ਘਰੇਲੂ ਗੈਸ ਸਿਲੰਡਰ ਦੀ ਕੀਮਤ 1130 ਰੁ. ਤੇ ਸਬਸਿਡੀ ਸਿਰਫ 20 ਰੁਪਏ, ਜੋ ਕਿ ਜ਼ਿਆਦਾ ਖਪਤਕਾਰਾਂ ਨੂੰ ਨਹੀਂ ਹੋਈ ਨਸੀਬ

04/24/2023 11:27:09 PM

ਲੁਧਿਆਣਾ (ਖੁਰਾਣਾ) : 14.2 ਕਿਲੋਗ੍ਰਾਮ ਵਾਲੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਲਗਾਤਾਰ ਆਸਮਾਨ ਛੂਹ ਰਹੀਆਂ ਹਨ। ਮੌਜੂਦਾ ਸਮੇਂ ਦੌਰਾਨ ਸਿਲੰਡਰ ਦੀ ਕੀਮਤ 1130 ਦੇ ਲਗਭਗ ਹੈ, ਜਦਕਿ ਗੈਸ ਕੰਪਨੀਆਂ ਵਲੋਂ ਖਪਤਕਾਰਾਂ ਨੂੰ ਸਿਰਫ਼ 20 ਰੁਪਏ ਸਬਸਿਡੀ ਹੀ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਗੈਸ ਕੰਪਨੀਆਂ ਵਲੋਂ ਇਹ ਸਬਸਿਡੀ ਰਾਸ਼ੀ ਵੀ ਜ਼ਿਆਦਾ ਖਪਤਕਾਰਾਂ ਦੇ ਬੈਂਕ ਖਾਤੇ ’ਚ ਟਰਾਂਸਫਰ ਨਹੀਂ ਕੀਤੀ ਜਾ ਰਹੀ ਹੈ, ਜਿਸ ਕਾਰਨ ਉਪਭੋਗਤਾ ਵਿਸ਼ੇਸ਼ ਕਰ ਕੇ ਕੰਮ-ਕਾਜੀ ਔਰਤਾਂ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀਆਂ ਹਨ। ਕਾਬਿਲ-ਏ-ਗੌਰ ਹੈ ਕਿ ਗੈਸ ਕੰਪਨੀਆਂ ਵਲੋਂ ਬੀਤੇ 1 ਅਪ੍ਰੈਲ ਤੋਂ ਘਰੇਲੂ ਗੈਸ ਸਿਲੰਡਰ ਦੀ ਕੀਮਤ 50 ਰੁਪਏ ਭਾਰੀ ਵਾਧੇ ਨਾਲ 1130 ਰੁਪਏ ਕੀਤੀ ਗਈ ਹੈ, ਜਦਕਿ ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿਚ 1080 ਰੁਪਏ ਸੀ। ਇਸ ਦੌਰਾਨ ਚਿੰਤਾਜਨਕ ਪਹਿਲੂ ਇਹ ਹੈ ਕਿ ਕੇਂਦਰੀ ਪੈਟਰੋਲੀਅਮ ਅਤੇ ਗੈਸ ਮੰਤਰਾਲਾ ਅਤੇ ਗੈਸ ਕੰਪਨੀਆਂ ਵਲੋਂ ਗੈਸ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਦਲੇ ’ਚ ਖਪਤਕਾਰਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਰਾਸ਼ੀ ਦਾ ਅੰਕੜਾ ਪਿਛਲੇ ਲੰਮੇ ਸਮੇਂ ਤੋਂ ਜਿਉਂ ਦਾ ਤਿਉਂ ਸਿਰਫ 20 ਰੁਪਏ ’ਤੇ ਹੀ ਟਿਕਿਆ ਹੋਇਆ ਹੈ। ਯਾਦ ਰਹੇ ਕਿ ਕੁਝ ਸਮਾਂ ਪਹਿਲਾਂ ਤੱਕ ਕੰਪਨੀ ਵਲੋਂ ਘਰੇਲੂ ਗੈਸ ਦੀਆਂ ਕੀਮਤਾਂ ’ਚ ਕੀਤੇ ਜਾਣ ਵਾਲੇ ਵਾਧੇ ਜਾਂ ਕਟੌਤੀ ਮੁਤਾਬਕ ਹੀ ਖਪਤਕਾਰਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਰਾਸ਼ੀ ਦਾ ਅੰਕੜਾ ਤੈਅ ਕੀਤਾ ਜਾਂਦਾ ਰਿਹਾ, ਮਤਲਬ ਸਬਸਿਡੀ ਰਾਸ਼ੀ ਉੱਪਰ-ਹੇਠਾਂ ਕੀਤੀ ਜਾਂਦੀ ਸੀ। ਜਦਕਿ ਮੌਜੂਦਾ ਸਮੇਂ ਦੌਰਾਨ ਗੈਸ ਦੀਆਂ ਕੀਮਤਾਂ ਲਗਾਤਾਰ ਆਸਮਾਨ ਛੂਹ ਰਹੀਆਂ ਹਨ।

ਇਹ ਵੀ ਪੜ੍ਹੋ : ਇਤਿਹਾਸ ਗਵਾਹ ਹੈ, ਜਿਨ੍ਹਾਂ ਨੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ, ਉਹ ਕਦੇ ਵੀ ਕਾਮਯਾਬ ਨਹੀਂ ਹੋਏ : ਚੀਮਾ 

ਘਰੇਲੂ ਗੈਸ ਸਿਲੰਡਰ ਸਮੇਤ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਮੱਧ ਵਰਗੀ ਪਰਿਵਾਰਾਂ ਦੀਆਂ ਔਰਤਾਂ ਦੇ ਘਰਾਂ ਦਾ ਬਜਟ ਪੂਰੀ ਤਰ੍ਹਾਂ ਨਹਿਸ-ਨਹਿਸ ਹੁੰਦਾ ਜਾ ਰਿਹਾ ਹੈ। ਇਹ ਗੱਲ ਸਮਝ ਤੋਂ ਪਰ੍ਹੇ ਹੈ ਕਿ ਗੈਸ ਕੰਪਨੀਆਂ ਵਲੋਂ ਇਸ ਤੋਂ ਪਹਿਲਾਂ ਘਰੇਲੂ ਗੈਸ ਦੀਆਂ ਕੀਮਤਾਂ ’ਚ ਕੀਤੇ ਜਾਣ ਵਾਲੇ ਵਾਧੇ ਮੁਤਾਬਕ ਖਪਤਕਾਰਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਰਾਸ਼ੀ ਦਾ ਅੰਕੜਾ ਕਹਿ ਦਿੱਤਾ ਜਾਂਦਾ ਸੀ। ਇਸ ਦੌਰਾਨ ਖਪਤਕਾਰਾਂ ਨੂੰ ਚੰਗੀ ਸਬਸਿਡੀ ਵਾਪਸ ਮਿਲਣ ਕਾਰਨ ਮਹਿੰਗਾਈ ਤੋਂ ਰਾਹਤ ਮਿਲਦੀ ਸੀ ਪਰ ਮੌਜੂਦਾ ਸਮੇਂ ਦੌਰਾਨ ਕੰਪਨੀਆਂ ਵਲੋਂ ਸਬਸਿਡੀ ਰਾਸ਼ੀ ਦੇ ਨਾਂ ’ਤੇ ਖਪਤਕਾਰਾਂ ਨੂੰ ਹਮੇਸ਼ਾਂ ਲਾਲੀਪਾਪ ਫੜਾਇਆ ਜਾ ਰਿਹਾ ਹੈ।
-ਰਮਨਦੀਪ ਕੌਰ, ਘਰੇਲੂ ਸੁਆਣੀ

ਕੇਂਦਰ ਦੀ ਮੋਦੀ ਸਰਕਾਰ ਵਲੋਂ ‘ਅੱਛੇ ਦਿਨ ਆਨੇ ਵਾਲੇ ਹੈਂ’ ਦੇ ਸੁਪਨੇ ਦਿਖਾ ਕੇ ਦੇਸ਼ ਨਿਵਾਸੀਆਂ ਨੂੰ ਮਹਿੰਗਾਈ ਦੀ ਭੱਠੀ ’ਚ ਝੋਕਿਆ ਗਿਆ ਹੈ। ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਆਟਾ, ਚਾਵਲ, ਘਿਓ, ਤੇਲ ਆਦਿ ਵੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਜਦੋਂਕਿ ਨੌਕਰੀਪੇਸ਼ਾ ਪਰਿਵਾਰਾਂ ਦੀ ਆਮਦਨ ਅੰਕੜਾ ਉੱਥੇ ਹੀ ਟਿਕਿਆ ਹੋਇਆ ਹੈ। ਇਸ ਦੌਰਾਨ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕੇਂਦਰ ਅਤੇ ਰਾਜ ਸਰਕਾਰ ਗਰੀਬਾਂ ਨੂੰ ਹੀ ਖਤਮ ਕਰਨ ’ਚ ਲੱਗੀ ਹੋਈ ਹੈ। -ਬਬਲੀ ਨਾਗਪਾਲ, ਘਰੇਲੂ ਔਰਤ

ਸਰਕਾਰ ਨੂੰ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿ ਮਹਿੰਗਾਈ ਦਾ ਅਸਰ ਉਨ੍ਹਾਂ ਪਰਿਵਾਰਾਂ ’ਤੇ ਬਿਜਲੀ ਬਣ ਕੇ ਟੁੱਟਦਾ ਹੈ, ਜੋ ਕਿ ਸਾਰਾ ਦਿਨ ਸਖਤ ਮਿਹਨਤ ਕਰ ਕੇ ਮੁਸ਼ਕਿਲ ਨਾਲ ਰੋਟੀ ਦਾ ਹੀਲਾ ਕਰਦੇ ਹਨ, ਜੋ ਕਿ ਗੈਸ ਏਜੰਸੀਆਂ ਵਲੋਂ ਸਿਲੰਡਰ ਦੀ ਡਲਿਵਰੀ ਭੇਜੇ ਜਾਣ ਦੌਰਾਨ ਪੂਰੀ ਮਾਤਰਾ ’ਚ ਰੁਪਏ ਦਾ ਜੁਗਾੜ ਨਾ ਹੋਣ ਕਾਰਨ ਡਲਿਵਰੀਮੈਨ ਨੂੰ ਗੈਸ ਸਿਲੰਡਰ ਲਏ ਬਿਨਾਂ ਹੀ ਵਾਪਸ ਮੋੜ ਦਿੰਦੇ ਹਨ। ਇਸ ਦੌਰਾਨ ਸਰਕਾਰ ਨੂੰ ਚਾਹੀਦਾ ਹੈ ਕਿ ਬੇਲਗਾਮ ਹੁੰਦੀ ਜਾ ਰਹੀ ਮਹਿੰਗਾਈ ’ਤੇ ਪੂਰੀ ਤਰ੍ਹਾਂ ਕੰਟਰੋਲ ਕਰੇ ਤਾਂ ਕਿ ਗਰੀਬ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਦੋ ਵੇਲੇ ਦੀ ਰੋਟੀ ਖਾ ਸਕਣ।
-ਵਿਜੇ ਭਾਟੀਆ, ਕਾਰੋਬਾਰੀ।

ਇਹ ਵੀ ਪੜ੍ਹੋ : ਭਿੰਡਰਾਂਵਾਲੇ ਦੇ ਪਿੰਡ ਤੋਂ ਹੀ ਚਰਚਾ 'ਚ ਸੀ ਅੰਮ੍ਰਿਤਪਾਲ, 18 ਮਾਰਚ ਮਗਰੋਂ ਕਈ ਸੂਬਿਆਂ ਤੱਕ ਪਹੁੰਚਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News