ ਕਿਸੇ ਦੀ ਵੀ ਕੁੱਟਮਾਰ ਨਹੀਂ ਕੀਤੀ ਗਈ। ਉਸ ਨੇ ਦੱਸਿਆ ਕਿ ਮਾਮਲਾ ਮਾਨਯੋਗ ਅਦਾਲਤ ਵਿਚ ਹੈ ਅਤੇ ਜੋ ਵੀ ਤਫਤੀਸ਼ ਵਿਚ ਸਾਹਮਣੇ ਆਵੇਗਾ ਉਸ ਤੋਂ ਪਤਾ ਲੱਗ ਜਾਵੇਗਾ ਕਿ ਸੱਚ ਕੀ ਹੈ?ਇਸ ਮੌਕੇ ਪੀੜਤ ਕੈਦੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੇਲ੍ਹ ਦੇ ਸਹਾਇਕ ਸੁਪਰਡੈਂਟ ਵੱਲੋਂ ਮਨਪ੍ਰੀਤ ਦੀ ਨਾਜਾਇਜ਼ ਕੁੱਟਮਾਰ ਕੀਤੀ ਗਈ ਹੈ। ਕੁੱਟਮਾਰ ਕਰਨ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਜ਼ਖ਼ਮੀ ਹੋਏ ਮਨਪ੍ਰੀਤ ਮਨੀ ਨੂੰ ਇਲਾਜ ਲਈ ਹਸਪਤਾਲ ਵੀ ਦਾਖ਼ਲ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਜਦੋਂ ਮਨਪ੍ਰੀਤ ਮਨੀ ਦੀ ਕੁੱਟਮਾਰ ਬਾਰੇ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਮਾਨਯੋਗ ਅਦਾਲਤ ਦਾ ਸਹਾਰਾ ਲੈ ਕੇ ਉਸ ਨੂੰ ਅੱਜ ਇਲਾਜ ਲਈ ਫਰੀਦਕੋਟ ਦੇ ਜੀ. ਜੀ. ਐੱਸ. ਮੈਡੀਕਲ ਹਸਪਤਾਲ ਵਿਚ ਲਿਆਂਦਾ। ਇਸ ਤੋਂ ਇਲਾਵਾ ਮਨਪ੍ਰੀਤ ਦੇ ਪਰਿਵਾਰ ਨੇ ਸਰਕਾਰ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News