ਪ੍ਰਾਇਮਰੀ ਸਕੂਲ ਦਾ ਹਾਲ, ਕਲਾਸਾਂ 5, ਬੱਚੇ 11, ਕਮਰੇ 2, ਅਧਿਆਪਕ ਸਿਰਫ ਇਕ!

01/25/2020 5:38:35 PM

ਜਲੰਧਰ (ਵਰਿਆਣਾ)— ਇਕ ਪਾਸੇ ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪਿਛਲੇ ਸਾਲਾਂ ਦੇ ਮੁਕਾਬਲੇ ਦਾਖਲਾ ਦਰ ਦੇ ਵਾਧੇ ਅਤੇ ਸਕੂਲਾਂ ਨੂੰ ਸਿੱਖਿਆ ਦੇ ਖੇਤਰ 'ਚ ਹਰ ਪੱਖੋਂ ਸਹੂਲਤਾਂ ਦੇਣ ਦੇ ਦਾਅਵੇ ਕਰ ਰਿਹਾ ਹੈ। ਉਥੇ ਹੀ ਦੂਜੇ ਪਾਸੇ ਕਈ ਉਕਤ ਸਕੂਲ ਅਜਿਹੇ ਵੀ ਹਨ, ਜੋ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਤਾਂ ਜੂਝ ਹੀ ਰਹੇ ਹਨ ਨਾਲ ਹੀ ਉਨ੍ਹਾਂ 'ਚ ਬੱਚਿਆਂ ਦੇ ਦਾਖਲੇ ਦਰ ਦੀ ਵੀ ਕਮੀ ਦਿਖਾਈ ਦਿੱਤੀ, ਜੋ ਉਕਤ ਦਾਅਵਿਆਂ ਦੀ ਪੋਲ ਖੋਲ੍ਹਦੇ ਦਿਖਾਈ ਦੇ ਰਹੀ ਹੈ।

ਇਸ ਸਬੰਧੀ ਜਦੋਂ 'ਜਗ ਬਾਣੀ' ਟੀਮ ਨੇ ਹਲਕਾ ਕਰਤਾਰਪੁਰ ਦੇ ਅਧੀਨ ਆਉਂਦੇ ਪਿੰਡ ਗੋਨਾ ਚੱਕ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਉਕਤ ਸਕੂਲ 'ਚ ਸਿਰਫ 11 ਬੱਚੇ ਹੀ ਪੜ੍ਹ ਰਹੇ ਸਨ, ਪੰਜ ਕਲਾਸਾਂ ਹੋਣ ਦੇ ਬਾਵਜੂਦ ਸਭ ਇਕ ਹੀ ਕਮਰੇ 'ਚ ਪੜ੍ਹ ਰਹੇ ਸਨ, ਸਕੂਲ 'ਚ ਸਿਰਫ ਦੋ ਹੀ ਕਮਰੇ ਸੀ ਬੱਚਿਆਂ ਦੇ ਪੜ੍ਹਨ ਲਈ, ਉਨ੍ਹਾਂ ਨੂੰ ਪੜ੍ਹਾਉਣ ਵਾਲਾ ਇਕ ਹੀ ਅਧਿਆਪਕ ਸੀ। ਇਸ ਸਬੰਧੀ ਜਦੋਂ ਸਕੂਲ ਅਧਿਆਪਕ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਕੂਲ 'ਚ ਸਿਰਫ 11 ਬੱਚੇ ਹੀ ਪੜ੍ਹਦੇ ਹਨ, ਉਨ੍ਹਾਂ ਨੂੰ ਪੜ੍ਹਾਉਣ ਲਈ ਸਿਰਫ ਮੈਂ ਹੀ ਇਕ ਅਧਿਆਪਕ ਹਾਂ।

ਉਨ੍ਹਾਂ ਦੱਸਿਆ ਬੱਚਿਆਂ ਦੀ ਘੱਟ ਗਿਣਤੀ ਅਤੇ ਇਕ ਅਧਿਆਪਕ ਹੋਣ ਕਾਰਣ ਉਹ ਇਕ ਹੀ ਕਮਰੇ 'ਚ ਪੰਜ ਕਲਾਸਾਂ ਦੇ ਬੱਚਿਆਂ ਨੂੰ ਪੜ੍ਹਾ ਰਹੇ ਹਨ। ਉਨ੍ਹਾਂ ਨੂੰ ਜਦੋਂ ਦਾਖਲਾ ਦਰ ਦੀ ਕਮੀ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਕ ਤਾਂ ਪਿੰਡ ਦੀ ਅਬਾਦੀ ਘੱਟ ਹੈ, ਦੂਸਰਾ ਕਈ ਲੋਕ ਆਪਣੇ ਬੱਚਿਆ ਨੂੰ ਪ੍ਰਾਈਵੇਟ ਸਕੂਲਾਂ 'ਚ ਪੜ੍ਹਾ ਰਹੇ ਹਨ। ਬੇਸ਼ਕ ਸਕੂਲ 'ਚ ਬੱਚਿਆਂ ਦੀ ਗਿਣਤੀ ਬੇਹਦ ਘੱਟ ਹੈ ਪਰ ਉਨ੍ਹਾਂ ਨੂੰ ਓਨਾ ਹੀ ਪੜ੍ਹਾਉਣਾ ਪੈਂਦਾ ਹੈ, ਜਿਨ੍ਹਾਂ ਬਾਕੀ ਸਕੂਲਾਂ ਦੇ ਅਧਿਆਪਕ ਜ਼ਿਆਦਾ ਗਿਣਤੀ 'ਚ ਬੱਚਿਆਂ ਨੂੰ ਪੜ੍ਹਾਉਂਦੇ ਹਨ ਕਿਉਂਕਿ ਹਰ ਕਲਾਸ ਦੇ ਕਰੀਬ 5 ਵਿਸ਼ੇ ਤਾਂ ਹੈ ਹੀ, ਸਭ ਵਿਸ਼ੇ ਪੜ੍ਹਾਉਣੇ ਵੀ ਜ਼ਰੂਰੀ ਹਨ ਅਤੇ ਇਕਲੇ ਹੋਣ ਨਾਲ ਮੁਸ਼ਕਲਾਂ ਹਨ ਪਰ ਉਮੀਦ ਹੈ ਵਿਭਾਗ ਜਲਦ ਇਸ ਬਾਰੇ ਜ਼ਰੂਰ ਕੋਈ ਹੱਲ ਕਰੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਅਚਨਚੇਤ ਛੁੱਟੀ ਵੀ ਉਹ ਨਹੀਂ ਲੈ ਸਕਦਾ ਕਿਉਂਕਿ ਛੁੱਟੀ ਕਰਨ ਦਾ ਮਤਲਬ ਸਕੂਲ ਦੀ ਛੁੱਟੀ, ਜੋ ਵਿਭਾਗੀ ਹਦਾਇਤਾਂ ਦੇ ਉਲਟ ਹੋਵੇਗਾ।

ਬੱਚਿਆਂ ਦਾ ਭਵਿੱਖ ਖਤਰੇ 'ਚ
ਉਧਰ ਇਸ ਸਬੰਧੀ ਪਿੰਡ ਅਤੇ ਇਲਾਕੇ ਦੇ ਜ਼ਿਆਦਾਤਰ ਲੋਕਾਂ ਦਾ ਕਹਿਣਾ ਸੀ ਕਿ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਇਕ ਅਧਿਆਪਕ ਅਤੇ ਉਸ ਵੱਲੋਂ ਇਕ ਹੀ ਕਲਾਸ 'ਚ ਸਭ ਨੂੰ ਵੱਖ-ਵੱਖ ਵਿਸ਼ਿਆਂ ਨਾਲ ਪੜ੍ਹਾਉਣਾ ਬੱਚਿਆਂ ਦੇ ਉਜਵਲ ਭਵਿੱਖ ਲਈ ਖਤਰੇ ਦੀ ਘੰਟੀ ਹੈ ਕਿਉਂਕਿ ਜਿਨ੍ਹਾਂ ਹਾਲਾਤ 'ਚ ਉਕਤ ਬੱਚੇ ਪੜ੍ਹ ਰਹੇ ਹਨ, ਉਹ ਉਨ੍ਹਾਂ ਨੂੰ ਪੜ੍ਹਾਈ ਦੀ ਭਾਵਨਾ ਤੋਂ ਦੂਰ ਕਰ ਸਕਦੇ ਹਨ, ਜਦਕਿ ਵਿਗਿਆਨ ਅਤੇ ਆਧੁਨਿਕ ਜ਼ਿੰਦਗੀ ਦੀ ਇਸ ਤੇਜ਼ ਰਫਤਾਰ ਜ਼ਿੰਦਗੀ 'ਚ ਪੜ੍ਹਾਈ ਲਈ ਵਧੀਆ ਮਾਹੌਲ ਚਾਹੀਦਾ ਹੈ, ਜੋ ਇਥੇ ਦਿਖਾਈ ਨਹੀਂ ਦੇ ਰਿਹਾ, ਜਿਸ ਪਾਸੇ ਪ੍ਰਸ਼ਾਸਨ ਅਤੇ ਸਰਕਾਰ ਉਚਿਤ ਕਦਮ ਚੁੱਕੇ। ਕਾਰਣ ਬੇਸ਼ਕ ਕੁਝ ਵੀ ਹੋਣ ਪਰ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਘਟ ਰਹੀ ਗਿਣਤੀ ਅਤੇ ਤਾਇਨਾਤ ਲੋੜ ਤੋਂ ਘੱਟ ਅਧਿਆਪਕ ਚਿੰਤਾ ਦਾ ਵਿਸ਼ਾ ਹੈ। ਪੰਚਾਇਤਾਂ, ਧਾਰਮਕ, ਸਮਾਜਕ ਅਤੇ ਰਾਜਨੀਤਕ ਆਗੂ ਵੀ ਸਰਕਾਰੀ ਸਕੂਲਾਂ ਪ੍ਰਤੀ ਆਪਣੀ ਈਮਾਨਦਾਰੀ ਨਾਲ ਵਫਾਦਾਰੀ ਨਿਭਾਉਣ ਤਾਂ ਜੋ ਉਕਤ ਸਕੂਲਾਂ ਦੀ ਪੜ੍ਹਾਈ ਦਾ ਮਿਆਰ ਉੱਚਾ ਹੋਵੇ ਅਤੇ ਉਨ੍ਹਾਂ 'ਚ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ ਵਧੇ।

ਆਖਿਰ ਕਿਉਂ ਸਰਕਾਰੀ ਸਕੂਲਾਂ 'ਤੇ ਮਾਪਿਆਂ ਦਾ ਵਿਸ਼ਵਾਸ ਨਹੀਂ ਬਣਦਾ
ਉਧਰ ਕਈ ਬੁੱਧੀਜੀਵੀਆਂ ਅਤੇ ਵੱਖ-ਵੱਖ ਧਾਰਮਕ, ਸਮਾਜਕ ਜਥੇਬੰਦੀਆਂ ਦੇ ਜ਼ਿਆਦਾਤਰ ਆਗੂਆਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਦਾਅਵਿਆਂ ਦੇ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਸਹੂਲਤਾਂ ਨਾਲ ਭਰਪੂਰ ਕੀਤਾ ਹੈ ਤਾਂ ਅਖਿਰ ਫਿਰ ਕਿਉਂ ਬੱਚਿਆਂ ਦੇ ਮਾਪਿਆਂ ਦਾ ਸਰਕਾਰੀ ਸਕੂਲਾਂ 'ਤੇ ਵਿਸ਼ਵਾਸ ਨਹੀਂ ਬਣਦਾ, ਕਿਉਂ ਉਹ ਮਾਹਿਰ ਅਧਿਆਪਕ ਹੋਣ ਦੇ ਬਾਵਜੂਦ ਪ੍ਰਾਈਵੇਟ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾ ਰਹੇ ਹਨ। ਇਸ ਪਾਸੇ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ, ਜੇਕਰ ਅਜਿਹਾ ਨਾ ਹੋਇਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਰਕਾਰੀ ਸਕੂਲਾਂ 'ਚ ਅਧਿਆਪਕ ਤਾਂ ਹੋਣਗੇ ਪਰ ਬੱਚੇ ਨਹੀਂ।

ਹਰ ਮਹੀਨੇ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਮਕਸਦ ਨਾਕਾਮ ਹੁੰਦਾ ਦਿਖਾਈ ਦੇ ਰਿਹਾ
ਉਧਰ ਪਿੰਡ ਗੋਨਾ ਚੱਕ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ 'ਚ ਬੱਚਿਆਂ ਦੀ ਘੱਟ ਗਿਣਤੀ ਅਤੇ ਇਕ ਹੀ ਅਧਿਆਪਕ ਹੋਣ ਸਬੰਧੀ ਕਈ ਲੋਕਾਂ ਦਾ ਕਹਿਣਾ ਸੀ ਕਿ ਇਸ ਸਕੂਲ 'ਤੇ ਹਰ ਮਹੀਨੇ ਵਿਭਾਗ ਵਲੋਂ ਤਨਖਾਹ ਅਤੇ ਖਰਚਿਆਂ ਸਮੇਤ ਹਰ ਮਹੀਨੇ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਵਿਭਾਗ ਦਾ ਮਕਸਦ ਨਾਕਾਮ ਹੁੰਦਾ ਦਿਖਾਈ ਦੇ ਰਿਹਾ। ਉਨ੍ਹਾਂ ਦਾ ਕਹਿਣਾ ਸੀ ਕਿ ਸਿੱਖਿਆ ਵਿਭਾਗ ਸਕੂਲਾਂ ਨੂੰ ਸਹੂਲਤਾਂ ਦੇਣ ਦੇ ਨਾਲ-ਨਾਲ ਅਧਿਆਪਕ ਵੀ ਲੋੜ ਅਨੁਸਾਰ ਪੂਰੇ ਕਰਨ ਅਤੇ ਉਨ੍ਹਾਂ ਸਕੂਲਾਂ ਦੇ ਅਧਿਆਪਕਾਂ ਦੀ ਜਵਾਬਦੇਹੀ ਕਰਨ ਜੋ ਉਨ੍ਹਾਂ 'ਚ ਪੜ੍ਹਾਉਂਦੇ ਹਨ, ਹਾਜ਼ਰ ਅਧਿਆਪਕਾਂ ਨੂੰ ਪੁੱਛਿਆ ਜਾਵੇ ਕਿ ਕਿਉਂ ਮਾਪੇ ਸਰਕਾਰੀ ਸਕੂਲਾਂ ਤੋਂ ਪੱਲਾ ਝਾੜ ਰਹੇ ਹਨ।

ਚੌਧਰੀ ਸਾਹਿਬ ਤੁਹਾਡੀ ਸਰਕਾਰ 'ਚ ਕੋਈ ਕਮੀ ਹੈ ਜਾਂ ਵਿਭਾਗ ਦਾ ਰੋਲ ਲੋਕਾਂ 'ਚ ਠੀਕ ਨਹੀਂ
ਉਧਰ ਕਈ ਲੋਕਾਂ ਦਾ ਕਹਿਣਾ ਸੀ ਕਿ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੀ ਸਰਕਾਰ 'ਚ ਕਮੀ ਹੈ ਜੋ ਸਰਕਾਰੀ ਸਕੂਲਾਂ ਨੂੰ ਸਹੂਲਤਾਂ ਦੇਣ 'ਚ ਕੋਈ ਕਮੀ ਪੇਸ਼ ਕਰ ਰਹੇ ਹਨ ਜਾਂ ਫਿਰ ਵਿਭਾਗ ਦਾ ਰੋਲ ਲੋਕਾਂ 'ਚ ਠੀਕ ਨਹੀਂ, ਜਿਸ ਕਾਰਣ ਸਰਕਾਰੀ ਸਕੂਲਾਂ ਵਿਚ ਬੱਚਿਆਂ ਦਾ ਦਾਖਲਾ ਦਰ ਘੱਟ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਪਾਸੇ ਵਿਧਾਇਕ ਨੂੰ ਵੀ ਠੋਸ ਰਣਨੀਤੀ ਬਣਾਉਣੀ ਪਵੇਗੀ ਅਤੇ ਸਿੱਖਿਆ ਵਿਭਾਗ ਵੀ ਇਸ ਪਾਸੇ ਗੰਭੀਰ ਹੋਵੇ। ਉਨ੍ਹਾਂ ਦਾ ਕਹਿਣਾ ਸੀ ਕਿ ਹਰ ਮਾਂ-ਬਾਪ ਦਾ ਵੀ ਫਰਜ਼ ਬਣਦਾ ਹੈ ਕਿ ਉਹ ਪ੍ਰਾਈਵੇਟ ਸਕੂਲਾਂ ਦੀ ਲੁੱਟ ਤੋਂ ਬਚਦੇ ਹੋਏ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜ੍ਹਾਉਣ, ਜੇਕਰ ਇਨ੍ਹਾਂ 'ਚ ਕਿਧਰੇ ਕੋਈ ਘਾਟ ਜਾਂ ਸਮੱਸਿਆ ਦਿਖਾਈ ਦਿੰਦੀ ਹੈ ਤਾਂ ਉਸ ਨੂੰ ਪ੍ਰਸ਼ਾਸਨ, ਸਰਕਾਰ ਅਤੇ ਜਨਤਕ ਤੌਰ 'ਤੇ ਦੱਸਣ ਤਾਂ ਜੋ ਉਕਤ ਸਕੂਲਾਂ ਦਾ ਮਕਸਦ ਪੂਰਾ ਹੋ ਸਕੇ।


Related News