ਪ੍ਰਿੰਸੀਪਲ ਸੀਤਾ ਰਾਮ ਕੋਹਲੀ : ਇਤਿਹਾਸ ਦੀਆਂ ਪੈੜਾਂ ਲੱਭਦਾ ਪੰਜਾਬੀ

05/05/2020 5:15:29 PM

ਬਲਦੀਪ ਸਿੰਘ ਰਾਮੂਵਾਲੀਆ
ਸੰਪਰਕ: 96543-42039

20ਵੀਂ ਸਦੀ ਦੀ ਸ਼ੁਰੂਆਤ ਨਾਲ ਹੀ ਪੰਜਾਬ ਦੀ ਇਤਿਹਾਸਕਾਰੀ ਵਿਚ ਵਿਗਿਆਨਕ ਪੱਧਤੀ ਜੋ ਤੱਥਾਂ, ਦਲੀਲਾਂ ’ਤੇ ਆਧਾਰਿਤ ਸੀ, ਦਾ ਆਗਾਜ਼ ਹੋਇਆ। ਸ਼ੁਰੂਆਤੀ ਦੌਰ 'ਚ ਜਿਨ੍ਹਾਂ ਪੰਜਾਬ ਵਿਚ ਇਤਿਹਾਸ ਦੀ ਪੱਛਮੀ ਸ਼ੈਲੀ ਨੂੰ ਅਪਣਾਇਆ, ਉਨ੍ਹਾਂ 'ਚੋਂ ਪ੍ਰਿੰ.ਸੀਤਾ ਰਾਮ ਕੋਹਲੀ ਦਾ ਨਾਮ ਖ਼ਾਸ ਰੂਪ 'ਚ ਉਭਰ ਕੇ ਸਾਹਮਣੇ ਆਉਂਦਾ ਹੈ। ਇਸ ਸ਼ਖ਼ਸੀਅਤ ਨੇ ਆਪਣੀ ਹਯਾਤੀ 'ਚ ਮਹਾਰਾਜਾ ਰਣਜੀਤ ਸਿੰਘ, ਉਸਦੇ ਰਾਜ ਪ੍ਰਬੰਧ, ਸੈਨਿਕ ਪ੍ਰਬੰਧ, ਦੇ ਬਾਰੇ 'ਚ ਉੱਚ ਪੱਧਰ ਦਾ ਖੋਜ-ਕਾਰਜ ਕੀਤਾ, ਜੋ ਅੱਜ ਵੀ ਇਕ ਮਿਸਾਲ ਹੈ। ਆਪ ਨੇ ਇਕ ਦਰਜਨ ਤੋਂ ਉਪਰ ਇਤਿਹਾਸਿਕ ਕਿਤਾਬਾਂ ਅੰਗਰੇਜ਼ੀ, ਪੰਜਾਬੀ, ਉਰਦੂ ਵਿਚ ਲਿਖੀਆਂ ਜਾਂ ਸੰਪਾਦਿਤ ਕੀਤੀਆਂ ਤੇ ਅਨੇਕਾਂ ਖੋਜ-ਪੱਤਰ ਇਤਿਹਾਸਿਕ ਮੈਗਜ਼ੀਨਾਂ ਲਈ ਲਿਖੇ।

ਸੀਤਾ ਰਾਮ ਜੀ ਦਾ ਜਨਮ 28 ਫਰਵਰੀ 1889ਈਸਵੀ ਵਿਚ ਅਣ-ਵੰਡੇ ਪੰਜਾਬ ਦੇ ਸ਼ਾਹਪੁਰ ਜ਼ਿਲ੍ਹੇ ਦੇ ਵਾਪਾਰਕ ਕਸਬੇ 'ਭੇਰਾ''ਚ, ਕੋਹਲੀ ਖੱਤਰੀ ਪਰਿਵਾਰ ਵਿਚ ਹੋਇਆ (ਹਿੰਦੀ ਫ਼ਿਲਮ ਜਗਤ ਦਾ ਸਿਤਾਰਾ ਤੇ ਪੰਜਾਬੀ ਦਾ ਇਕ ਨਿਵੇਕਲਾ ਲੇਖਕ ਬਲਰਾਜ ਸਾਹਨੀ ਵੀ ਭੇਰੇ ਦਾ ਜੰਮਪਲ ਸੀ)। ਭੇਰਾ ਉਸ ਵਕਤ ਵੱਖੋ-ਵੱਖਰੇ ਗੋਤਰਾਂ ਦੇ ਮੁਹੱਲਿਆਂਵਿਚ ਵੰਡਿਆ ਹੋਇਆ ਸੀ, ਜਿਵੇਂ ਸਾਹਨੀਆਂ ਦਾ ਮੁਹੱਲਾ, ਕੋਹਲੀਆਂ ਦਾ ਮੁਹੱਲਾ ਆਦਿ। ਬਚਪਨ ਤੋਂ ਪੜ੍ਹਾਈ ਵਿਚ ਹੁਸ਼ਿਆਰ ਹੋਣ ਕਾਰਨ ਮਾਂ-ਬਾਪ ਆਪ ਦੀ ਪੜ੍ਹਾਈ ਪ੍ਰਤੀ ਖ਼ਾਸ ਧਿਆਨ ਦਿੰਦੇ ਸਨ। ਦਸਵੀਂ ਤੱਕ ਦੀ ਪੜ੍ਹਾਈ ਭੇਰਾ ਦੇ ਸੈਕੰਡਰੀ ਸਕੂਲ ਤੋਂ ਹੀ ਹਾਸਿਲ ਕੀਤੀ। ਇਸ ਤੋਂ ਬਾਅਦ ਅਗਲੇਰੀ ਵਿਦਿਆ ਲਈ ਲਾਹੌਰ ਆ ਕਿ ਡੀ.ਏ.ਵੀ.ਕਾਲਜ ਵਿਚ ਦਾਖਲਾ ਲੈ ਲਿਆ। ਇੱਥੇ ਦਿਲ ਨਾ ਲੱਗਾ ਤਾਂ ਨਾਮ ਕਟਵਾ ਕਿ ਗੌਰਮਿੰਟ ਕਾਲਜ, ਲਾਹੌਰ 'ਚ ਦਾਖ਼ਲ ਹੋ ਗਏ। ਇੱਥੇ ਹੀ ਦੁੱਧ ਨੂੰ ਜਾਗ ਲੱਗਾ, ਭਾਵ ਇਤਿਹਾਸ ਦੇ ਵਿਸ਼ੇ ਵੱਲ ਰੁਚੀ ਵੱਧ ਗਈ। ਬੀ.ਏ ਤੋਂ ਬਾਅਦ ਐੱਮ.ਏ. ਇਤਿਹਾਸ ਦੇ ਵਿਸ਼ੇ ਨਾਲ ਅੱਵਲ ਦਰਜੇ 'ਚ ਪਾਸ ਕੀਤੀ।

ਐੱਮ.ਏ. ਤੋਂ ਬਾਅਦ ਕੁਝ ਕਾਰਨਾਂ ਕਰ ਕੇ ਸੀਤਾ ਰਾਮ ਜੀ ਨੇ ਵਕਾਲਤ ਕਰਨ ਲਈ, ਲਾਹੌਰ ਦੇ ਲਾਅ ਕਾਲਜ ਵਿਚ ਦਾਖ਼ਲਾ ਲਿਆ ਪਰ ਇਤਿਹਾਸ ਦੀ ਲੱਗੀ ਚੇਟਕ ਨੇ ਅੰਦਰ ਇਕ ਬੇਚੈਨੀ ਜਿਹੀ ਪੈਦਾ ਕਰ ਦਿੱਤੀ। ਅਚਾਨਕ ਇਸੇ ਵਕਤ ਮਿਲੀ ਇਕ ਖ਼ਬਰ ਨੇ ਵਕਾਲਤ ਦੀਆਂ ਕਿਤਾਬਾਂ ਛੁਡਾ ਕੇ ਮੁੜ ਸੀਤਾ ਰਾਮ ਨੂੰ ਇਤਿਹਾਸ ਫਰੋਲਣ ਲਾ ਦਿੱਤਾ। ਅਸਲ ਵਿਚ ਸੀਤਾ ਰਾਮ ਦੀ ਚੋਣ "ਐਲਗਜ਼ੈਂਡਰੀਆ ਸਕਾਲਰਸ਼ਿਪ" ਲਈ ਹੋ ਗਈ ਸੀ।

ਪੜ੍ਹੋ ਇਹ ਵੀ ਖਬਰ - ਜਾਣੋ ਬਿਨਾਂ ਲੱਛਣਾਂ ਵਾਲਾ ਕੋਰੋਨਾ ਵਾਇਰਸ ਕਿੰਨਾ ਕੁ ਹੈ ‘ਖਤਰਨਾਕ’ (ਵੀਡੀਓ)

ਪੜ੍ਹੋ ਇਹ ਵੀ ਖਬਰ - ਜਨਮ ਦਿਹਾੜਾ ਵਿਸ਼ੇਸ਼ : ਸਿੱਖ ਕੌਮ ਦੇ ਮਹਾਨ ਜਰਨੈਲ ‘ਜੱਸਾ ਸਿੰਘ ਰਾਮਗੜ੍ਹੀਆ’

ਪੜ੍ਹੋ ਇਹ ਵੀ ਖਬਰ - ਸਮਾਜ ਨੂੰ ਬੌਧਿਕ ਲੁੱਟ ਵੱਲ ਧੱਕ ਰਿਹਾ ਹੈ ‘ਦਮਨਕਾਰੀ ਤੰਤਰ’

1913-14ਈ. ਵਿਚ ਜਦ ਸੀਤਾ ਰਾਮ ਜੀ ਗੌਰਮਿੰਟ ਕਾਲਜ, ਲਾਹੌਰ ਤੋਂ ਐੱਮ.ਏ. ਕਰ ਰਹੇ ਸਨ ਤਾਂ ਉਸ ਵਕਤ ਪੰਜਾਬ ਯੂਨੀਵਰਸਿਟੀ ਨੇ ਉਚੇਚੇ ਤੌਰ 'ਤੇ ਬ੍ਰਿਟਿਸ਼ ਇਤਿਹਾਸਕਾਰ ਪ੍ਰੋ. ਰੈਮਸੇ ਮੁਇਰ ਨੂੰ ਅਕਤੂਬਰ 1913 ਤੋਂ ਮਾਰਚ 1914 ਤੱਕ, ਐੱਮ.ਏ. ਇਤਿਹਾਸ ਦੀਆਂ ਜਮਾਤਾਂ ਨੂੰ ਇਤਿਹਾਸ ਦਾ ਵਿਸ਼ਾ ਪੜ੍ਹਾਉਣ ਲਈ ਵਿਦੇਸ਼ ਤੋਂ ਸੱਦਿਆ ਗਿਆ ਸੀ। ਉਸ ਦੁਆਰਾ ਇਤਿਹਾਸ ਦੇ ਕੀਤੇ ਜਾਂਦੇ ਵਿਆਖਿਆਨਾਂ ਨੇ ਸੀਤਾ ਰਾਮ ਦਾ ਖਾਸਾ ਧਿਆਨ ਖਿੱਚਿਆ, ਉੱਪਰੋਂ ਐੱਚ.ਐੱਲ.ਓ. ਗੈਰਟ ਦੀ ਉਸਤਾਦੀ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ। ਪ੍ਰੋ.ਰੈਮਸੇ ਦੀ ਪ੍ਰੇਰਨਾ ਨਾਲ 31 ਜਨਵਰੀ 1914 ਨੂੰ ਹੋਈ ਪੰਜਾਬ ਹਿਸਟੋਰੀਕਲ ਸੁਸਾਇਟੀ ਦੀ ਚੌਥੀ ਸਾਲਾਨਾ ਇਕੱਤਰਤਾ ਵਿਚ ਦੋ ਮੱਦਾਂ ਨੂੰ ਸਰਬ-ਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ:

1. ਇਤਿਹਾਸ ਦੇ ਖੋਜਾਰਥੀਆਂ ਲਈ ਸੁਸਾਇਟੀ ਵਲੋਂ ਇਕ ਰਸਾਲਾ ਸ਼ੁਰੂ ਕੀਤਾ ਜਾਵੇਗਾ।
2. ਪੰਜਾਬ ਤੇ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਅਦ ਜੋ ਖ਼ਾਲਸਾ ਦਰਬਾਰ ਦਾ ਰਿਕਾਰਡ ਅੰਗਰੇਜ਼ ਸਰਕਾਰ ਨੇ ਜ਼ਬਤ ਕੀਤਾ ਸੀ, ਉਸ ਦੀ ਭਾਲ ਕਰ ਕੇ, ਉਸਦੇ ਆਧਾਰ 'ਤੇ ਖ਼ਾਲਸਾ ਦਰਬਾਰ ਦਾ ਇਤਿਹਾਸ ਲਿਖਿਆ ਜਾਵੇ।

ਸੁਸਾਇਟੀ ਵਲੋਂ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇਹ ਐਲਾਨ-ਨਾਮਾ ਵੀ ਹੋਇਆ ਕਿ ਮਿਹਨਤੀ ਖੋਜਾਰਥੀ, ਜੋ ਪੰਜਾਬ ਨਾਲ ਸਬੰਧਿਤ ਖੋਜ-ਕਾਰਜ ਕਰਨਗੇ, ਉਨ੍ਹਾਂ ਲਈ ਇਕ ਸਕਾਲਰਸ਼ਿਪ ਦਿੱਤੀ ਜਾਇਆ ਕਰੇਗੀ, ਜਿਸ ਦਾ ਨਾਮ ਹੋਵੇਗਾ "ਐਲਗਜ਼ੈਂਡਰੀਆ ਸਕਾਲਰਸ਼ਿਪ"। ਸੀਤਾ ਰਾਮ ਕੋਹਲੀ ਜੀ ਨੂੰ ਖ਼ਾਲਸਾ ਦਰਬਾਰ ਦੇ ਰਿਕਾਰਡ 'ਤੇ ਖੋਜ ਕਰਨ ਲਈ ਇਹ ਸਕਾਲਰਸ਼ਿਪ ਮਿਲੀ।

ਇਸ ਪਿਛੋਂ ਖ਼ਾਲਸਾ ਦਰਬਾਰ ਦੇ ਰਿਕਾਰਡ ਦੀ ਖੋਜ ਭਾਲ ਸ਼ੁਰੂ ਹੋਈ ਕਿ ਉਹ ਸਭ ਰਿਕਾਰਡ ਆਦਿ ਕਿੱਥੇ ਹੈ। ਕਾਫੀ ਮਿਹਨਤ ਤੇ ਢੂੰਡ-ਭਾਲ ਪਿੱਛੋਂ ਪਤਾ ਲੱਗਾ ਕਿ ਉਹ ਸਾਰਾ ਰਿਕਾਰਡ ਇਸ ਵਕਤ ਸਿਵਲ ਸੈਕਟਰੀਏਟ, ਲਾਹੌਰ ਦੀ ਬਿਲਡਿੰਗ ਵਿਚ ਪਿਆ ਹੈ। ਇਸ ਇਮਾਰਤ ਉਸ ਵਕਤ ਸਰ ਮਾਈਕਲ ਓਡਵਾਇਰ ਦੇ ਕਬਜ਼ੇ ਵਿਚ ਸੀ। ਉਸਨੇ ਖ਼ੁਦ ਇਸ ਰਿਕਾਰਡ ਦੀ ਖੋਜ ਲਈ ਆਗਿਆ ਦਿੱਤੀ। ਇਸ ਕਾਰਜ ਲਈ ਸਰਕਾਰ ਵਲੋਂ ਅਤੇ ਯੂਨੀਵਰਸਿਟੀ ਵਲੋਂ ਸੀਤਾ ਰਾਮ ਕੋਹਲੀ ਜੀ ਦੀ ਚੋਣ ਹੋਈ, ਉਹ ਪਹਿਲੇ ਸ਼ਖ਼ਸ ਸਨ, ਜਿਨ੍ਹਾਂ 1849 ਤੋਂ ਬਾਅਦ ਲਗਭਗ 70 ਸਾਲ ਬਾਅਦ ਇਨ੍ਹਾਂ ਕਾਗ਼ਜ਼ਾਂ ਤੋਂ ਗਰਦ ਝਾੜੀ। ਉਨ੍ਹਾਂ ਦੇ ਆਪਣੇ ਬੋਲਾਂ ਅਨੁਸਾਰ:-

“On the tranafer of the administration of the punjab in 1849,The Khalsa Darbar Records,consisting of offical papers dealing with the ministerial details of the several departments of the Government of Maharaja Ranjit Singh and his successors,come into the hands of British Government and were safely deposited in the archives of the civil secretariat. Here they remained untocuched for well nigh seventy years till Sir Michael O'Dwyer directed this rich mine of historical material to be explored.”

ਇਹ ਸਾਰਾ ਖਾਲਸਾ ਦਰਬਾਰ ਦਾ ਰਿਕਾਰਡ ਜੋ ਫ਼ਾਰਸੀ ਬੋਲੀ ਦੀ ਸ਼ਕਸਤਾ ਸ਼ੈਲੀ ਵਿਚ ਲਿਖਿਆ ਹੋਇਆ ਸੀ, ਜਿਸ ਨੂੰ ਪੜ੍ਹਣਾ ਕਾਫੀ ਔਖਾ ਸੀ। ਸੀਤਾ ਰਾਮ ਕੋਹਲੀ ਨੂੰ ਫ਼ਾਰਸੀ ਜ਼ੁਬਾਨ ਅੰਦਰ ਮੁਹਾਰਤ ਹਾਸਿਲ ਸੀ, ਜਿਸ ਕਾਰਨ ਇਸ ਰਿਕਾਰਡ ਦੀਆਂ ਤਰਤੀਬਵਾਰ ਫਹਿਰਸਤਾਂ ਤਿਆਰ ਕਰਨ ਦੀ ਜ਼ਿੰਮੇਵਾਰੀ ਆਪ ਨੂੰ 1915 ਵਿਚ ਸੌਂਪੀ ਗਈ। ਸਿਵਲ ਸੈਕਟ੍ਰੀਏਟ ਅੰਦਰ ਬੈਠ ਕੇ ਕੋਹਲੀ ਜੀ ਨੇ 129 ਬੰਡਲਾਂ ਤੋਂ ਗਰਦ ਝਾੜ ਕਿ ਚਾਨਣ ਦੀ ਕਿਰਨ ਦੇ ਸਨਮੁਖ ਕੀਤਾ। ਇਨ੍ਹਾਂ ਵਿਚ ਖਾਲਸਾ ਰਾਜ ਦੇ 1811 ਤੋਂ ਲੈ ਕੇ 1849 ਤੱਕ ਦਾ ਸਾਰਾ ਫੌਜੀ, ਤੋਸ਼ੇ-ਖਾਨੇ, ਜਾਗੀਰਾਂ ਆਦਿ ਨਾਲ ਸਬੰਧਿਤ ਮਹਿਕਮਿਆਂ ਦਾ ਜਮ੍ਹਾਂ-ਖਰਚ ਆਦਿ ਲੇਖਾ ਜੋਖਾ ਦਰਜ ਸੀ। ਤਕਰੀਬਨ ਤਿੰਨ ਲੱਖ ਤੋਂ ਵਧੀਕ ਕਾਗਜਾਤ ਪੜ੍ਹਨ ਉਪਰੰਤ, ਤਰਤੀਬ ਦੇ ਕੇ ਹਰ ਇਕ ਮਹਿਕਮੇ ਦੀ ਫਹਿਰਸਤ ਤਿਆਰ ਕੀਤੀ। ਜਿਸਨੂੰ ਪੰਜਾਬ ਸਰਕਾਰ ਨੇ ਕ੍ਰਮਵਾਰ 1991 'ਚ ਪਹਿਲ੍ਹੇ ਭਾਗ ਅਤੇ 1927 ਵਿਚ ਦੂਜੇ ਭਾਗ ਨੂੰ ‘Catalogue Of Khalsa Darbar Records’ ਦੇ ਨਾਮ ਥੱਲੇ ਛਾਪਿਆ। ਇਸ ਸਾਰੇ ਕਾਰਜ ਨੂੰ ਕੋਹਲੀ ਜੀ ਨੇ 5 ਸਾਲ ਵਿਚ ਮੁਕੰਮਲ ਕੀਤਾ। ਆਪਣੀ ਇਸ ਮਿਹਨਤ ਬਾਰੇ ਖ਼ੁਦ ਕਰਤੇ ਨੇ ਆਪਣੀ ਕਿਤਾਬ 'ਮਹਾਰਾਜਾ ਰਣਜੀਤ ਸਿੰਘ'ਅੰਦਰ ਲਿਖਿਆ ਹੈ:-

“These records had passed into the possession of the British at the time of annexation of punjab in 1849 but for long seventy years they remained bound in bundles unused by any body.I was the first to untie the bundles and satchels of these records and it was with great labour that i become skilled in the art of reading the difficult Shikasta handwriting of persion. Gradally,however, I was able to prepare a catalogue of records of each department, giving date, number and other necesary particulars of each document.”

ਪੜ੍ਹੋ ਇਹ ਵੀ ਖਬਰ - ਸਿੱਖ ਸਾਹਿਤ ਵਿਸ਼ੇਸ਼ : ਸਤਿਕਾਰਤ ਸਖ਼ਸ਼ੀਅਤ ‘ਭਾਈ ਮਰਦਾਨਾ ਜੀ’

ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਚੱਲਦਿਆਂ ਕਣਕ ਦੇ ਮੰਡੀਕਰਨ ਦੀ ਪਿਛਲੇ ਸਾਲ ਦੀ ਤੁਲਨਾ ’ਚ ਆਇਆ ਵੱਡਾ ਫਰਕ

ਪੜ੍ਹੋ ਇਹ ਵੀ ਖਬਰ - 1186 ਕੋਰੋਨਾ ਫਰੰਟ 'ਤੇ ਲੜਨ ਵਾਲੇ ਪੇਂਡੂ ਫਾਰਮਾਸਿਸਟਾਂ ਨੂੰ ਪੱਕੇ ਕਰਨ ਦੀ ਪਹਿਲੀ ਚਿੱਠੀ ਆਈ 14 ਸਾਲ ਬਾਅਦ

ਇਸ ਜਟਿਲ ਖੋਜ-ਕਾਰਜ ਨੂੰ ਸਫਲਤਾ ਸਹਿਤ ਮੁਕਾਮਲ ਕਰਨ ਉਪਰੰਤ, ਸੀਤਾ ਰਾਮ ਜੀ ਦੀ ਲਿਆਕਾਤ ਤੇ ਦਾਨਾਈ ਤੋਂ ਪ੍ਰਭਾਵਿਤ ਹੁੰਦਿਆ, ਪੰਜਾਬ ਸਰਕਾਰ ਦੁਆਰਾ ਇਨ੍ਹਾਂ ਨੂੰ ਲਾਹੌਰ ਦੇ ਗੌਰਮਿੰਟ ਕਾਲਜ ਵਿਚ ਹੀ ਇਤਿਹਾਸ ਦਾ ਲੈਕਚਰਾਰ ਨਿਯੁਕਤ ਕੀਤਾ ਗਿਆ। ਇੱਥੇ ਕਾਲਜ ਵਿਚ ਜਿੱਥੇ ਕੋਹਲੀ ਜੀ ਬੀ.ਏ.,ਐੱਮ.ਏ. ਦੇ ਸਿਖਿਆਰਥੀਆਂ ਨੂੰ ਇਤਿਹਾਸ ਦਾ ਵਿਸ਼ਾ ਪੜ੍ਹਾਉਂਦੇ ਸਨ, ਉੱਥੇ ਨਾਲ ਪੰਜਾਬ ਸਰਕਾਰ ਦੁਆਰਾ, ਪੰਜਾਬ ਗੌਰਮਿੰਟ ਰਿਕਾਰਡ ਦਫ਼ਤਰ 'ਚ ਡਿਪਟੀ ਕੀਪਰ ਦੀ ਜ਼ਿੰਮੇਵਾਰੀ ਵੀ ਨਿਭਾ ਰਹੇ ਸਨ। ਕਾਲਜ ਤੋਂ ਬਾਅਦ ਆਪ ਦਾ ਬਾਕੀ ਸਮਾਂ ਇਥੇ ਹੀ ਖੋਜਾਰਥੀਆਂ ਨੂੰ ਮੋਨੋਗ੍ਰਾਫ ਲਿਖਵਾਉਣ ਵਿਚ ਸਹਿਯੋਗ ਦਿੰਦਿਆਂ ਜਾਂ ਆਪਣੇ ਖੋਜ-ਪੇਪਰਾਂ ਦੀ ਤਿਆਰੀ ਕਰਦਿਆਂ ਬੀਤਦਾ। ਇੱਥੇ ਹੀ ਆਪ ਪੰਜਾਬ ਹਿਸਟੋਰੀਕਲ ਸੁਸਾਇਟੀ ਦੇ ਤਾਂ ਪੱਕੇ ਮੈਂਬਰ ਸਨ, ਨਾਲ ਹੀ ਆਪ ਬਾਵਾ ਬੁੱਧ ਸਿੰਘ ਦੁਆਰਾ ਲਾਹੌਰ ਵਿਚ ਬਣਾਈ ਸਿੱਖ ਹਿਸਟਰੀ ਸੁਸਾਇਟੀ ਦੇ ਵੀ ਮੈਂਬਰ ਸਨ। ਇਸ ਦੌਰਾਨ ਆਪ ਦੇ ਖੋਜ ਭਰਪੂਰ ਪਰਚੇ ਸਮੇਂ ਦੇ ਪ੍ਰਸਿੱਧ ਖੋਜ ਰਸਾਲਿਆਂ ਵਿਚ ਛਪਦੇ ਸਨ। ਇਸੇ ਸਮੇਂ 'ਚ ਹੀ ਆਪ ਦਾ ਵਿਆਹ, ਲਾਹੌਰ ਦੇ ਮਸ਼ਹੂਰ ਵਕੀਲ, ਕਾਲਮ ਨਵੀਸ, ਰੁਚੀ ਰਾਮ ਸਾਹਨੀ ਦੀ ਧੀ ਲੀਲਾਵਤੀ ਨਾਲ ਹੋਇਆ। ਲੀਲਾਵਤੀ ਜੀ ਨੂੰ ਵੀ ਇਤਿਹਾਸ ਦੀ ਛੋਹ ਵਿਰਾਸਤ ਵਿਚ ਮਿਲੀ ਸੀ। ਸੀਤਾ ਰਾਮ ਜੀ ਦੇ ਹਰ ਖੋਜ-ਕਾਰਜ ਵਿਚ ਉਹ ਬਣਦੀ ਮਦਦ ਦੇਣ ਲੱਗੇ।

1928 ਈ. 'ਚ ਸੀਤਾ ਰਾਮ ਜੀ ਨੇ ਖਾਲਸਾ ਦਰਬਾਰ ਵਿਚ ਸ਼ੇਰੇ ਪੰਜਾਬ ਦੇ ਮੰਤਰੀ ਮੰਡਲ 'ਚ ਰਹੇ ਵਿੱਤ ਮੰਤਰੀ ਦੀਵਾਨ ਦੀਨਾ ਨਾਥ ਦੇ ਪੁੱਤਰ ਦੀਵਾਨ ਅਮਰਨਾਥ ਦੁਆਰਾ ਫ਼ਾਰਸੀ ਵਿਚ ਲਿਖੇ 'ਜਫ਼ਰਨਾਮਾ-ਏ-ਰਣਜੀਤ' ਦੇ ਖਰੜੇ ਨੂੰ ਸੋਧ ਸੰਵਾਰ ਕੇ ਅੰਗਰੇਜ਼ੀ ਦੀ ਲੰਮੀ ਭੂਮਿਕਾ ਲਿਖ, ਇਸ ਲਿਖ਼ਤ ਦੀ ਮਹੱਤਵਤਾ ਤੋਂ ਜਾਣੂ ਕਰਵਾਉਂਦਿਆਂ ਇਸ ਨੂੰ ਸੰਪਾਦਿਤ ਕੀਤਾ। ਸ਼ੇਰੇ ਪੰਜਾਬ ਬਾਰੇ ਇਹ ਇਕ ਮਹੱਤਵਪੂਨ ਲਿਖਤ ਹੈ। ਇਸ ਦੀ ਸ਼ੁਰੂਆਤ ਸ਼ੇਰੇ ਪੰਜਾਬ ਦੇ ਜਨਮ ਤੋਂ ਹੁੰਦੀ ਹੈ ਤੇ ਸਮਾਪਤੀ ਕੰਵਰ ਨੌਨਿਹਾਲ ਸਿੰਘ ਦੀ ਸ਼ਾਦੀ ਦੇ ਹਾਲਾਤ ਅੰਕਿਤ ਕਰਕੇ ਹੁੰਦੀ ਹੈ। ਇਸ ਦੇ ਕੁੱਲ 41 ਅਧਿਆਇ ਹਨ।

ਸਾਲ 1932 ਵਿਚ ਸੀਤਾ ਰਾਮ ਜੀ ਨੇ “Trail Of Mul Raj” ਮੋਨੋਗ੍ਰਾਫ ਲਿਖਿਆ। ਜਿਸ ਨੂੰ ਪੰਜਾਬ ਸਰਕਾਰ ਨੇ ਛਾਪਿਆ। ਇਸ 'ਚ ਆਪ ਨੇ ਦੂਸਰੀ ਅੰਗਰੇਜ਼ ਸਿੱਖ ਜੰਗ ਦੇ ਬੀਜ ਦੇ ਰੂਪ 'ਚ ਕੰਮ ਕਰਦੀ ਮੁਲਤਾਨ ਦੀ ਬਗਾਵਤ ਦੇ ਸੂਤਰਧਾਰ ਮੂਲਰਾਜ ੳੁਪਰ ਅੰਗਰੇਜ਼ੀ ਦਰਬਾਰ ਵਿਚ ਚੱਲੀ ਸਾਰੀ ਕਾਰਵਾਈ ਦੀ ਪੁਣ-ਛਾਣ ਕਰ ਕੇ ਦਸਤਾਵੇਜ਼ ਤਿਆਰ ਕੀਤਾ। ਇਸ ਕਾਰਵਾਈ ਦੇ ਕੁਝ ਕਾਗਜ਼ਾਤ ਕਿਤੇ ਅੱਗੇ-ਪਿਛੇ ਹੋ ਗਏ ਸਨ, ਉਨ੍ਹਾਂ ਨੂੰ ਖੋਜਣਾ ਵੀ ਇਕ ਜਟਿਲਤਾ ਸੀ ਪਰ ਸਿਆਣਿਆਂ ਦੇ ਕਥਨ ਅਨੁਸਾਰ ਜਿੱਥੇ ਚਾਹ ਉੱਥੇ ਰਾਹ, ਆਪ ਨੂੰ ਉਹ ਸਾਰੇ ਕਾਗਜ਼ਾਤ ਕਲਕੱਤੇ ਤੋਂ ਮਿਲ ਗਏ। ਸਾਰਾ ਮੁਲਾਂਕਣ ਕਰਨ ਉਪਰੰਤ, ਇਕ ਲੰਮੀ ਭੂਮਿਕਾ ਅਤੇ ਜਾਨ ਲੌਗਿਨ, ਜਾਨ ਲਾਰੈਂਸ ਤੇ ਲੈਪਲ ਗ੍ਰਿਫਨ ਦੀਆਂ ਟਿੱਪਣੀਆਂ ਸਮੇਤ ਜੋ ਉਨ੍ਹਾਂ ਮੂਲਰਾਜ ਤੇ ਮੁਲਤਾਨ ਦੀ ਬਗਾਵਤ ਬਾਰੇ ਕੀਤੀਆਂ ਸਨ, ਇਹ ਦਸਤਾਵੇਜ਼ ਮੁਕੰਮਲ ਕੀਤਾ।

ਇੱਥੇ ਲਾਹੌਰ ਰਹਿੰਦਿਆਂ ਹੀ, ਹਿੰਦੁਸਤਾਨੀ ਐਕਡਮੀ, ਅਲਾਹਾਬਾਦ ਦੇ ਕਹਿਣ ਤੇ ਆਪ ਨੇ ਉਰਦੂ ਜ਼ੁਬਾਨ 'ਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੀਵਨੀ ਲਿਖੀ, ਜਿਸ ਨੂੰ ਅਕੈਡਮੀ ਨੇ ਛਪਵਾਇਆ। ਇਸਦੇ ਨਾਲ ਪ੍ਰੋ.ਐਚ.ਐਲ.ੳੁ.ਗੈਰਟ ਨਾਲ ਮਿਲ ਕੇ ਭਾਰਤ ਦੇ ਇਤਹਾਸ 'ਤੇ ਵੀ ਕੁੱਝ ਕੰਮ ਕੀਤਾ। “A History Of India (The Muhammdan)” , “The Indus Vally Civilzation”, “Army of Maharaja Ranjit Singh”,“History of India from Beginning to A.D 1526” ਆਦਿ ਕਿਤਾਬਾਂ ਤੋਂ ਬਿਨ੍ਹਾਂ ਹੋਰ ਬਹੁਤ ਸਾਰੇ ਖੋਜ-ਪੱਤਰ ਵੀ ਪ੍ਰਕਾਸ਼ਿਤ ਕੀਤੇ, ਜਿਨ੍ਹਾਂ ਦਾ ਜ਼ਿਆਦਾਤਰ ਸਬੰਧ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਨਾਲ ਸੀ।

1933 ’ਚ ਲਾਹੌਰ ਗੌਰਮਿੰਟ ਕਾਲਜ ਦੀ 14 ਸਾਲ ਦੇ ਅਧਿਆਪਨ ਕਾਰਜ ਤੋਂ ਬਾਅਦ ਆਪ ਦੀ ਬਦਲੀ ਲੁਧਿਆਣੇ ਦੇ ਗੌਰਮਿੰਟ ਕਾਲੇਜ ਵਿਚ  ਪ੍ਰਿੰ.ਹਾਰਵੇ ਦੇ ਨਾਲ ਵਾਇਸ ਪ੍ਰਿੰਸੀਪਲ ਦੇ ਪਦ 'ਤੇ ਸੀਤਾ ਰਾਮ ਜੀ ਦੀ ਨਿਯੁਕਤੀ ਹੋਈ। ਲੁਧਿਆਣੇ ਆਪ ਦੀ ਰਿਹਾਇਸ਼ ਉਸ ਘਰ 'ਚ ਸੀ, ਜਿੱਥੇ ਕਿਸੇ ਵਕਤ ਅਫ਼ਗਾਨਿਸਤਾਨ ਦਾ ਗੱਦੀ ਤੋਂ ਲੱਥਾ ਬਾਦਸ਼ਾਹ ਸ਼ਾਹ ਜਮਾਨ ਤੇ ਉਸਦਾ ਭਰਾ ਸ਼ਾਹ ਸ਼ੁਜਾਹ ਪਰਿਵਾਰ ਸਮੇਤ ਅੰਗਰੇਜ਼ਾਂ ਦੀ ਪਨਾਹ ਵਿਚ ਰਹੇ ਸਨ। ਆਪ ਜੀ ਨੂੰ 1938 ਵਿਚ ਇੰਡੀਅਨ ਹਿਸਟਰੀ ਕਾਂਗਰਸ ਦੀ ਅਲਾਹਾਬਾਦ ਦੀ ਖੋਜ ਸਭਾ 'ਚ ਦੂਸਰੇ ਸੈਸ਼ਨ ਵਿਚ ਪ੍ਰਧਾਨਗੀ ਕਰਨ ਦਾ ਮਾਣ ਹਾਸਿਲ ਹੋਇਆ। ਇੱਥੇ ਆਪ ਨੇ "ਅਹਿਮਦ ਸ਼ਾਹ ਅਬਦਾਲੀ ਤੇ ਸਿੱਖ (1748-65)” ਵਿਸ਼ੇ 'ਤੇ ਪਰਚਾ ਪੜ੍ਹਿਆ। ਇਥੋਂ 1940 'ਚ ਆਪ ਨੂੰ ਬਦਲੀ ਕਰਕੇ ਹੁਸ਼ਿਆਰਪੁਰ ਦੇ ਗੌਰਮਿੰਟ ਕਾਲਜ ਵਿਚ ਬਤੌਰ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ। ਇੱਥੋਂ ਫਿਰ 1944 'ਚ ਬਦਲੀ ਕਰਕੇ ਰੋਹਤਕ ਦੇ ਗੌਰਮਿੰਟ ਕਾਲੇਜ ਵਿਚ ਪ੍ਰਿੰ. ਦੇ ਪਦ 'ਤੇ ਸੁਭਾਇਮਾਨ ਹੋਏ। ਇਸ ਸਾਰੇ ਸਮੇਂ 'ਚ ਆਪ ਦਾ ਖੋਜ-ਕਾਰਜ ਨਿਰੰਤਰ ਚਲਦਾ ਰਿਹਾ। 1946 'ਚ ਰਿਟਾਇਰ ਹੋ ਕੇ ਰੋਹਤਕ ਹੀ ਆਪਣੀ ਪੱਕੀ ਰਿਹਾਇਸ਼ (ਗੋਸਾ-ਇ-ਅਫ਼ਾਯਤ) ਕਰ ਲਈ। ਇਸੇ ਸਮੇਂ'ਚ ਪੰਜਾਬ ਸਰਕਾਰ ਨੇ ਆਪ ਦੀਆਂ ਸੇਵਾਵਾਂ ਦੀ ਮੰਗ ਬਤੌਰ ਪ੍ਰਿੰ. ਰਣਬੀਰ ਕਾਲਜ, ਸੰਗਰੂਰ ਲਈ ਕੀਤੀ। ਆਪ ਨੇ ਹਾਮੀ ਭਰ ਦਿੱਤੀ, ਨਾਲ ਹੀ ਜੀਂਦ ਰਿਆਸਤ ਦੇ ਵਿੱਦਿਆ ਵਿਭਾਗ ਵਿਚ ਸੁਪਰਟੈਂਨਡੰਟ ਦਾ ਭਾਰ ਵੀ ਸੰਭਾਲ ਰਹੇ ਸਨ। 1948 'ਚ ਪੈਪਸੂ ਬਣਨ ਕਾਰਨ ਇਸ ਪਦ ਤੋਂ ਫਾਰਗ ਹੋ ਕੇ ਸਾਰਾ ਸਮਾਂ ਰਣਬੀਰ ਕਾਲਜ ਨੂੰ ਦੇਣ ਲੱਗੇ। ਇਥੋਂ ਹੀ ਨਵੰਬਰ 1951 'ਚ ਰਿਟਾਇਰ ਹੋ ਕੇ ਆਪਣੇ ਘਰ ਰੋਹਤਕ ਆ ਕੇ ਖੋਜ-ਕਾਰਜ ਵਿਚ ਦੁਬਾਰਾ ਫਿਰ ਜੁਟ ਗਏ।

PunjabKesari

ਰਣਬੀਰ ਕਾਲਜ ਵਿਚ ਰਹਿੰਦਿਆਂ ਹੀ ਸੀਤਾ ਰਾਮ ਜੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੀਵਨ ਪੰਜਾਬੀ ਵਿਚ ਮੁਕੰਮਲ ਕਰ ਲਿਆ ਸੀ। ਜੋ ਕੁਝ ਕਾਰਣਾਂ ਕਰਕੇ 1953 ਵਿਚ ਛਪਿਆ। ਮਹਾਰਾਜਾ ਰਣਜੀਤ ਸਿੰਘ ਬਾਰੇ ਪੰਜਾਬੀ ਵਿਚ ਲਿਖੀ ਉਸ ਵਕਤ ਤੱਕ ਇਹ ਇਕੋ-ਇੱਕ ਉੱਚ ਪਾਏ ਦੀ ਲਿਖ਼ਤ ਸੀ। ਇਸ ਵਿਚ ਪਹਿਲੀ ਵਾਰ ਮਹਾਰਾਜਾ ਨੂੰ ਪੰਜਾਬੀਆਂ ਦੀ ਨਜ਼ਰ-ਏ-ਨਿਗਾਹ ਤੋਂ ਪੇਸ਼ ਕਰਦੇ ਹੋਏ, ਅੰਗਰੇਜ਼ਾਂ ਦੁਆਰਾ ਮਹਾਰਾਜਾ ਦੇ ਕਿਰਦਾਰ ਨੂੰ ਮੈਲ਼ਾ ਕਰਨ ਵਾਲੀਆਂ ਗੱਲਾਂ ਦਾ ਦਲੀਲ ਪੂਰਬਕ, ਤੱਥ-ਅਧਾਰਿਤ ਖੰਡਨ ਕੀਤਾ ਗਿਆ ਸੀ। 

1952 ਵਿਚ ਮਹਿਕਮਾ ਪੰਜਾਬੀ ਨੇ ਆਪ ਦੁਆਰਾ ਸੰਪਾਦਿਤ ਗਣੇਸ਼ ਦਾਸ ਵਡੇਰਾ ਦੀ ਪੰਜਾਬੀ ਲਿਖ਼ਤ "ਫ਼ਤਿਹਨਾਮਾ ਗੁਰੂ ਖ਼ਾਲਸਾ ਜੀ ਕਾ" ਛਾਪੀ ਗਈ। ਇਤਿਹਾਸਿਕ ਦ੍ਰਿਸ਼ਟੀਕੋਣ ਤੋਂ ਇਸ ਕਿਤਾਬ ਦਾ ਖਾਲਸਾ ਰਾਜ ਦੇ ਇਤਹਾਸ ਅੰਦਰ ਇਕ ਖਾਸ ਮਹੱਤਵ ਹੈ। ਸੰਪਾਦਕ ਦੇ ਅਨੁਸਾਰ ਇਹ ਰਚਨਾ ਕੋਈ 1831-32 ਦੇ ਲਾਗੇ ਦੀ ਹੈ। ਇਸਦੇ ਕੁੱਲ 279 ਛੰਦ ਤੇ 5 ਅਧਿਆਇ ਹਨ। ਇਸ ਕ੍ਰਿਤ ਦੇ ਅੰਦਰ ਮੁਲਤਾਨ ਦੀ ਮੁਹਿਮ ਵਿਚ ਸ਼ੇਰੇ ਪੰਜਾਬ ਨਾਲ ਮਾਈ ਨਕੈਣ ਦੀ ਜਾਣ ਦਾ ਜ਼ਿਕਰ, ਮੁਲਤਾਨ, ਪਿਸ਼ਾਵਰ, ਨੌਸ਼ਿਹਰੇ ਆਦਿ ਦੀ ਜੰਗ ਦਾ ਜ਼ਿਕਰ ਬਿਨ੍ਹਾਂ ਕਿਸੇ ਪੱਖਪਾਤ ਤੋਂਬਹੁਤ ਸੁੰਦਰ ਢੰਗ ਨਾਲ ਕੀਤਾ ਗਿਆ ਹੈ। ਇਸਦਾ ਮੁੱਖ-ਬੰਧ ਭਾਈ ਵੀਰ ਸਿੰਘ ਜੀ ਨੇ ਲਿਖਿਆ ਸੀ। 

1956 ਈ. ਵਿਚ ਪ੍ਰੋ.ਸੇਵਾ ਸਿੰਘ ਗਿਆਨੀ ਦੇ ਸਹਿਯੋਗ ਨਾਲ ਆਪ ਨੇ ਵਾਰ ਸ਼ਾਹ ਮੁਹੰਮਦ ਦੀ "ਜੰਗ ਹਿੰਦ ਪੰਜਾਬ" ਦੇ ਨਾਮ ਸੰਪਾਦਨਾ ਕੀਤੀ। ਇਸ ਦੀ 132 ਪੰਨਿਆਂ ਤੇ ਪਸਰੀ ਭੂਮਿਕਾ 'ਚ, ਸਿੱਖ ਮਿਸਲਾਂ, ਰਣਜੀਤ ਸਿੰਘ ਦੇ ਰਾਜ ਦੇ ਸੂਰਜ ਚੜਨ ਤੋਂ ਅਸਤ ਹੋਣ ਤੱਕ ਦਾ ਸੰਖੇਪ ਹਾਲ,ਨਾਲ ਹੀ ਕਿੱਸੇ ਦੀ ਇਤਿਹਾਸਿਕ ਮਹੱਤਤਾ, ਕਿੱਸੇ ਵਿਚਲੇ ਗੁਣ ਦੋਸ਼ਾਂ ਆਦਿ ਦਾ ਸੁੰਦਰ ਮੁਲਾਂਕਣ ਕੀਤਾ। ਕਾਵਿਕ ਪੱਖ ਤੋਂ ਬੋਲੀ, ਬਣਤਰ, ਮੁਹਾਵਰੇ, ਉਪਮਾਵਾਂ, ਵਿਅੰਗਾਤਮਕਤਾ, ਸ਼ੈਲੀ, ਕਵੀ ਦਾ ਖ਼ੁਦ ਦਾ ਜੀਵਨ ਆਦਿ ਵਿਸ਼ਿਆਂ 'ਤੇ ਚਾਨਣਾ ਪਾਇਆ ਹੈ। ਇਸ ਤੋਂ ਬਾਅਦ ਆਪ ਨੇ ਸਾਰਾ ਧਿਆਨ ਮੁੜ ਖਾਲਸਾ ਰਾਜ ਦੇ ਆਖ਼ਰੀ ਦਸ ਸਾਲਾਂ ਤੇ ਕੇਂਦਰਿਤ ਕੀਤਾ। ਇਸ ਵਿਚ ਆਪ ਨੇ ਉਸ ਸਮੇਂਦੀਆਂ ਸਾਰੀਆਂ ਲਿਖਤਾਂ ਦੀ ਪੁਣ-ਛਾਣ ਕੀਤੀ। ਕਿਵੇਂ ਸਿੱਖ ਰਾਜ ਦਾ ਸੂਰਜ ਚੜ੍ਹਿਆ, ਚਮਕਿਆ ਤੇ ਫਿਰ ਛਿਪ ਗਿਆ, ਹਰ ਪੱਖ 'ਤੇ ਤਰਕ, ਦਲੀਲ ਤੇ ਦਸਤਾਵੇਜ਼ੀ ਰੌਸ਼ਨੀ 'ਚ ਕੰਮ ਕੀਤਾ। ਇਹ ਕਿਤਾਬ ਮੁਕੰਮਲ ਤਾਂ 1962 ਵਿਚ ਹੋ ਗਈ ਸੀ ਪਰ ਅਗਸਤ 1962 ਵਿਚ ਆਪ ਦੇ ਅੱਖਾਂ ਮੀਚ ਜਾਣ ਕਾਰਨ ਬਾਅਦ ਵਿਚ ਇਸ ਖਰੜੇ ਨੂੰ ਸੋਧ ਕੇ ਇਸ ਦੀ ਛਪਾਈ ਖੁਸ਼ਵੰਤ ਸਿੰਘ ਨੇ 1967 ਚ “Sunset of The Sikh Empire” ਨਾਮ ਥੱਲੇ ਕਰਵਾਈ।

ਸੀਤਾ ਰਾਮ ਕੋਹਲੀ ਇਕ ਸੁਲਝਿਆ ਹੋਇਆ ਇਤਿਹਾਸਕਾਰ ਸੀ। ਆਪ ਕੋਲ ਤੱਥਾਂ ਦੀ ਪੁਣ-ਛਾਣ ਕਰਨ ਦੀ ਸੁਚੱਜੀ ਸੂਝ ਸੀ। ਇਮਾਨਦਾਰੀ ਤੇ ਦ੍ਰਿੜਤਾ ਦੇ ਨਾਲ-ਨਾਲ ਤਰਕ ਸੰਗਤ-ਸੋਚ ਕਰ ਕੇ, ਸਹੀ ਗ਼ਲਤ ਦਾ ਨਿਖੇੜਾ ਬੜੇ ਸਹਿਜ ਨਾਲ ਕਰ ਲੈਂਦੇ ਸਨ। ਆਪ ਦਾ ਕੰਮ ਇਤਹਾਸ ਅੰਦਰ, ਖਾਸ ਤੌਰ 'ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਉਤਰਾਅ-ਚੜਾਅ ਸਬੰਧੀ ਮੀਲ-ਪੱਥਰ ਹੈ। ਆਪ ਜੀ ਦੀ ਘਾਲਣਾ ਅਤੇ ਦੇਣ ਪ੍ਰਤੀ ਖੁਸ਼ਵੰਤ ਸਿੰਘ ਦਾ ਇਹ ਕਥਨ ਬਿਲਕੁਲ ਦਰੁਸਤ ਹੈ, ਜਿਸ ਵਿਚ ਉਹ ਆਪ ਜੀ ਨੂੰ 'ਪੰਜਾਬ ਦਾ ਮਹਾਨ ਪੁੱਤ ਸੀ' ਆਖਦਾ ਹੈ।


rajwinder kaur

Content Editor

Related News