ਪ੍ਰਧਾਨ ਮੰਤਰੀ ਮੋਦੀ ਦੁਨੀਆ ਦੇ ਬਿਹਤਰੀਨ ਕੋਰੋਨਾ ਵਾਰੀਅਰ : ਸ਼ਵੇਤ ਮਲਿਕ
Saturday, Mar 27, 2021 - 10:45 AM (IST)
ਅੰਮ੍ਰਿਤਸਰ (ਕਮਲ) - ਰਾਜ ਸਭਾ ਦੇ ਮੈਂਬਰ ਅਤੇ ਸਾਬਕਾ ਭਾਜਪਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਸੰਸਦ ਵਿਚ ਬਜਟ ਦੇ ਫ਼ਾਇਦੇ ਦੱਸੇ। ਇਸ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਦਾ ਬਿਹਤਰੀਨ ਕੋਰੋਨਾ ਵਾਰੀਅਰ ਦੱਸਿਆ ਅਤੇ ਪ੍ਰਧਾਨ ਮੰਤਰੀ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਕੀਤੀ ਯੋਗ ਅਗਵਾਈ ਦੀ ਤਾਰੀਫ਼ ਵੀ ਕੀਤੀ। ਮਲਿਕ ਨੇ ਦੱਸਿਆ ਕਿ ਇਸ ਔਖੀ ਘੜੀ ਵਿਚ ਵੀ ਪ੍ਰਧਾਨ ਮੰਤਰੀ ਨੇ 23 ਲੱਖ ਕਰੋੜ ਦਾ ਰਾਹਤ ਪੈਕੇਜ ਦਿੱਤਾ, ਜੋ ਦੁਨੀਆ ਦੇ 5 ਸਭ ਤੋਂ ਵੱਡੇ ਰਾਹਤ ਪੈਕੇਜ ਵਿੱਚੋਂ ਇਕ ਹੈ। ਅੱਜ ਕੋਰੋਨਾ ਵੈਕਸੀਨ ਬਣਾਉਣ ਵਿਚ ਭਾਰਤ ਮੂਹਰਲੀ ਕਤਾਰ ਵਿਚ ਖੜ੍ਹਾ ਹੈ ਅਤੇ ਸੰਸਾਰ ਭਰ ਵਿਚ ਵੈਕਸੀਨ ਵੰਡ ਰਿਹਾ ਹੈ।
ਮਲਿਕ ਨੇ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਫ਼ਾਇਦੇ ਦੱਸਦੇ ਹੋਏ ਕਿਹਾ ਕਿ ਇਹ ਬਜਟ ਦੇਸ਼ ਦੇ ਹਰ ਵਰਗ ਨੂੰ ਲਾਭ ਪਹੁੰਚਾਉਣ ਵਿਚ ਸਮਰੱਥ ਹੈ। ਵਿਸਥਾਰਪੂਰਵਕ ਦੱਸਦੇ ਹੋਏ ਮਲਿਕ ਨੇ ਕਿਹਾ ਕਿ ਕੋਰੋਨਾ ਵੈਕਸੀਨ ਲਈ 35,000 ਕਰੋੜ ਰੁਪਏ ਦੇ ਖ਼ਰਚ ਦੀ ਤਜਵੀਜ਼ ਕੀਤੀ ਗਈ ਹੈ। ਸਿਹਤ ਖੇਤਰ ’ਤੇ ਖ਼ਰਚ 137 ਫ਼ੀਸਦੀ ਵਧਾ ਕੇ 2.23 ਲੱਖ ਕਰੋੜ ਰੁਪਏ ਕੀਤਾ ਗਿਆ, ਜੋ ਇਕ ਇਤਿਹਾਸਿਕ ਕਦਮ ਹੈ।
ਮਲਿਕ ਨੇ ਦੱਸਿਆ ਕਿ ਸੜਕਾਂ ਲਈ ਇਸ ਬਜਟ ਵਿਚ 1,81,000 ਕਰੋੜ ਦਿੱਤੇ ਗਏ, ਜਿਸ ਨਾਲ ਭਾਰਤ ਦਾ ਹਰ ਪਿੰਡ ਸੜਕ ਮਾਰਗ ਨਾਲ ਜੁੜ ਜਾਵੇਗਾ। ਰੇਲਵੇ ਦੀ ਤਰੱਕੀ ਲਈ 1, 10,000 ਕਰੋੜ ਰੁਪਏ ਨਾਲ ਆਮ ਜਨਤਾ ਨੂੰ ਜ਼ਿਆਦਾ ਸਹੂਲਤਾਂ ਦਾ ਲਾਭ ਹੋਵੇਗਾ। ਮਲਿਕ ਨੇ ਕਿਹਾ ਕਿ ਉੱਜਵਲਾ ਯੋਜਨਾ ਅਨੁਸਾਰ 8 ਕਰੋੜ ਗ੍ਰਹਿਣੀਆਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਵੰਡੇ ਜਾਣਗੇ। ਬੀਮਾ ਖੇਤਰ ਵਿਚ ਐੱਫ. ਡੀ.ਆਈ. 29 ਫ਼ੀਸਦੀ ਤੋਂ ਵਧਾ ਕਰ 74 ਫ਼ੀਸਦੀ ਤੱਕ ਵਧਾਈ ਗਈ ਤਾਂ ਕਿ ਭਾਰਤੀਆਂ ਨੂੰ ਹੋਰ ਵੀ ਸਸਤੇ ਬੀਮੇ ਮਿਲ ਸਕਣ। ਪਾਣੀ ਦੀ ਦੇਸ਼ ਭਰ ਵਿੱਚ ਸਪਲਾਈ ਲਈ 2 ਲੱਖ 87 ਹਜ਼ਾਰ ਕਰੋੜ ਨੂੰ ਮਨਜ਼ੂਰੀ ਦਿੱਤੀ।