ਸੈਂਟਰਲ ਜੇਲਾਂ ’ਚ ਕੱਚਾ ਮਾਲ ਦੇ ਕੇ ਸਾਮਾਨ ਤਿਆਰ ਕਰਵਾ ਸਕਣਗੇ ਉਦਯੋਗਪਤੀ
Saturday, Jul 07, 2018 - 04:14 AM (IST)

ਲੁਧਿਆਣਾ(ਸਿਆਲ)-ਜੇਲ ਵਿਭਾਗ ਨੇ ਇਕ ਅਜਿਹੀ ਯੋਜਨਾ ਬਣਾਈ ਹੈ, ਜਿਸ ਨਾਲ ਉਦਯੋਗਪਤੀਆਂ ਨੂੰ ਵੱਡਾ ਫਾਇਦਾ ਹੋਵੇਗਾ। ਇਸ ਦੇ ਤਹਿਤ ਉੱਦਮੀ ਕੱਚਾ ਮਾਲ ਦੇ ਕੇ ਜੇਲਾਂ ਦੀਆਂ ਫੈਕਟਰੀਆਂ ਵਿਚ ਕੈਦੀਆਂ ਤੋਂ ਸਾਮਾਨ ਤਿਆਰ ਕਰਵਾ ਸਕਣਗੇ, ਜਿਸ ਦੇ ਬਦਲੇ ਕੈਦੀਆਂ ਨੂੰ ਵੱਖਰੇ ਤੌਰ ’ਤੇ ਮਿਹਨਤਾਨਾ ਮਿਲੇਗਾ। ਉੱਦਮੀ ਬਿਸਕੁੱਟ, ਨਮਕੀਨ, ਹੌਜ਼ਰੀ, ਟੈਕਸਟਾਈਲ, ਟੈਂਟ ਅਤੇ ਫਰਨੀਚਰ ਆਦਿ ਸਾਮਾਨ ਆਮ ਦਰਾਂ ’ਤੇ ਜੇਲ ਫੈਕਟਰੀਆਂ ਵਿਚ ਤਿਆਰ ਕਰਵਾ ਸਕਦੇ ਹਨ। ਉਕਤ ਜਾਣਕਾਰੀ ਏ. ਡੀ. ਜੀ. ਪੀ. (ਜੇਲ) ਇਕਬਾਲਪ੍ਰੀਤ ਸਿੰਘ ਸਹੋਤਾ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵੀਰਵਾਰ ਨੂੰ ਚੰਡੀਗਡ਼੍ਹ ਵਿਚ ਪੰਜਾਬ ਦੀਆਂ ਕੇਂਦਰੀ ਜੇਲਾਂ ਦੇ ਸੁਪਰਡੈਂਟਾਂ ਦੇ ਨਾਲ ਹੋਈ ਬੈਠਕ ਵਿਚ ਉਕਤ ਵਿਚਾਰ ’ਤੇ ਸਹਿਮਤੀ ਜਤਾ ਕੇ ਕਮੇਟੀ ਬਣਾਈ ਗਈ ਹੈ, ਜਿਸ ਦੀ ਕਮਾਨ ਆਈ. ਜੀ. ਰੂਪ ਕੁਮਾਰ ਅਰੋਡ਼ਾ ਨੂੰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਯੋਜਨਾ ਸਬੰਧੀ ਫਾਈਲ ਸਰਕਾਰ ਨੂੰ ਮਨਜ਼ੂਰੀ ਲਈ ਭੇਜ ਦਿੱਤੀ ਗਈ ਹੈ।
ਉਦਯੋਗਪਤੀਆਂ ਨਾਲ ਹੋਈ ਬੈਠਕ
ਉਨ੍ਹਾਂ ਦੱਸਿਆ ਕਿ ਉਕਤ ਯੋਜਨਾ ਦੇ ਤਹਿਤ ਪੰਜਾਬ ਇੰਡਸਟਰੀ ਦੇ ਜੀ. ਐੱਮ. ਨੇ ਜੇਲ ਵਿਭਾਗ ਦੇ ਅਧਿਕਾਰੀਆਂ ਨਾਲ ਕਈ ਉਦਯੋਗਪਤੀਆਂ ਦੀ ਇਕ ਬੈਠਕ ਕਰਵਾਈ ਹੈ। ਇਸ ਵਿਚ ਉਦਯੋਗਪਤੀਆਂ ਨੂੰ ਵਿਸਥਾਰ ਨਾਲ ਯੋਜਨਾ ਦੀ ਜਾਣਕਾਰੀ ਦੇ ਕੇ ਉਨ੍ਹਾਂ ਦੇ ਸੁਝਾਅ ਲਏ ਗਏ। ਉਨ੍ਹਾਂ ਦੱਸਿਆ ਕਿ ਉਦਯੋਗਪਤੀਆਂ ਨੇ ਵੀ ਇਸ ਯੋਜਨਾ ਨੂੰ ਇਕ ਵੱਡਾ ਅਤੇ ਚੰਗਾ ਕਦਮ ਦੱਸਿਆ ਹੈ।
10 ਸੈਂਟਰਲ ਅਤੇ ਅੌਰਤ ਜੇਲਾਂ ’ਚ ਲਾਗੂ ਹੋਵੇਗੀ ਯੋਜਨਾ
ਏ. ਡੀ. ਜੀ. ਪੀ. ਨੇ ਦੱਸਿਆ ਕਿ ਸਰਕਾਰ ਤੋਂ ਮਨਜ਼ੂਰੀ ਮਿਲਦੇ ਹੀ ਉਕਤ ਯੋਜਨਾ ਨੂੰ ਪੰਜਾਬ ਦੀਆਂ ਸਾਰੀਆਂ 10 ਕੇਂਦਰੀ ਜੇਲਾਂ ਦੇ ਨਾਲ-ਨਾਲ ਅੌਰਤ ਜੇਲਾਂ ਵਿਚ ਵੀ ਲਾਗੂ ਕੀਤਾ ਜਾਵੇਗਾ। ਇਸ ਦੇ ਤਹਿਤ ਕੋਈ ਵੀ ਉਦਯੋਗਪਤੀ ਜਾਂ ਵਪਾਰੀ ਇੱਛਾ ਮੁਤਾਬਕ ਸਾਮਾਨ ਤਿਆਰ ਕਰਵਾਉਣ ਲਈ ਸਬੰਧਤ ਕੱਚਾ ਮਾਲ ਜੇਲ ਪ੍ਰਸ਼ਾਸਨ ਨੂੰ ਸੌਂਪੇਗਾ। ਜੇਲ ਪ੍ਰਸ਼ਾਸਨ ਸਾਮਾਨ ਤਿਆਰ ਕਰਵਾ ਕੇ ਉਚਿਤ ਵਸੂਲੀ ਉਪਰੰਤ ਉੱਦਮੀਆਂ ਨੂੰ ਸੌਂਪੇਗਾ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਆਈਟਮ ਪੀਸ ਦੇ ਹਿਸਾਬ ਨਾਲ ਹੋਵੇਗਾ ਤਾਂ ਉਸ ਦੇ ਮੁਤਾਬਕ ਪੈਸੇ ਵਸੂਲੇ ਜਾਣਗੇ।
ਕੈਦੀਆਂ ਨੂੰ ਹੋਵੇਗਾ ਡਬਲ ਫਾਇਦਾ
ਏ. ਡੀ. ਜੀ. ਪੀ. ਨੇ ਦੱਸਿਆ ਕਿ ਉਕਤ ਯੋਜਨਾ ਦੇ ਸ਼ੁਰੂ ਹੋਣ ਨਾਲ ਕੈਦੀਆਂ ਨੂੰ ਡਬਲ ਫਾਇਦਾ ਹੋਵੇਗਾ, ਕਿਉਂਕਿ ਜਿੱਥੇ ਉਨ੍ਹਾਂ ਨੂੰ ਮਿਹਨਤਾਨਾ ਮਿਲੇਗਾ, ਉੱਥੇ ਉਨ੍ਹਾਂ ਦਾ ਮਾਨਸਿਕ ਸੰਤੁਲਨ ਵੀ ਦਰੁੱਸਤ ਹੋਵੇਗਾ। ਉਨ੍ਹਾਂ ਕਿਹਾ ਕਿ ਵਿਅਸਤ ਰਹਿਣ ’ਤੇ ਕੈਦੀ ਕਿਸੇ ਵੀ ਤਰ੍ਹਾਂ ਦੀ ਗਲਤ ਧਾਰਨਾ ਮਨ ਵਿਚ ਨਹੀਂ ਲਿਆ ਸਕਣਗੇ। ਨਾਲ ਹੀ ਜੇਲ ਤੋਂ ਬਾਹਰ ਜਾ ਕੇ ਵੀ ਸਵੈ-ਰੋਜ਼ਗਾਰ ਚਲਾ ਕੇ ਚੰਗੀ ਜ਼ਿੰਦਗੀ ਬਤੀਤ ਕਰ ਸਕਣਗੇ।
ਫੈਕਟਰੀ ਸੁਪਰਡੈਂਟ ਨੂੰ ਸੌਂਪਿਆ ਜਾਵੇਗਾ ਦੇਖ-ਰੇਖ ਦਾ ਜ਼ਿੰਮਾ
ਉਨ੍ਹਾਂ ਦੱਸਿਆ ਕਿ ਯੋਜਨਾ ਸ਼ੁਰੂ ਹੋਣ ਤੋਂ ਬਾਅਦ ਹਰ ਤਰ੍ਹਾਂ ਦੇ ਹਿਸਾਬ-ਕਿਤਾਬ ਦਾ ਜ਼ਿੰਮਾ ਜੇਲ ਦੇ ਫੈਕਟਰੀ ਸੁਪਰਡੈਂਟ ਨੂੰ ਸੌਂਪਿਆ ਜਾਵੇਗਾ। ਹਾਲਾਂਕਿ ਮੁੱਖ ਜ਼ਿੰਮੇਵਾਰੀ ਜੇਲ ਦੇ ਸੁਪਰਡੈਂਟ ਦੀ ਰਹੇਗੀ। ਨਾਲ ਹੀ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਜ਼ਿਆਦਾ ਸਾਮਾਨ ਤਿਆਰ ਕਰਨ ਦਾ ਆਰਡਰ ਮਿਲਣ ’ਤੇ ਫੈਕਟਰੀ ਸੁਪਰਡੈਂਟ ਦੇ ਨਾਲ ਕਿਸੇ ਹੋਰ ਅਧਿਕਾਰੀ ਨੂੰ ਵੀ ਲਾਇਆ ਜਾ ਸਕਦਾ ਹੈ।
ਇਹ ਸਾਮਾਨ ਤਿਆਰ ਹੋ ਰਿਹੈ ਜੇਲ ਫੈਕਟਰੀਆਂ ’ਚ
ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿਚ ਜੇਲ ਦੀਆਂ ਫੈਕਟਰੀਆਂ ਵਿਚ ਬਿਸਕੁਟ, ਨਮਕੀਨ, ਸਾਬਣ, ਟੈਕਸਟਾਈਲ, ਹੌਜ਼ਰੀ, ਫਰਨੀਚਰ ਦਾ ਸਾਮਾਨ, ਬਾਥਰੂਮ ਸਫਾਈ ਦਾ ਸਾਮਾਨ, ਕੁਰਸੀਆਂ ਦੀ ਬੁਣਾਈ ਆਦਿ ਸਮੇਤ ਆਟਾ ਚੱਕੀਆਂ ਵੀ ਲੱਗੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰਾ ਸਾਮਾਨ ਪੰਜਾਬ ਦੀਆਂ ਸਾਰੀਆਂ ਜੇਲਾਂ ਵਿਚ ਆਦਾਨ-ਪ੍ਰਦਾਨ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਲੁਧਿਆਣਾ ਕੇਂਦਰੀ ਜੇਲ ਫੈਕਟਰੀ ਵਿਚ ਮੌਜੂਦਾ ਸਮੇਂ ਵਿਚ 13 ਦੇ ਲਗਭਗ ਕੈਦੀ ਵੱਖ-ਵੱਖ ਤਰ੍ਹਾਂ ਦਾ ਸਾਮਾਨ ਤਿਆਰ ਕਰ ਰਹੇ ਹਨ, ਜਿਨ੍ਹਾਂ ਵਿਚ ਬਿਸਕੁੱਟ ਮੁੱਖ ਰੂਪ ਨਾਲ ਬਣਾਏ ਜਾ ਰਹੇ ਹਨ।