ਪੰਜਾਬ ਸਰਕਾਰ ਵੱਲੋਂ ਰੇਤ ਦੀਆਂ ਕੀਮਤਾਂ ਤੈਅ ਕਰਨ ਤੋਂ ਬਾਅਦ ਕੀਮਤਾਂ ’ਚ ਆਈ ਭਾਰੀ ਗਿਰਾਵਟ

Thursday, Dec 16, 2021 - 11:18 AM (IST)

ਪੰਜਾਬ ਸਰਕਾਰ ਵੱਲੋਂ ਰੇਤ ਦੀਆਂ ਕੀਮਤਾਂ ਤੈਅ ਕਰਨ ਤੋਂ ਬਾਅਦ ਕੀਮਤਾਂ ’ਚ ਆਈ ਭਾਰੀ ਗਿਰਾਵਟ

ਜਲੰਧਰ, (ਧਵਨ) – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੂਬੇ ਵਿਚ ਰੇਤੇ ਦੀਆਂ ਕੀਮਤਾਂ ਤੈਅ ਕੀਤੇ ਜਾਣ ਤੋਂ ਬਾਅਦ ਹੁਣ ਵੱਖ-ਵੱਖ ਥਾਵਾਂ ’ਤੇ ਮੌਕੇ ’ਤੇ ਕੀਤੀ ਜਾ ਰਹੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਰੇਤ ਦੀਆਂ ਕੀਮਤਾਂ ਵਿਚ ਗਿਰਾਵਟ ਆ ਰਹੀ ਹੈ। ਪੰਜਾਬ ਸਰਕਾਰ ਨੇ ਸੂਬੇ ਵਿਚ ਰੇਤੇ ਦੀ ਕੀਮਤ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਤੈਅ ਕੀਤੀ ਸੀ। ਕੁਝ ਮਹੀਨੇ ਪਹਿਲਾਂ ਰੇਤ ਦੀ ਕੀਮਤ 30 ਰੁਪਏ ਪ੍ਰਤੀ ਕਿਊਬਿਕ ਫੁੱਟ ਤੱਕ ਪਹੁੰਚ ਗਈ ਸੀ ਪਰ ਸਰਕਾਰ ਦੀ ਸਖ਼ਤੀ ਤੋਂ ਬਾਅਦ ਹੁਣ ਹੌਲੀ-ਹੌਲੀ ਕੀਮਤਾਂ ਹੇਠਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਭਾਵੇਂ ਅਜੇ ਤੱਕ ਭਾਅ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਤੱਕ ਨਹੀਂ ਪਹੁੰਚਿਆ ਪਰ ਫਿਰ ਵੀ ਇਸ ਵੇਲੇ ਭਾਅ 10 ਤੋਂ 15 ਰੁਪਏ ਪ੍ਰਤੀ ਕਿਊਬਿਕ ਫੁੱਟ ਚੱਲ ਰਿਹਾ ਹੈ। ਸਰਕਾਰ ਨੇ ਰੇਤ ਮਾਫੀਆ ਨੂੰ ਖ਼ਤਮ ਕਰਨ ਲਈ ਇਹ ਕਦਮ ਚੁੱਕੇ ਸਨ। 

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਐਕਸ਼ਨ ਮੋਡ ’ਚ ਸੁਨੀਲ ਜਾਖੜ, ਸੱਦੀ ਅਹਿਮ ਮੀਟਿੰਗ

ਇਸ ਸਬੰਧੀ ਜਲੰਧਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਨੂੰ ਸ਼ਹਿਰਾਂ ਵਿਚ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਤਾ ਮਿਲੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ ’ਤੇ ਵੱਖ-ਵੱਖ ਟੀਮਾਂ ਭੇਜ ਕੇ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਹੜੀਆਂ ਥਾਵਾਂ ’ਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਹੋ ਰਹੀ। ਜੇਕਰ ਅਜਿਹਾ ਕੋਈ ਮਾਮਲਾ ਸਾਹਮਣੇ ਆਇਆ ਤਾਂ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਵੇਗੀ। ਜਲੰਧਰ ਸ਼ਹਿਰ ’ਚ 15 ਰੁਪਏ, ਫਿਲੌਰ ’ਚ 11.5 ਰੁਪਏ, ਗੁਰਾਇਆ ’ਚ 13 ਰੁਪਏ, ਨਕੋਦਰ ’ਚ 11.5 ਰੁਪਏ, ਮਹਿਤਪੁਰ ’ਚ 11 ਰੁਪਏ, ਨੂਰਮਹਿਲ ’ਚ 11.5 ਰੁਪਏ, ਬਿਲਗਾ ’ਚ 12 ਰੁਪਏ, ਸ਼ਾਹਕੋਟ ’ਚ 11 ਰੁਪਏ, ਲੋਹੀਆਂ ’ਚ 12 ਰੁਪਏ, ਕਰਤਾਰਪੁਰ ’ਚ 13 ਰੁਪਏ, ਭੋਗਪੁਰ ’ਚ 14 ਰੁਪਏ, ਆਦਮਪੁਰ ’ਚ 15 ਰੁਪਏ ਅਤੇ ਅਲਾਵਲਪੁਰ ’ਚ 15 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਰੇਤਾ ਮਿਲ ਰਿਹਾ ਹੈ। ਇਸ ਸਮੇਂ ਜ਼ਿਲ੍ਹੇ ’ਚ 2 ਤਰ੍ਹਾਂ ਦੀ ਰੇਤ ਵਿਕ ਰਹੀ ਹੈ। ਔਸਤ ਕੁਆਲਿਟੀ ਰੇਤ ਦੀ ਕੀਮਤ 11 ਰੁਪਏ ਪ੍ਰਤੀ ਕਿਊਬਿਕ ਫੁੱਟ ਅਤੇ ਚੰਗੀ ਗੁਣਵੱਤਾ ਵਾਲੀ ਰੇਤ ਦੀ ਕੀਮਤ 15 ਰੁਪਏ ਪ੍ਰਤੀ ਕਿਊਬਿਕ ਫੁੱਟ ਹੈ।

ਇਹ ਵੀ ਪੜ੍ਹੋ : 16 ਸਾਲ ਇਨਸਾਫ਼ ਦੀ ਰਾਹ ਤੱਕਦੀ ਰਹੀ ਕੁਲਵੰਤ ਕੌਰ, ਮੌਤ ਦੇ ਕੁੱਝ ਘੰਟਿਆਂ ਬਾਅਦ ਡੀ. ਐੱਸ. ਪੀ. ’ਤੇ ਵੱਡੀ ਕਾਰਵਾਈ

ਕਈ ਥਾਵਾਂ ’ਤੇ ਇਹ ਵੀ ਦੇਖਿਆ ਗਿਆ ਹੈ ਕਿ ਜਿਥੇ ਲੋਕ ਵੱਡੀ ਮਾਤਰਾ ’ਚ ਰੇਤ ਮੰਗਵਾ ਰਹੇ ਹਨ, ਉੱਥੇ ਪ੍ਰਤੀ ਕਿਊਬਿਕ ਫੁੱਟ ਔਸਤਨ 13 ਤੋਂ 14 ਰੁਪਏ ਮਿਲ ਰਹੇ ਹਨ । ਦਰਿਆਵਾਂ ਦੇ ਕੰਢੇ ਰੇਤ ਦੀ ਕੀਮਤ ਘੱਟ ਹੈ। ਰੇਤ ਦੀਆਂ ਕੀਮਤਾਂ ਵਿਚ ਗਿਰਾਵਟ ਕਾਰਨ ਉਸਾਰੀ ਦੀ ਲਾਗਤ ਵਿਚ ਘਾਟ ਆ ਰਹੀ ਹੈ ਅਤੇ ਜੇਕਰ ਆਉਣ ਵਾਲੇ ਦਿਨਾਂ ਵਿਚ ਰੇਤ ਦੀ ਕੀਮਤ ਹੋਰ ਡਿੱਗਦੀ ਹੈ ਤਾਂ ਇਸ ਨਾਲ ਉਸਾਰੀ ਕਾਰਜਾਂ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਰੀਅਲ ਅਸਟੇਟ ਸੈਕਟਰ ਨੂੰ ਹੁਲਾਰਾ ਮਿਲੇਗਾ। ਸੂਬੇ ਵਿਚ ਰੇਤ ਮਾਫ਼ੀਆ ਪੂਰੀ ਤਰ੍ਹਾਂ ਸਰਗਰਮ ਹੋਣ ਕਾਰਨ ਰੀਅਲ ਅਸਟੇਟ ਖੇਤਰ ਵਿਚ ਕਾਫ਼ੀ ਸਮੇਂ ਤੋਂ ਮੰਦੀ ਦਾ ਦੌਰ ਚੱਲ ਰਿਹਾ ਸੀ। ਮੁੱਖ ਮੰਤਰੀ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਭੇਜੀਆਂ ਗਈਆਂ ਹਨ ਕਿ ਉਹ ਖੁਦ ਰੇਤ ਦੀਆਂ ਕੀਮਤਾਂ ਨੂੰ ਕਾਬੂ ਹੇਠ ਲਿਆਉਣ ਲਈ ਪ੍ਰਭਾਵੀ ਕਦਮ ਚੁੱਕਣ।


author

Anuradha

Content Editor

Related News