ਕਾਲਜ ਪ੍ਰਿੰਸੀਪਲ ਨਾਲ ਆਨ ਲਾਈਨ ਠੱਗੀ, ਇੰਝ ਫਸਾਇਆ ਜਾਲ ’ਚ
Wednesday, Oct 26, 2022 - 05:43 PM (IST)
ਮੋਗਾ (ਅਜ਼ਾਦ) : ਮੋਗਾ ਦੇ ਇਕ ਪ੍ਰਾਈਵੇਟ ਕਾਲਜ ਦੇ ਵਾਈਸ ਪ੍ਰਿੰਸੀਪਲ ਨਾਲ ਦੋ ਵਿਅਕਤੀਆਂ ਵੱਲੋਂ ਕਥਿਤ ਮਿਲੀਭੁਗਤ ਕਰ ਕੇ 26, 800 ਰੁਪਏ ਦੀ ਆਨਲਾਈਨ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਜਾਂਚ ਤੋਂ ਬਾਅਦ ਤੇਜਿੰਦਰ ਸਿੰਘ ਨਿਵਾਸੀ ਬਸਤੀ ਗੋਬਿੰਦਗੜ੍ਹ ਦੀ ਸ਼ਿਕਾਇਤ ’ਤੇ ਅਨਵਰ ਵਿਸ਼ਵਾਸ ਨਿਵਾਸੀ ਰਾਮ ਕ੍ਰਿਸ਼ਨਪੁਰ ਤਕੋਨਾ ਵੈਸਟ ਬੰਗਾਲ ਅਤੇ ਮਨੋਜ ਲਲਿਤ ਕਾਲੇ ਨਿਵਾਸੀ ਕਾਲੇ ਬਸਤੀ ਸਵੇਰੇ ਸੋਲਾਪੁਰ ਮਹਾਰਾਸ਼ਟਰ ਖ਼ਿਲਾਫ਼ ਧੋਖਾਦੇਹੀ ਅਤੇ ਹੋਰਨਾਂ ਧਾਰਾਵਾਂ ਦੇ ਤਹਿਤ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਤੇਜਿੰਦਰ ਸਿੰਘ ਨੇ ਕਿਹਾ ਕਿ ਉਸਨੇ ਪੰਜਾਬ ਨੈਸ਼ਨਲ ਬੈਂਕ ਦੇ ਕਸਟਮਰ ਕੇਅਰ ਸੈੱਲ ਨਾਲ ਕੋਈ ਜਾਣਕਾਰੀ ਹਾਸਲ ਕਰਨ ਲਈ ਸੰਪਰਕ ਕੀਤਾ ਤਾਂ ਕਥਿਤ ਦੋਸ਼ੀਆਂ ਨੇ ਆਪਣੇ ਆਪ ਨੂੰ ਕਸਟਮਰ ਕੇਅਰ ਦੇ ਇੰਚਾਰਜ ਦੱਸ ਕੇ ਭਰੋਸੇ ਵਿਚ ਲੈ ਕੇ ਓ. ਟੀ. ਪੀ. ਨੰਬਰ ਹਾਸਲ ਕਰ ਲਿਆ ਅਤੇ ਮੇਰੇ ਬੈਂਕ ਖਾਤੇ ਵਿਚ 46,800 ਰੁਪਏ ਕਢਵਾ ਲਏ,ਜਿਸ ਦਾ ਮੈਂਨੂੰ ਤੁਰੰਤ ਪਤਾ ਲੱਗਣ ’ਤੇ ਮੈਂ ਤੁਰੰਤ ਸਾਈਬਰ ਸੈਲ ਮੋਗਾ ਦੇ ਇੰਚਾਰਜ ਦੇ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ 20 ਹਜ਼ਾਰ ਰੁਪਏ ਵਾਪਸ ਕਰਵਾ ਲਏ, ਜਦਕਿ 26,800 ਰੁਪਏ ਵਾਪਸ ਨਹੀਂ ਹੋਏ। ਇਸ ਮਾਮਲੇ ਦੀ ਜਾਂਚ ਇੰਸਪੈਕਟਰ ਜਸਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।