ਜੇਲ ''ਚੋਂ ਹੋ ਰਹੀ ਤਸਕਰੀ ਦਾ ਧੰਦਾ ਬੇਨਕਾਬ, ਗੈਂਗਸਟਰ ਦੇ ਭਰਾ ਗ੍ਰਿਫਤਾਰ
Wednesday, Jul 18, 2018 - 03:25 PM (IST)

ਅੰਮ੍ਰਿਤਸਰ (ਅਵਦੇਸ਼, ਸੰਜੀਵ) : ਜੇਲ 'ਚੋਂ ਚੱਲ ਰਹੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਤੋੜਦੇ ਹੋਏ ਅੰਮ੍ਰਿਤਸਰ ਪੁਲਸ ਨੇ ਜੇਲ 'ਚ ਬੰਦ ਗੈਂਗਸਟਰ ਰਾਜਾ ਕੰਨਵੱਡਾ ਦੇ ਦੋ ਸਕੇ ਭਰਾਵਾਂ ਨੂੰ ਸੁਲਤਾਨਵਿੰਡ ਰੋਡ ਤੋਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਵੀਰ ਸਿੰਘ (31) ਉਰਫ ਵੀਰੂ ਪੁੱਤਰ ਰਜਿੰਦਰ ਸਿੰਘ ਵਾਸੀ ਮਾਤਾ ਗੁਜਰੀ, ਨਿਊ ਆਜ਼ਾਦ ਨਗਰ, ਅੰਮ੍ਰਿਤਸਰ ਅਤੇ ਗੁਲਸ਼ਨ ਸਿੰਘ (22) ਉਰਫ ਪ੍ਰਿੰਸ ਪੁੱਤਰ ਰਜਿੰਦਰ ਸਿੰਘ ਵਾਸੀ ਮਾਤਾ ਗੁਜਰੀ, ਨਿਊ ਆਜ਼ਾਦ ਨਗਰ, ਅੰਮ੍ਰਿਤਸਰ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਉਕਤ ਦੇ ਕਬਜ਼ੇ 'ਚੋਂ 275 ਗ੍ਰਾਮ ਹੈਰੋਇਨ, ਇਕ ਐਕਟਿਵਾ (ਪੀ. ਬੀ. 02, ਡੀ. ਐੱਲ. 2577) ਬਰਾਮਦ ਕੀਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਦੋਵੇਂ ਦੋਸ਼ੀ ਜੇਲ ਵਿਚ ਬੰਦ ਗੈਂਗਸਟਰ ਰਾਜਾ ਕੰਨਵੱਡਾ ਦੇ ਭਰਾ ਹਨ ਅਤੇ ਉਸ ਦੇ ਕਹਿਣ 'ਤੇ ਹੈਰੋਇਨ ਦੀ ਤਸਕਰੀ ਕਰਦੇ ਸਨ ਅਤੇ ਤਸਕਰੀ ਦੌਰਾਨ ਉਗਰਾਹੇ ਗਏ ਪੈਸੇ ਕੰਨਵੱਡਾ ਨੂੰ ਦਿੰਦੇ ਸਨ। ਇਥੇ ਇਹ ਵੀ ਦੱਸਣਯੋਗ ਹੈ ਕਿ ਗੈਂਗਸਟਰ ਰਾਜਾ ਕੰਨਵੱਡਾ ਖਤਰਨਾਕ ਗੈਂਗਸਟਰ ਅਤੇ ਸਮੱਗਲਰ ਜੱਗੂ ਭਗਵਾਨਪੁਰੀਏ ਦਾ ਸਾਥੀ ਹੈ।