55 ਨਿਸ਼ਾਨੇਬਾਜ਼ਾਂ ਨੂੰ ਪ੍ਰਾਈਡ ਆਫ ਪੰਜਾਬ-2017 ਐਵਾਰਡ
Monday, Apr 02, 2018 - 07:53 AM (IST)

ਮੋਹਾਲੀ (ਨਿਆਮੀਆਂ) - ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ (ਪੀ. ਆਰ. ਐੱਸ. ਏ.) ਨੇ ਅੱਜ ਪੰਜਾਬ ਦੇ 55 ਨਿਸ਼ਾਨੇਬਾਜ਼ਾਂ ਨੂੰ 2017 ਦੌਰਾਨ ਵਧੀਆ ਪ੍ਰਦਰਸ਼ਨ 'ਤੇ ਪ੍ਰਾਈਡ ਆਫ ਪੰਜਾਬ 2017 ਐਵਾਰਡਸ ਨਾਲ ਸਨਮਾਨਿਤ ਕੀਤਾ । ਪੰਜਾਬ ਦੇ ਨਿਸ਼ਾਨੇਬਾਜ਼ ਰਾਸ਼ਟਰੀ ਪੱਧਰ 'ਤੇ ਸ਼ੂਟਿੰਗ ਮੁਕਾਬਲੇ ਵਿਚ ਵਧੀਆ ਉਪਲਬਧੀਆਂ ਲਈ ਸਭ ਤੋਂ ਅੱਗੇ ਹਨ ਤੇ ਅੰਤਰਰਾਸ਼ਟਰੀ ਖੇਤਰ ਵਿਚ ਪੰਜਾਬ ਦੇ ਨਿਸ਼ਾਨੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ ਤੇ ਪਿਸਤੌਲ, ਰਾਈਫਲ ਤੇ ਸ਼ਾਟਗੰਨ ਪ੍ਰੋਗਰਾਮਾਂ ਦੀਆਂ ਸ਼੍ਰੇਣੀਆਂ ਵਿਚ ਪੰਜਾਬ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ।
ਇਸ ਮੌਕੇ ਸੰਸਦ ਮੈਂਬਰ ਤੇ ਪੀ. ਆਰ. ਐੱਸ. ਏ. ਦੇ ਪ੍ਰਧਾਨ ਸੁਨੀਲ ਜਾਖੜ, ਰਾਸ਼ਟਰੀ ਰਾਈਫਲ ਐਸੋਸੀਏਸ਼ਨ ਦੇ ਪ੍ਰਧਾਨ ਰਣਇੰਦਰ ਸਿੰਘ, ਪੀ. ਆਰ. ਐੱਸ. ਏ. ਦੇ ਪ੍ਰਧਾਨ ਸਕੱਤਰ ਪਵਨਪ੍ਰੀਤ ਸਿੰਘ, ਅਭਿਨਵ ਬਿੰਦਰਾ, ਮਨੁੱਖ ਸੰਧੂ ਤੇ ਹੋਰ ਕਈ ਮੋਹਤਬਰ ਵਿਅਕਤੀ ਮੌਜੂਦ ਸਨ ।
ਜਾਖੜ ਨੇ ਕਿਹਾ ਕਿ ਸਫਲਤਾ ਹਾਸਲ ਕਰਨ ਵਿਚ ਨਿਸ਼ਾਨੇਬਾਜ਼ਾਂ ਨੂੰ ਪੀ. ਆਰ. ਐੱਸ. ਏ. ਨੇ ਹਮੇਸ਼ਾ ਪੂਰਾ ਸਮਰਥਨ ਦਿੱਤਾ ਹੈ। ਰਣਇੰਦਰ ਨੇ ਇਸ ਤਰ੍ਹਾਂ ਦੇ ਅਨੋਖੇ ਐਵਾਰਡ ਦੇ ਪ੍ਰਬੰਧ ਵਿਚ ਪੀ. ਆਰ. ਐੱਸ. ਏ. ਦੀ ਪਹਿਲ ਦੀ ਪ੍ਰਸ਼ੰਸਾ ਕੀਤੀ । ਉਨ੍ਹਾਂ ਨੌਜਵਾਨ ਨਿਸ਼ਾਨੇਬਾਜ਼ਾਂ ਨੂੰ ਹਰ ਸੰਭਵ ਤਰੀਕੇ ਨਾਲ ਪ੍ਰੋਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ । ਅੰਤ ਵਿਚ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਪਵਨਪ੍ਰੀਤ ਸਿੰਘ, ਪ੍ਰਧਾਨ ਸਕੱਤਰ ਪੀ. ਆਰ. ਐੱਸ. ਏ. ਨੇ ਪੰਜਾਬ ਸਰਕਾਰ ਵਲੋਂ ਨਿਸ਼ਾਨੇਬਾਜ਼ਾਂ ਲਈ ਐਲਾਨੀ ਵਿੱਤੀ ਸਹਾਇਤਾ ਦੀ ਪ੍ਰਸ਼ੰਸਾ ਕੀਤੀ । ਉਨ੍ਹਾਂ ਭਰੋਸਾ ਦਿੱਤਾ ਕਿ ਪੀ. ਆਰ. ਐੱਸ. ਏ. ਨਿਸ਼ਾਨੇਬਾਜ਼ਾਂ ਦੇ ਨਾਲ ਮਿਲ ਕੇ ਕੰਮ ਕਰੇਗੀ, ਤਾਂ ਕਿ ਉਨ੍ਹਾਂ ਦੀ ਹਰ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇ ਤੇ ਪੂਰੇ ਪੰਜਾਬ ਵਿਚ ਸ਼ੂਟਿੰਗ ਦੀ ਖੇਡ ਨੂੰ ਵਿਕਸਿਤ ਕਰਨ ਵਿਚ ਹਰ ਮਦਦ ਕੀਤੀ ਜਾਵੇਗੀ ।