ਨਾਭਾ ਜੇਲ੍ਹ ''ਚ 16 ਬੰਦੀ ਸਿੰਘਾਂ ਵੱਲੋਂ ਭੁੱਖ-ਹੜਤਾਲ ਬਿਨਾਂ ਸ਼ਰਤ ਖਤਮ

Saturday, Jul 11, 2020 - 04:13 PM (IST)

ਨਾਭਾ (ਜੈਨ) : ਇਥੇ ਮੈਕਸੀਮਮ ਸਕਿਓਰਟੀ ਜ਼ਿਲ੍ਹਾ ਜੇਲ੍ਹ ਦੀ ਬੈਰਕ ਨੰਬਰ-6 'ਚ ਬੰਦ 16 ਬੰਦੀ ਸਿੰਘਾਂ ਵੱਲੋਂ ਅਰਵਿੰਦਰ ਸਿੰਘ ਦੀ ਅਗਵਾਈ ਹਠ ਪਿਛਲੇ 10 ਦਿਨਾਂ ਤੋਂ ਕੀਤੀ ਜਾ ਰਹੀ ਭੁੱਖ-ਹੜਤਾਲ ਬਿਨਾਂ ਸ਼ਰਤ ਖਤਮ ਕਰ ਦਿੱਤੀ ਗਈ ਹੈ। ਇਨ੍ਹਾਂ ਕੈਦੀਆਂ ਨੇ ਜੇਲ੍ਹ 'ਚੋਂ ਪੰਜ ਬੰਦੀ ਸਿੰਘਾਂ ਜਸਪ੍ਰੀਤ ਸਿੰਘ ਉਰਫ ਨਿਹਾਲਾ, ਬਲਵੀਰ ਸਿੰਘ ਭਤਵਾ, ਰਮਨਦੀਪ ਸਿੰਘ, ਮਾਨ ਸਿੰਘ ਤੇ ਹਰਵਿੰਦਰ ਸਿੰਘ ਨੂੰ ਹੋਰ ਜੇਲ੍ਹਾਂ 'ਚ ਤਬਦੀਲ ਕਰਨ ਦੇ ਰੋਸ ਵਜੋਂ ਭੁੱਖ-ਹੜਤਾਲ ਸ਼ੁਰੂ ਕੀਤੀ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਭਾਈ ਹਰਪ੍ਰੀਤ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਬੰਦੀ ਸਿੰਘਾਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ।

ਇਨ੍ਹਾਂ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਦਖਲ ਦੇ ਕੇ ਹੜਤਾਲ ਖਤਮ ਕਰਨ ਲਈ ਕਿਹਾ ਸੀ। ਜੇਲ੍ਹ ਅਧਿਕਾਰੀਆਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਜੇਲ੍ਹਾਂ 'ਚ ਕੈਦੀਆਂ/ਹਵਾਲਾਤੀਆਂ ਦੀ ਅਦਲਾ-ਬਦਲੀ ਪ੍ਰਬੰਧਕੀ ਆਧਾਰ ’ਤੇ ਉੱਚ ਅਧਿਕਾਰੀਆਂ ਦੀ ਪ੍ਰਵਾਨਗੀ ਨਾਲ ਸਮੇਂ-ਸਮੇਂ ਸਿਰ ਕੀਤੀ ਜਾਂਦੀ ਹੈ। ਇਸੇ ਕਾਰਨ ਪੰਜ ਕੈਦੀਆਂ ਨੂੰ ਕਪੂਰਥਲਾ, ਲੁਧਿਆਣਾ, ਫਰੀਦਕੋਟ, ਫਿਰੋਜ਼ਪੁਰ ਤੇ ਰੋਪੜ ਜੇਲ੍ਹਾਂ 'ਚ ਤਬਦੀਲ ਕੀਤਾ ਗਿਆ ਹੈ। ਦੋ ਦਿਨ ਪਹਿਲਾਂ ਇਨ੍ਹਾਂ ਕੈਦੀਆਂ ਦੀ ਬੈਰਕ 'ਚੋਂ 12 ਮੋਬਾਇਲ ਸਿਮ ਕਾਰਡ, ਬੈਟਰੀਆਂ ਅਤੇ ਤਿੰਨ ਡੋਂਗਲ ਬਰਾਮਦ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸ਼ਨ ਨੇ 21 ਕੈਦੀਆਂ/ਹਵਾਲਾਤੀਆਂ ਖਿਲਾਫ ਕੋਤਵਾਲੀ ਪੁਲਸ 'ਚ ਮਾਮਲਾ ਦਰਜ ਕਰਵਾਇਆ ਗਿਆ ਸੀ।

ਹੁਣ ਐਸ. ਐਸ. ਪੀ. ਨੇ ਸਖਤੀ ਦਾ ਹੁਕਮ ਦੇ ਦਿੱਤਾ ਸੀ, ਜਿਸ ਕਰਕੇ ਬੰਦੀ ਸਿੰਘਾਂ ਨੇ ਸਿਆਣਪ ਤੋਂ ਕੰਮ ਲੈਂਦਿਆਂ ਬਿਨਾਂ ਸ਼ਰਤ ਹੀ ਭੁੱਖ-ਹੜਤਾਲ ਖਤਮ ਕਰ ਦਿੱਤੀ ਹੈ। ਜੇਲ੍ਹਰ ਰਮਨਦੀਪ ਸਿੰਘ ਭੰਗੂ ਨੇ ਭੁੱਖ-ਹੜਤਾਲ ਖਤਮ ਕਰਨ ਦੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਇਸ ਜੇਲ੍ਹ 'ਚ ਅਸਲਾ ਐਕਟ ਅਤੇ ਗੈਰ ਕਾਨੂੰਨੀ ਕਾਰਵਾਈਆਂ ਲਈ ਨਜ਼ਰਬੰਦ ਪੰਜ ਹਵਾਲਾਤੀਆਂ ਜਰਨੈਲ ਸਿੰਘ, ਹਰਵਿੰਦਰ ਸਿੰਘ, ਰਣਦੀਪ ਸਿੰਘ, ਸਤਨਾਮ ਸਿੰਘ ਤੇ ਪਰਮਿੰਦਰ ਸਿੰਘ ਵੱਲੋਂ 12 ਸਤੰਬਰ, 2019 'ਚ ਵੀ ਭੁੱਖ-ਹੜਤਾਲ ਸ਼ੁਰੂ ਕੀਤੀ ਗਈ ਸੀ। ਵਿਵਾਦਾਂ ਨਾਲ ਜੇਲ੍ਹ ਦਾ ਪੁਰਾਣਾ ਰਿਸ਼ਤਾ ਰਿਹਾ ਹੈ।


Babita

Content Editor

Related News