ਨਿਗਮ ਦੇ ਕੌਂਸਲਰ ਹਾਊਸ ਲਈ 3 ਬਦਲ ਤਿਆਰ
Thursday, Apr 05, 2018 - 06:15 AM (IST)

ਜਲੰਧਰ, (ਖੁਰਾਣਾ)— ਨਗਰ ਨਿਗਮ ਦੇ ਕੌਂਸਲਰਾਂ ਦੀ ਗਿਣਤੀ 60 ਤੋਂ ਵਧ ਕੇ 80 ਹੋ ਚੁੱਕੀ ਹੈ। ਨਿਗਮ ਦਾ ਟਾਊਨ ਹਾਲ ਜਿੱਥੇ ਕੌਂਸਲਰ ਹਾਊਸ ਦੀਆਂ ਬੈਠਕਾਂ ਹੁੰਦੀਆਂ ਹਨ। ਕੌਂਸਲਰਾਂ ਲਈ ਛੋਟਾ ਲੱਗਣ ਲੱਗਾ ਹੈ। ਨਵੇਂ ਕੌਂਸਲਰ ਹਾਊਸ ਦੀਆਂ ਦੋ ਬੈਠਕਾਂ ਇਸ ਛੋਟੇ ਜਿਹੇ ਟਾਊਨ ਹਾਲ ਵਿਚ ਹੋ ਚੁੱਕੀਆਂ ਹਨ, ਜਿੱਥੇ 80 ਕੌਂਸਲਰਾਂ ਨੂੰ ਬੈਠਣ ਵਿਚ ਮੁਸ਼ਕਲ ਹੋਈ। ਜ਼ਿਆਦਾਤਰ ਮਹਿਲਾ ਕੌਂਸਲਰਾਂ ਦੇ ਪਤੀਆਂ ਨੂੰ ਮਨ ਮਸੋਸ ਕੇ ਕੌਂਸਲਰ ਹਾਊਸ ਦੀ ਬੈਠਕ ਵਿਚੋਂ ਬਾਹਰ ਰਹਿਣਾ ਪਿਆ ਸੀ। ਹੁਣ ਕੌਂਸਲਰ ਹਾਊਸ ਦੀ ਤੀਜੀ ਬੈਠਕ ਕੁਝ ਦਿਨਾਂ ਬਾਅਦ ਹੋਣ ਜਾ ਰਹੀ ਹੈ ਜੋ ਇਸ ਤੰਗ ਟਾਊਨ ਹਾਲ ਵਿਚ ਹੋਵੇਗੀ ਪਰ ਟਾਊਨ ਹਾਲ ਨੂੰ ਵੱਡਾ ਕਰਨ ਲਈ ਨਿਗਮ ਪ੍ਰਸ਼ਾਸਨ ਨੇ ਤਿੰਨ ਬਦਲ ਤਿਆਰ ਕਰ ਲਏ ਹਨ, ਜਿਸ ਦੀ ਫਾਈਲ ਮੇਅਰ ਜਗਦੀਸ਼ ਰਾਜਾ ਨੂੰ ਭੇਜ ਦਿੱਤੀ ਗਈ ਹੈ। ਆਉਣ ਵਾਲੇ ਦਿਨਾਂ ਵਿਚ ਵੱਡੇ ਟਾਊਨ ਹਾਲ ਬਾਰੇ ਫੈਸਲਾ ਲਿਆ ਜਾ ਸਕਦਾ ਹੈ।
ਪਹਿਲੀ ਪਲਾਨਿੰਗ ਮੁਤਾਬਕ ਵਰਤਮਾਨ ਟਾਊਨ ਹਾਲ ਨੂੰ ਵੱਡਾ ਕੀਤਾ ਜਾ ਸਕਦਾ ਹੈ, ਜਿਸ ਲਈ ਆਲੇ-ਦੁਆਲੇ ਦੇ ਕਮਰਿਆਂ ਨੂੰ ਤੋੜਿਆ ਜਾ ਸਕਦਾ ਹੈ। ਦੂਜਾ ਬਦਲ ਨਿਗਮ ਦੀ ਪੁਰਾਣੀ ਬਿਲਡਿੰਗ ਕੋਲ ਪਿਆ ਖਾਲੀ ਪਲਾਟ ਹੈ, ਜਿੱਥੇ ਨਵਾਂ ਟਾਊਨ ਹਾਲ ਬਣਾਇਆ ਜਾ ਸਕਦਾ ਹੈ। ਤੀਜੇ ਬਦਲ ਦੇ ਰੂਪ ਵਿਚ ਨਿਗਮ ਦੀ ਬਿਲਡਿੰਗ ਦੇ ਟਾਪ ਫਲੋਰ ਦੀ ਚੋਣ ਕੀਤੀ ਗਈ ਹੈ, ਜਿੱਥੇ ਟਾਊਨ ਹਾਲ ਦੇ ਨਾਲ-ਨਾਲ ਮਲਟੀਪਰਪਜ਼ ਹਾਲ ਵੀ ਬਣਾਇਆ ਜਾ ਸਕਦਾ ਹੈ। ਇਸ ਹਾਲ ਵਿਚ ਪ੍ਰੋਜੈਕਟਰ ਸਟੇਜ 'ਤੇ ਹੋਰ ਕਈ ਤਰ੍ਹਾਂ ਦੀਆਂ ਵਿਵਸਥਾਵਾਂ ਕੀਤੀਆਂ ਜਾ ਸਕਦੀਆਂ ਹਨ ਤਾਂ ਜੋ ਇਸ ਹਾਲ ਨੂੰ ਹੋਰ ਕੰਮਾਂ ਲਈ ਵੀ ਵਰਤਿਆ ਜਾ ਸਕੇ। ਹੁਣ ਦੇਖਣਾ ਹੈ ਕਿ ਨਵੇਂ ਟਾਊਨ ਹਾਲ ਬਾਰੇ ਕੀ ਫੈਸਲਾ ਲਿਆ ਜਾਂਦਾ ਹੈ।