ਮਹਿਲਾ ਰਾਖਵਾਂਕਰਨ ਜਿਸ ਦਿਨ ਲਾਗੂ ਹੋ ਗਿਆ, CM ਅਹੁਦੇ ਦੀ ਸਹੁੰ ਚੁੱਕਦੀਆਂ ਦਿਸਣਗੀਆਂ ਔਰਤਾਂ: ਅਲਕਾ ਲਾਂਬਾ

Monday, Feb 12, 2024 - 01:24 PM (IST)

ਮਹਿਲਾ ਰਾਖਵਾਂਕਰਨ ਜਿਸ ਦਿਨ ਲਾਗੂ ਹੋ ਗਿਆ, CM ਅਹੁਦੇ ਦੀ ਸਹੁੰ ਚੁੱਕਦੀਆਂ ਦਿਸਣਗੀਆਂ ਔਰਤਾਂ: ਅਲਕਾ ਲਾਂਬਾ

ਜਲੰਧਰ (ਅਨਿਲ ਪਾਹਵਾ)-ਦੇਸ਼ ’ਚ ਆਮ ਚੋਣਾਂ ਦੀ ਆਹਟ ਹੋਣ ਲੱਗੀ ਹੈ ਅਤੇ ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ ਸਮੇਤ ਸਾਰੀਆਂ ਪਾਰਟੀਆਂ ਸੱਤਾ ’ਚ ਆਉਣ ਦੀ ਕੋਸ਼ਿਸ਼ ’ਚ ਹਨ। ਆਮ ਚੋਣਾਂ ਹੋਣ ਜਾਂ ਵਿਧਾਨ ਸਭਾ ਚੋਣਾਂ, ਕਾਂਗਰਸ ਕਿਉਂ ਹਰ ਵਾਰ ਖੁੰਝਦੀ ਹੈ, ਕਿਉਂ ਔਰਤਾਂ ਨੂੰ ਅੱਗੇ ਨਹੀਂ ਲਿਆਇਆ ਜਾ ਰਿਹਾ, ਇਸ ਤਰ੍ਹਾਂ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਂਬਾ ਨੇ। ਪੇਸ਼ ਹਨ ਉਨ੍ਹਾਂ ਨਾਲ ਗੱਲਬਾਤ ਦੇ ਪ੍ਰਮੁੱਖ ਅੰਸ਼ :

ਪ੍ਰ : ਸਿਆਸੀ ਪਾਰਟੀਆਂ ’ਚ ਔਰਤਾਂ ਲਈ 33 ਫ਼ੀਸਦੀ ਹੀ ਕਿਉਂ, 50 ਕਿਉਂ ਨਹੀਂ?
ਉ :
ਅਸੀਂ ਕਹਿ ਨਹੀਂ ਰਹੇ, ਸਗੋਂ ਅਸੀਂ ਕਰਕੇ ਵਿਖਾਇਆ ਹੈ। ਸਾਡੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ 20 ਸਾਲਾਂ ਤੋਂ ਪ੍ਰਧਾਨ ਰਹੀ ਅਤੇ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਾਂਗਰਸ ਦੀ ਦੇਣ ਹੈ। ਪਹਿਲੀ ਮਹਿਲਾ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਕਾਂਗਰਸ, ਪਹਿਲੀ ਲੋਕ ਸਭਾ ਸਪੀਕਰ ਮਹਿਲਾ ਮੀਰਾ ਕੁਮਾਰ ਕਾਂਗਰਸ, ਪਹਿਲੀ ਮਹਿਲਾ ਮੁੱਖ ਮੰਤਰੀ ਅਤੇ ਪਹਿਲੀ ਮਹਿਲਾ ਗਵਰਨਰ ਕਾਂਗਰਸ ਦੀ ਦੇਣ ਹੈ। ਪ੍ਰਿਯੰਕਾ ਗਾਂਧੀ ਨੇ ‘ਲੜਕੀ ਹੂੰ ਤੋ ਲੜ ਸਕਤੀ ਹੂੰ’ ਨਾਅਰੇ ਨਾਲ ਉੱਤਰ ਪ੍ਰਦੇਸ਼ ’ਚ 40 ਫ਼ੀਸਦੀ ਦੇ ਰਾਖਵੇਂਕਰਨ ਦੀ ਸ਼ੁਰੂਆਤ ਕੀਤੀ ਅਤੇ 150 ਔਰਤਾਂ ਨੂੰ ਮੈਦਾਨ ’ਚ ਉਤਾਰਿਆ। ਅੱਜ ਵੀ 33 ਫ਼ੀਸਦੀ ਰਾਖਵਾਂਕਰਨ ਪਾਸ ਹੋ ਗਿਆ ਪਰ ਲਾਗੂ ਕਰਨ ਦੀ ਮੰਗ ਕਾਂਗਰਸ ਕਰ ਰਹੀ ਹੈ। ਪੰਜਾਬ ਦੀ ਗੱਲ ਕਰੀਏ ਤਾਂ 13 ਲੋਕ ਸਭਾ ਸੀਟਾਂ ਹਨ ਅਤੇ 13 ਸੀਟਾਂ ’ਤੇ ਮਜ਼ਬੂਤ ਦਾਅਵੇਦਾਰੀ ਔਰਤਾਂ ਕਰਨ ਵਾਲੀਆਂ ਹਨ। ਮੈਨੂੰ ਉਮੀਦ ਹੈ ਕਿ 13 ’ਚੋਂ 3 ਸੀਟਾਂ ’ਤੇ ਔਰਤਾਂ ਚੋਣ ਲੜਣਗੀਆਂ। ਉਨ੍ਹਾਂ ਨੂੰ ਕੋਈ ਰੋਕ ਨਹੀਂ ਸਕਦਾ।


ਪ੍ਰ : ਚੋਣਾਂ ਜਿੱਤਣ ਦੇ ਬਾਵਜੂਦ ਔਰਤਾਂ ਘਰ ਦੀ ਚਾਰਦੀਵਾਰੀ ’ਚ ਬੰਦ ਰਹਿ ਜਾਂਦੀਆਂ ਹਨ। ਇਸ ਵੱਡੇ ਨੁਕਸ ਨੂੰ ਕਾਂਗਰਸ ਕਿਵੇਂ ਵੇਖਦੀ ਹੈ।
ਉ :
ਦਰਅਸਲ ਰਾਜੀਵ ਗਾਂਧੀ ਦੀ ਸੋਚ ਸੀ ਕਿ ਪੰਚਾਇਤੀ ਰਾਜ ’ਚ ਨਗਰ ਨਿਗਮ ’ਚ ਮਹਿਲਾ ਰਾਖਵਾਂਕਰਨ ਆਵੇ। ਅੱਜ 14 ਲੱਖ ਭੈਣਾਂ, ਔਰਤਾਂ, ਪੰਚ-ਸਰਪੰਚ, ਕੌਂਸਲਰ, ਮੇਅਰ ਬਣ ਕੇ ਵਿਕਾਸ ’ਚ ਹਿੱਸੇਦਾਰੀ ਨਿਭਾਅ ਰਹੀਆਂ ਹਨ। ਪਤੀ ਬੇਸ਼ੱਕ ਅੱਗੇ ਆ ਰਹੇ ਹਨ ਪਰ ਚੁਣਨ ਤੋਂ ਬਾਅਦ ਹਾਉਸਿਜ਼ ਤਾਂ ਔਰਤਾਂ ਹੀ ਜਾ ਰਹੀਆਂ ਹਨ। ਫ਼ੈਸਲੇ ’ਤੇ ਸਾਈਨ ਉਹੀ ਕਰ ਰਹੀਆਂ ਹਨ। ਅੱਜ ਇੰਨੇ ਸਾਲਾਂ ਬਾਅਦ ਭੈਣਾਂ ਉਸ ਪੱਧਰ ’ਤੇ ਆ ਗਈਆਂ ਹਨ। ਜੇਕਰ ਵਿਧਾਨ ਸਭਾ ਅਤੇ ਲੋਕ ਸਭਾ ’ਚ ਰਾਖਵਾਂਕਰਨ ਲਾਗੂ ਹੋ ਜਾਂਦਾ ਤਾਂ ਔਰਤਾਂ 180 ਸੀਟਾਂ ’ਤੇ ਚੋਣ ਲੜਦੀਆਂ ਅਤੇ 2024 ਦੇ ਪਾਰਲੀਮੈਂਟ ਦੀਆਂ ਚੋਣਾਂ ’ਚ ਖੜ੍ਹੀਆਂ ਵਿਖਾਈ ਦਿੰਦੀਆਂ ਪਰ ਉਨ੍ਹਾਂ ਨੂੰ ਵਾਂਝਾ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਕਿਸਾਨਾਂ ਦੇ ਅੰਦੋਲਨ ਦਾ ਪਵੇਗਾ ਪੰਜਾਬ ਦੇ ਵਪਾਰ 'ਤੇ ਡੂੰਘਾ ਅਸਰ, ਹਾਲਾਤ ਬਣ ਸਕਦੇ ਨੇ ਬਦਤਰ
ਪ੍ਰ : ਔਰਤਾਂ ਦੀ ਲੜਾਈ ਐੱਮ. ਐੱਲ. ਏ., ਪੰਚ, ਸਰਪੰਚ ਤੱਕ ਹੀ ਸੀਮਤ ਰਹੇਗੀ ਜਾਂ ਉਹ ਇਸ ਨੂੰ ਸੀ. ਐੱਮ., ਡਿਪਟੀ ਸੀ. ਐੱਮ. ਤੱਕ ਲੈ ਕੇ ਜਾਣਗੀਆਂ?
ਉ :
ਮੈਂ ਫਿਰ ਕਹਾਂਗੀ, ਕਾਂਗਰਸ ਔਰਤਾਂ ਨੂੰ ਪੰਚ, ਸਰਪੰਚ, ਮੇਅਰ, ਵਿਧਾਇਕ, ਸੰਸਦ ਮੈਂਬਰ ਤੋਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੱਕ ਲੈ ਗਈ। ਕਾਂਗਰਸ ਅੱਜ ਔਰਤਾਂ ਦੀ ਆਰਥਿਕ ਸਸ਼ਕਤੀਕਰਨ ਦੀ ਵੀ ਗੱਲ ਕਰ ਰਹੀ ਹੈ। ਹਰ ਦੇਸ਼ ਦੀ 70 ਕਰੋੜ ਦੀ ਆਬਾਦੀ ’ਚ ਅੱਧੀ ਆਬਾਦੀ ਔਰਤਾਂ ਦੀ ਹੈ। ਅਸੀਂ ਚਾਹੁੰਦੇ ਹਾਂ ਕਿ ਸਰਕਾਰੀ ਨੌਕਰੀਆਂ ’ਚ ਪੁਲਸ ’ਚ ਔਰਤਾਂ ਦੀ ਭਰਤੀ ਹੋਵੇ, ਹਰ ਖੇਤਰ ’ਚ ਔਰਤਾਂ ਦੀ ਹਿੱਸੇਦਾਰੀ ਹੋਣੀ ਚਾਹੀਦੀ। ਸੱਚਾਈ ਇਹ ਹੈ ਕਿ 75 ਸਾਲ ਬਾਅਦ ਅੱਜ ਦੀ ਤਾਰੀਖ਼ ’ਚ ਇਕ ਮੁੱਖ ਮੰਤਰੀ ਮਹਿਲਾ ਬੰਗਾਲ ਦੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਸ਼ੀਲਾ ਜੀ, ਵਸੁੰਧਰਾ ਜੀ, ਜੰਮੂ-ਕਸ਼ਮੀਰ ’ਚ ਮਹਿਬੂਬਾ ਮੁਫ਼ਤੀ ਵੀ ਸਨ ਪਰ ਅੱਜ ਦੀ ਤਾਰੀਖ਼ ’ਚ ਸਿਰਫ਼ ਮੁੱਖ ਮੰਤਰੀ ਮਹਿਲਾ ਬੰਗਾਲ ਦੀ ਹੈ। ਜਿਸ ਦਿਨ ਇਹ ਰਾਖਵਾਂਕਰਨ ਲਾਗੂ ਹੋ ਗਿਆ, ਉਸ ਦਿਨ ਔਰਤਾਂ ਵਿਧਾਇਕ ਹੀ ਨਹੀਂ, ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸਹੁੰ ਚੁੱਕਦੀਆਂ ਦਿਸਣਗੀਆਂ।

 

ਪ੍ਰ : ਕੀ ਪੰਜਾਬ ’ਚ ਵੀ ਕਾਂਗਰਸ ਔਰਤਾਂ ਨੂੰ ਸੀ. ਐੱਮ. ਵਰਗਾ ਸਥਾਨ ਦੇਣ ’ਚ ਸਮਰੱਥ ਹੋ ਸਕੇਗੀ।
ਉ :
ਬਿਲਕੁਲ, ਮੈਂ ਫਿਰ ਕਹਿ ਰਹੀ ਹਾਂ। ਸਾਨੂੰ ਵਿਸ਼ਵਾਸ ਹੈ 2024 ’ਚ ‘ਇੰਡੀਆ’ ਅਲਾਇੰਸ ਕਾਂਗਰਸ ਦੀ ਸਰਕਾਰ ਬਣਦੇ ਹੀ ਮਹਾਰਾਸ਼ਟਰ, ਹਰਿਆਣਾ, ਅਰੁਣਾਚਲ ਪ੍ਰਦੇਸ਼ , ਜਿੱਥੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਸੱਤਾ ’ਚ ਆਉਂਦੇ ਹੀ ਇਹ ਪਹਿਲੇ ਤਿੰਨ ਸੂਬੇ ਹੋਣਗੇ, ਜਿਨ੍ਹਾਂ ਵਿਚ 33 ਫ਼ੀਸਦੀ ਰਾਖਵਾਂਕਰਨ ਲਾਗੂ ਹੋਵੇਗਾ। ਭੈਣਾਂ ਤਿੰਨੇ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਲੜਣਗੀਆਂ। ਇਨ੍ਹਾਂ ਸੂਬਿਆਂ ’ਚ 2024 ਵਿਚ ਭੈਣਾਂ ਮੁੱਖ ਮੰਤਰੀ ਨਹੀਂ ਤਾਂ ਉੱਪ ਮੁੱਖ ਮੰਤਰੀ ਦੀ ਸਹੁੰ ਚੁੱਕਦੀਆਂ ਵਿਖਾਈ ਦੇਣਗੀਆਂ।

ਇਹ ਵੀ ਪੜ੍ਹੋ: ਹਨੀ ਟ੍ਰੈਪ ਗਿਰੋਹ ਦਾ ਪਰਦਾਫ਼ਾਸ਼, ਹੋਟਲਾਂ 'ਚ ਬੁਲਾ ਵੀਡੀਓਜ਼ ਬਣਾ ਕੇ ਇੰਝ ਹੁੰਦਾ ਸੀ ਸ਼ਰਮਨਾਕ ਧੰਦਾ
ਪ੍ਰ : ਅੱਜ ਦੇਸ਼ ਦੇ ਪੱਧਰ ’ਤੇ ਔਰਤ ਦੀ ਸਥਿਤੀ ਕਿਵੇਂ ਮਹਿਸੂਸ ਕਰਦੇ ਹੋ?
ਉ :
ਖੋਖਲੇ ਨਾਅਰੇ ਦਿੱਤੇ ਗਏ ਹਨ ‘ਬੇਟੀ ਬਚਾਓ, ਬੇਟੀ ਪੜ੍ਹਾਓ’। ਉਸ ’ਚ ਬੇਟੀ ਸਾਕਸ਼ੀ ਮਲਿਕ ਵੀ ਆਉਂਦੀ ਹੈ। ਸਾਕਸ਼ੀ ਮਲਿਕ ਦੇ ਨਾਲ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਨੇ ਕੀ ਕੀਤਾ ਦੁਨੀਆ ਨੇ ਵੇਖਿਆ। ਗ੍ਰਹਿ ਮੰਤਰਾਲਾ ਦੇ ਦਬਾਅ ’ਚ ਦਿੱਲੀ ਪੁਲਸ ਨੇ ਐੱਫ਼. ਆਈ. ਆਰ. ਦਰਜ ਨਹੀਂ ਕੀਤੀ। ਸੁਪਰੀਮ ਕੋਰਟ ਨੇ ਫਟਕਾਰ ਲਗਾਈ ਤਾਂ ਐੱਫ਼. ਆਈ. ਆਰ. ਦਰਜ ਹੋ ਗਈ। ਪ੍ਰਧਾਨ ਮੰਤਰੀ, ਜਿਸ ਦਾ ਸੰਸਦੀ ਖੇਤਰ ਵਾਰਾਣਸੀ ਉੱਥੇ ਦੀ ਬੀ. ਐੱਚ. ਯੂ. ’ਚ ਪੜ੍ਹਣ ਵਾਲੀ ਆਈ. ਆਈ. ਟੀ. ਦੀ ਬੇਟੀ ਸਮੂਹਿਕ ਜਬਰ-ਜ਼ਿਨਾਹ ਕਰਨ ਵਾਲੇ ਤਿੰਨੇ ਭਾਜਪਾ ਤੋਂ ਹਨ। ਹਰਿਆਣਾ ਦੇ ਮੰਤਰੀ ਸੰਦੀਪ ਸਿੰਘ, ਜੋ ਅੱਜ ਵੀ ਮੰਤਰੀ ਹਨ, ਜਿਨ੍ਹਾਂ ’ਤੇ ਸੈਕਸ-ਸ਼ੋਸ਼ਣ ਦੇ ਗੰਭੀਰ ਦੋਸ਼ ਹਨ ਪਰ ਪਾਰਟੀ ’ਚੋਂ ਉਨ੍ਹਾਂ ਨੂੰ ਕੱਢਣਾ ਅਤੇ ਅਸਤੀਫ਼ਾ ਲੈਣਾ ਦੂਰ ਦੀ ਗੱਲ ਹੈ। ਪੈਰੋਲ ’ਤੇ ਬਾਬਾ ਨੂੰ ਛੱਡਿਆ ਜਾਂਦਾ ਹੈ ਸਿਰਫ਼ ਚੋਣਾਂ ਨੂੰ ਵੇਖਦੇ ਕਿਉਂਕਿ ਸਿਰਫ਼ ਵੋਟਾਂ ਚਾਹੀਦੀਆਂ ਹਨ।


ਪ੍ਰ : ਕਾਂਗਰਸ ਲਗਾਤਾਰ ਹਾਰ ਰਹੀ ਹੈ, ਆਖਿਰ ਕੀ ਖਾਮੀਆਂ, ਜਿਸ ਕਾਰਨ ਤੁਹਾਡਾ ਏਜੰਡਾ ਲੋਕਾਂ ਤੱਕ ਨਹੀਂ ਪਹੁੰਚ ਰਿਹਾ?
ਉ :
ਮੈਂ ਯਾਦ ਕਰਵਾ ਦੇਵਾਂ ਕਿ ਦੇਸ਼ ਦੇ 5 ਸੂਬਿਆਂ ’ਚ ਚੋਣਾਂ ਹੋਈਆਂ ਹਨ। ਉਸ ਸਮੇਂ 11 ਕਰੋੜ ਤੋਂ ਵੱਧ ਵੋਟਾਂ ਪਈਆਂ। 4 ਕਰੋੜ 90 ਲੱਖ ਲੋਕਾਂ ਨੇ ਕਾਂਗਰਸ ਨੂੰ ਚੁਣਿਆ, ਕਾਂਗਰਸ ’ਤੇ ਮੋਹਰ ਲਗਾਈ। ਅਜਿਹੇ ’ਚ ਇਹ ਕਹਿਣਾ ਕਿ ਲੋਕ ਸਾਡੇ ਨਾਲ ਨਹੀਂ ਹਨ, ਇਹ ਗਲਤ ਹੈ। ਹਾਂ, ਨਤੀਜੇ ਜੋ ਵੀ ਆਉਣ, ਉਨ੍ਹਾਂ ਨੂੰ ਅਸੀਂ ਸਵੀਕਾਰ ਕੀਤਾ।
ਅਸੀਂ ਰਾਜਸਥਾਨ, ਛੱਤੀਸਗੜ੍ਹ ’ਚ ਸੱਤਾ ’ਚ ਸੀ ਪਰ ਅੱਜ ਸਾਡੀ ਭੂਮਿਕਾ ਬਦਲੀ ਹੈ। ਅਸੀਂ ਹਾਰੇ ਨਹੀਂ, ਅਸੀਂ ਅੱਜ ਵੀ ਮੈਦਾਨ ’ਚ ਹਾਂ। ਰਾਜਸਥਾਨ 70 ਸੀਟਾਂ ਜਿੱਤੇ ਹਾਂ ਅਤੇ ਵਿਰੋਧੀ ਪਾਰਟੀ ਦੀ ਭੂਮਿਕਾ ਨਿਭਾਅ ਰਹੇ ਹਾਂ। ਸਾਡੀ ਸਰਕਾਰ ’ਚ 500 ਰੁਪਏ ’ਚ ਸਿਲੰਡਰ ਅਸ਼ੋਕ ਗਹਿਲੋਤ ਦੇ ਰਹੇ ਸਨ ਪਰ ਮੋਦੀ ਜੀ ਨੇ ਕਿਹਾ ਕਿ ਅਸੀਂ 450 ਰੁਪਏ ’ਚ ਸਿਲੰਡਰ ਦੇਵਾਂਗੇ, ਵੋਟਾਂ ਮਿਲ ਗਈਆਂ ਪਰ ਲੋਕਾਂ ਨੂੰ 450 ਰੁਪਏ ’ਚ ਸਿਲੰਡਰ ਨਹੀਂ ਮਿਲ ਰਿਹਾ। ਰਾਜਸਥਾਨ ਤੋਂ ਬਾਅਦ ਮੱਧ ਪ੍ਰਦੇਸ਼, ਛੱਤੀਸਗੜ੍ਹ, ਉੱਤਰ ਪ੍ਰਦੇਸ਼ ਦੀਆਂ ਭੈਣਾਂ ਸੋਚ ਰਹੀਆਂ ਹਨ ਕਿ ਉਨ੍ਹਾਂ ਦਾ ਕੀ ਕਸੂਰ ਹੈ। ਸਬਸਿਡੀਆਂ ਬੈਂਕ ’ਚ ਆ ਨਹੀਂ ਰਹੀਆਂ। ਇੰਨੀ ਮਹਿੰਗਾਈ ’ਚ 1150 ’ਚ ਸਿਲੰਡਰ ਮਿਲ ਰਿਹਾ ਹੈ। ਭਾਜਪਾ ਦੀਆਂ ਇਹ ਜੁਮਲੇਬਾਜ਼ੀਆਂ ਨਹੀਂ ਚਲਣਗੀਆਂ।

ਇਹ ਵੀ ਪੜ੍ਹੋ: ਮਾਹਿਲਪੁਰ 'ਚ ਕਲਾਥ ਹਾਊਸ 'ਤੇ ਚਲਾਈਆਂ ਤਾਬੜਤੋੜ ਗੋਲ਼ੀਆਂ, ਮੁੰਡੇ ਨੂੰ ਦਿੱਤੀ ਚਿੱਠੀ, 5 ਕਰੋੜ ਫਿਰੌਤੀ ਦੀ ਰੱਖੀ ਮੰਗ
ਪ੍ਰ : ਮੋਦੀ ਫਿਰ ਲੋਕ ਸਭਾ ’ਚ ਕਹਿੰਦੇ ਹਨ ਇਸ ਵਾਰ 400 ਦੇ ਪਾਰ, ਤੁਹਾਨੂੰ ਕੀ ਲੱਗਦਾ ਹੈ?
ਉ :
400 ਦੇ ਪਾਰ ਦਾ ਨਾਅਰਾ ਦੇਣ ਵਾਲਾ ਝਾਰਖੰਡ ਦੀ ਚੁਣੀ ਹੋਈ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰਦਾ ਹੈ ਅਤੇ ਨਾਕਾਮ ਹੋ ਜਾਂਦਾ ਹੈ। 400 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੇ ਚੰਡੀਗੜ੍ਹ ਦੇ ਮੇਅਰ ਦੀ ਚੋਣ ’ਚ ਧਾਂਦਲੀ ਕਰਦੇ ਹੋਏ ਕੈਮਰਿਆਂ ’ਚ ਦਰਜ ਹੁੰਦੇ ਹਨ ਅਤੇ ਸੁਪਰੀਮ ਕੋਰਟ ਦੁਆਰਾ ਫਟਕਾਰ ਲਗਾਈ ਜਾਂਦੀ ਹੈ। 400 ਸੀਟਾਂ ’ਤੇ ਦਾਅਵੇ ਕਰਨ ਵਾਲਾ ਮੁੱਖ ਚੋਣ ਕਮਿਸ਼ਨ ਦੇ ਨਿਯੁਕਤ ਪੈਨਲ ’ਚ ਮੁੱਖ ਜੱਜ ਤੇਜਸਵੀ ਆਫ਼ ਇੰਡੀਆ ਨੂੰ ਬਾਹਰ ਕਰ ਦਿੰਦਾ ਹੈ, ਇਸ ਦੇ ਪਿੱਛੇ ਕੀ ਡਰ ਅਤੇ ਕੀ ਖ਼ੌਫ਼ ਹੈ, ਇਹ ਪੁੱਛਣਾ ਚਾਹੁੰਦੇ ਹਾਂ। ਇਹ 400 ਦਾ ਜੁਮਲਾ, ਇਕ ਧੋਖਾ ਹੈ। ਲੋਕਾਂ ਨੂੰ ਪਤਾ ਹੈ ਕਿ ਇਹ 40 ਸੀਟਾਂ ਵੀ ਕੱਢ ਗਏ ਤਾਂ ਵੱਡੀ ਗੱਲ ਹੋਵੇਗੀ।


ਪ੍ਰ : ਤੁਹਾਡੇ ਅਲਾਇੰਸ ਪਾਰਟਨਰ ਆਖਿਰ ਕਿਉਂ ਰਾਹੁਲ ਜੀ ਨਾਲ ਨਜ਼ਰ ਨਹੀਂ ਆ ਰਹੇ?
ਉ :
ਮੈਂ ਫਿਰ ਕਹਿ ਰਹੀ ਹੈ ਕਿ ਸਾਡੇ ਅਲਾਇੰਸ ਪਾਰਟਨਰ ਅਤੇ ਸਾਡੇ ਉੱਪਰ ਈ. ਡੀ. ਦਾ ਦਬਾਅ ਪਾਇਆ ਜਾ ਰਿਹਾ ਹੈ ਅਤੇ ਸਾਨੂੰ ਡਰਾਇਆ ਜਾ ਰਿਹਾ ਹੈ। ਰਾਹੁਲ ਗਾਂਧੀ ਨੂੰ 55 ਘੰਟੇ ਈ. ਡੀ. ਨੇ ਬੁਲਾਇਆ। ਸੋਨੀਆ ਗਾਂਧੀ ਨੂੰ ਪਾਰਲੀਮੈਂਟ ਤੋਂ ਬੁਲਾ ਕੇ ਈ. ਡੀ. ਨੇ ਪੁੱਛਗਿੱਛ ਕੀਤੀ। 10 ਸਾਲ ਘੱਟ ਪੈ ਗਏ, 10 ਸਾਲ ਕੁਝ ਸਾਬਿਤ ਨਹੀਂ ਕਰ ਸਕੇ, ਸਿਰਫ਼ ਸਮਾਂ ਬਰਬਾਦ ਕੀਤਾ। ਭਾਜਪਾਈ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਜੀਤ ਪਵਾਰ, ਐੱਨ. ਸੀ. ਪੀ. ਦੋਫਾੜ ਕਰ ਦਿੱਤੀ। ਸ਼ਿਵ ਸੈਨਾ ਨੂੰ ਦੋਫਾੜ ਕਰ ਦਿੱਤਾ।
ਵੱਡੇ ਲੋਕਾਂ ਨੂੰ ਡਰਾ ਕੇ ਭਾਜਪਾ ’ਚ ਸ਼ਾਮਲ ਕਰਵਾ ਲਿਆ। ਮੈਂ ਇਹ ਕਹਿਣਾ ਚਾਹਾਂਗੀ ਕਿ ਦਬਾਅ ’ਚ ਉਹ ਲੋਕ ਆਉਣਗੇ, ਜਿਨ੍ਹਾਂ ਨੇ ਕੁਝ ਗਲਤ ਕੀਤਾ ਹੈ। ਨਹੀਂ ਤਾਂ ਹੇਮੰਤ ਸੋਰੇਨ, ਰਾਹੁਲ ਗਾਂਧੀ, ਡੀ. ਐੱਮ. ਕੇ. ਮੁਖੀ ਮੰਤਰੀ ਸਟਾਲਿਨ ਵਰਗੇ ਲੋਕ ਕਿਸੇ ਤਰ੍ਹਾਂ ਦੇ ਦਬਾਅ ’ਚ ਨਹੀਂ ਆਉਣਗੇ ਅਤੇ ‘ਇੰਡੀਆ’ ਅਲਾਇੰਸ ’ਚ ਬਣੇ ਰਹਿਣਗੇ। ਇਸੇ ਤਰ੍ਹਾਂ ਅੱਜਕਲ੍ਹ ਦਿੱਲੀ ਦੇ ਮੁੱਖ ਮੰਤਰੀ ਅਰਿਵੰਦਰ ਕੇਜਰੀਵਾਲ ’ਤੇ ਤਲਵਾਰ ਲਟਕੀ ਹੈ। ਉੱਪ ਮੁੱਖ ਮੰਤਰੀ ਸੰਜੇ ਸਿੰਘ ਜੇਲ੍ਹ ’ਚ ਹਨ ਅਤੇ ਦਬਾਅ ’ਚ ਹਨ ਪਰ ਜੇਕਰ ਉਨ੍ਹਾਂ ਨੇ ਕੁਝ ਨਹੀਂ ਕੀਤਾ ਤਾਂ ਮੈਨੂੰ ਪੱਕੀ ਉਮੀਦ ਹੈ ਕਿ ਉਹ ਡਰਨਗੇ ਨਹੀਂ ਅਤੇ ‘ਇੰਡੀਆ’ ਅਲਾਇੰਸ ’ਚ ਬਣੇ ਰਹਿਣਗੇ।


ਪ੍ਰ : ਪੰਜਾਬ ’ਚ ਅਲਾਇੰਸ ਬਾਰੇ ਅਜੇ ਤੱਕ ਸਸਪੈਂਸ ਹੈ, ਇਸ ਸਥਿਤੀ ਨੂੰ ਤੁਸੀਂ ਕਿਵੇਂ ਸਪੱਸ਼ਟ ਕਰੋਗੇ।
ਉ :
ਦੇਖੋ, ਆਮ ਆਦਮੀ ਪਾਰਟੀ ਨਾਲ ਚੰਡੀਗੜ੍ਹ, ਦਿੱਲੀ, ਪੰਜਾਬ ਵਿਚ ਗੱਠਜੋੜ ਦੀ ਗੱਲ ਚੱਲ ਰਹੀ ਹੈ। ਪੰਜਾਬ ਦੀ ਗੱਲ ਕਰੀਏ ਤਾਂ ਭਾਜਪਾ ਆਪਣੇ ਦਮ ’ਤੇ ਕੁਝ ਨਹੀਂ ਹੈ, ਭਾਜਪਾ ਕੁਝ ਕਰਦੀ ਹੈ ਤਾਂ ਸਿਰਫ਼ ਅਕਾਲੀਆਂ ਨਾਲ ਗਠਜੋੜ ’ਚ। ਭਾਜਪਾ ਹੁਣ ਗਠਜੋੜ ਦੇ ਲਈ ਅਕਾਲੀਆਂ ਨੂੰ ਬਲੈਕਮੇਲ ਕਰਨ ’ਚ ਲੱਗੀ ਹੈ। ਭਾਜਪਾ ਆਪਣੇ ਦਮ ’ਤੇ ਪੰਜਾਬ ’ਚ ਕੁਝ ਨਹੀਂ ਕਰ ਸਕਦੀ। ਪਰ ਹਾਂ, ਪੰਜਾਬ ’ਚ ਸੱਤਾ ’ਚ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ’ਚ ਕਾਂਗਰਸ ਮਜ਼ਬੂਤ ਸਥਿਤੀ ’ਚ ਹਨ।


ਪ੍ਰ : ਭਾਜਪਾ ਦੇ ਰਾਮ ਮੰਦਰ ਦੇ ਫ਼ੈਸਲੇ ’ਤੇ ਕਾਂਗਰਸ ਕੀ ਕਹੇਗੀ।
ਉ :
ਰਾਮ ਮੰਦਰ ਕੋਰਟ ਦਾ ਫ਼ੈਸਲਾ ਹੈ, ਬਿਲਕੁਲ ਸਵੀਕਾਰ ਹੈ। ਸਾਰਿਆਂ ਨੂੰ ਸਵੀਕਾਰ ਹੈ। ਖ਼ੁਸ਼ੀ ਹੈ ਕਿ ਵਿਸ਼ਾਲ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋ ਗਿਆ ਪਰ ਸਾਡੇ ਧਰਮ ਗੁਰੂ ਸ਼ੰਕਰਾਚਾਰੀਆ ਨੇ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਰਾਮ ਮੰਦਰ ਦਾ ਨਿਰਮਾਣ ਅਧੂਰਾ ਹੈ। ਉਨ੍ਹਾਂ ਨੇ ਕਿਹਾ ਕਿ ਕੀ ਜਲਦਬਾਜ਼ੀ ਹੈ, ਅਧੂਰੇ ਰਾਮ ਮੰਦਰ ਦਾ ਨੀਂਹ ਪੱਥਰ ਰੱਖ ਰਹੇ ਹਨ ਅਤੇ ਉਹ ਵੀ ਸਿਆਸੀ ਲੋਕ। ਹਾਲਾਂਕਿ ਉੱਥੇ ਧਰਮ ਗੁਰੂਆਂ ਨੂੰ ਹੋਣਾ ਚਾਹੀਦਾ ਸੀ ਪਰ ਉੱਥੇ ਪੂਰਾ ਸਿਆਸੀਕਰਨ ਕਰ ਦਿੱਤਾ ਗਿਆ।


ਪ੍ਰ : ਕਾਂਗਰਸ ਦੇ ਇੰਟਰਨਲ ਸਰਵੇ ’ਤੇ ਕੀ ਕਹਿਣਾ ਚਾਹੋਗੇ।
ਉ :
ਮੈਂ ਨਹੀਂ ਜਾਣਦੀ ਕਿ ਸਰਵੇ ਕਿਸ ਨੇ ਕਰਵਾਇਆ ਪਰ ਦੇਸ਼ ’ਚ 100 ਸੀਟਾਂ ਨਹੀਂ ਆ ਰਹੀਆਂ ਸਗੋਂ 300 ਦਾ ਅੰਕੜਾ ਪਾਰ ਕਰਾਂਗੇ। ਇੰਡੀਆ ਅਲਾਇੰਸ ਮਿਲ ਕੇ 300 ਦਾ ਅੰਕੜਾ ਪਾਰ ਕਰੇਗਾ। ਭਾਜਪਾ ਦਾ ਸੂਪੜਾ ਸਾਫ਼ ਕਰਾਂਗੇ। ਭਾਜਪਾ ਦੱਖਣੀ ਭਾਰਤ ’ਤੋਂ ਗਾਇਬ ਹੋ ਚੁੱਕੀ ਹੈ। ਕਰਨਾਟਕ ਅਤੇ ਤੇਲੰਗਾਨਾ ’ਚ ਦੋਵਾਂ ਥਾਵਾਂ ’ਤੇ ਭਾਜਪਾ ਮੂਧੇ ਮੂੰਹ ਡਿੱਗ ਕੇ ਆਈ ਹੈ। ਉੱਥੇ ਹੀ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਮੈਂ ਕਹਾਂਗੀ ਕਿ ਪੰਜਾਬ ’ਚ 13 ਦੀਆਂ 13 ਸੀਟਾਂ ਭਾਜਪਾ ਹਾਰੇਗੀ। ਕਿਉਂਕਿ ਲੋਕ ਬਹੁਤ ਪ੍ਰੇਸ਼ਾਨ ਹੋ ਚੁੱਕੇ ਹਨ। ਬੇਰੋਜ਼ਗਾਰੀ ਵਧਣ ਦੇ ਨਾਲ ਗੈਸ ਸਿਲੰਡਰ ਅਤੇ ਹਰ ਚੀਜ਼ ਮਹਿੰਗੀ ਹੈ, ਜਿਸ ਦਾ ਬਦਲਾ ਲੈਣ ਲਈ ਲੋਕ ਤਿਆਰ ਹਨ।

ਇਹ ਵੀ ਪੜ੍ਹੋ: ਮੁੜ ਚਰਚਾ 'ਚ ਸੰਦੀਪ ਨੰਗਲ ਅੰਬੀਆਂ ਕਤਲ ਕਾਂਡ, ਬਠਿੰਡਾ ਜੇਲ੍ਹ ’ਚੋਂ ਜਲੰਧਰ ਲਿਆਂਦੇ ਗਏ 2 ਸ਼ਾਰਪ ਸ਼ੂਟਰ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News