ਪੰਜਾਬ ਦੇ ਸਕੂਲਾਂ ’ਚ AI ਸਿੱਖਿਆ ਦੀ ਤਿਆਰੀ: ਮਾਪਿਆਂ ਦੀ ਜੇਬ ''ਤੇ ਪਵੇਗਾ ਵਾਧੂ ਬੋਝ, ਜਾਣੋ ਕੀ ਹੈ ਪੂਰਾ ਪਲਾਨ

Tuesday, Aug 18, 2026 - 07:39 AM (IST)

ਪੰਜਾਬ ਦੇ ਸਕੂਲਾਂ ’ਚ AI ਸਿੱਖਿਆ ਦੀ ਤਿਆਰੀ: ਮਾਪਿਆਂ ਦੀ ਜੇਬ ''ਤੇ ਪਵੇਗਾ ਵਾਧੂ ਬੋਝ, ਜਾਣੋ ਕੀ ਹੈ ਪੂਰਾ ਪਲਾਨ

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੰਪਲਸਰੀ ਸੀ.ਪੀ.ਡੀ. ਟ੍ਰੇਨਿੰਗ ਵਰਕਸ਼ਾਪ ਤੋਂ ਬਾਅਦ ਰਾਜ ਦੇ ਸਿੱਖਿਆ ਜਗਤ ਤੇ ਮਾਪਿਆਂ ਵਿਚਕਾਰ ਏ.ਆਈ. ਦੀ ਨਵੀਂ ਯੋਜਨਾ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਸਰਕਾਰ ਵੱਲੋਂ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਏ.ਆਈ. ਦੀ ਸਿੱਖਿਆ ਸ਼ੁਰੂ ਕਰਨ ਦੀ ਤਿਆਰੀ ਕੀਤੀ ਗਈ ਹੈ। 1 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਇਸ ਯੋਜਨਾ ਤਹਿਤ ਪੀ.ਐੱਸ.ਈ.ਬੀ. ਨਾਲ ਐਫ਼ਿਲੀਏਟਿਡ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਲਈ 100 ਰੁਪਏ ਪ੍ਰਤੀ ਮਹੀਨਾ ਫ਼ੀਸ ਦਾ ਪ੍ਰਸਤਾਵ ਰੱਖਿਆ ਗਿਆ ਹੈ, ਜਦਕਿ ਸਰਕਾਰੀ ਸਕੂਲਾਂ ਵਿੱਚ ਇਸ ਨੂੰ ਮੁਫ਼ਤ ਰੱਖਣ ਦੀ ਗੱਲ ਕਹੀ ਜਾ ਰਹੀ ਹੈ। ਇਸ ਪੂਰੇ ਪ੍ਰੋਜੈਕਟ ਦਾ ਸੰਚਾਲਨ ਸਿੰਗਾਪੁਰ ਦੀ ਇੱਕ ਨਿੱਜੀ ਕੰਪਨੀ ਵੱਲੋਂ ਕੀਤਾ ਜਾਵੇਗਾ। ਸੀ.ਬੀ.ਐੱਸ.ਈ. ਅਤੇ ਐੱਨ.ਸੀ.ਈ.ਆਰ.ਟੀ. ਦੀਆਂ ਨੀਤੀਆਂ ਤੋਂ ਵੱਖ ਹਟ ਕੇ ਸ਼ੁਰੂ ਕੀਤੇ ਜਾ ਰਹੇ ਇਸ ਕੋਰਸ ਵਿੱਚ 35 ਤੋਂ 40 ਮਿੰਟ ਦੀ ਆਨਲਾਈਨ ਕਲਾਸ ਹੋਵੇਗੀ।

ਇਹ ਵੀ ਪੜ੍ਹੋ : ਲੁਧਿਆਣਾ 'ਚ 9ਵੀਂ ਜਮਾਤ ਦੀ ਵਿਦਿਆਰਥਣ 7 ਦਿਨਾਂ ਤੋਂ 'ਲਾਪਤਾ'! ਵੀਡੀਓ ਵੇਖ ਮਾਪਿਆਂ ਦੇ ਉੱਡੇ ਹੋਸ਼

ਰਜਿਸਟ੍ਰੇਸ਼ਨ, ਟੈਸਟ, ਕਿਤਾਬਾਂ ਤੇ ਅਧਿਆਪਕਾਂ ਦੀ ਟ੍ਰੇਨਿੰਗ ਦੀ ਫੀਸ

ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ‘ਸਰਬੱਤ ਏ.ਆਈ. ਪੋਰਟਲ’ ’ਤੇ ਕਰਵਾਈ ਜਾਵੇਗੀ, ਜਿੱਥੇ 100 ਰੁਪਏ ਪ੍ਰਤੀ ਮਹੀਨਾ ਫ਼ੀਸ ਦਾ ਉਪਬੰਧ ਹੈ। ਇਸ ਤੋਂ ਇਲਾਵਾ ਸਾਲ ਵਿਚ ਤਿੰਨ ਵਾਰ ਹੋਣ ਵਾਲੇ ਪੇਪਰਾਂ ਲਈ 50 ਰੁਪਏ, ਦੋ ਯੂਨਿਟ ਟੈਸਟਾਂ ਲਈ 10 ਰੁਪਏ ਤੇ ਕਿਤਾਬ ਲਈ 73 ਰੁਪਏ ਪ੍ਰਤੀ ਵਿਦਿਆਰਥੀ ਫ਼ੀਸ ਤੈਅ ਕੀਤੀ ਜਾ ਰਹੀ ਹੈ। ਯੋਜਨਾ ਤਹਿਤ ਹਰ ਸਕੂਲ ਤੋਂ ਦੋ ਅਧਿਆਪਕਾਂ ਨੂੰ ਟ੍ਰੇਨ ਕਰਨ ਦਾ ਪਲਾਨ ਹੈ। ਅਧਿਆਪਕਾਂ ਦੀ ਚਾਰ ਹਫ਼ਤਿਆਂ ਦੀ ਟ੍ਰੇਨਿੰਗ ਦਾ ਪਹਿਲੇ ਸਾਲ ਦਾ ਖ਼ਰਚਾ 800 ਰੁਪਏ ਰੱਖਿਆ ਗਿਆ ਹੈ, ਜਦਕਿ ਤਿੰਨ ਸਾਲਾਂ ਵਿੱਚ ਪੂਰੀ ਟ੍ਰੇਨਿੰਗ ਦੌਰਾਨ ਪ੍ਰਤੀ ਅਧਿਆਪਕ ਕੁੱਲ 21,000 ਰੁਪਏ ਦਾ ਖ਼ਰਚਾ ਤੈਅ ਕੀਤਾ ਗਿਆ ਹੈ।

ਬੁਨਿਆਦੀ ਸਹੂਲਤਾਂ ਦੀ ਘਾਟ ਤੇ ਆਨਲਾਈਨ ਪੜ੍ਹਾਈ ਦਾ ਦਬਾਅ

40 ਮਿੰਟ ਦੀ ਆਨਲਾਈਨ ਕਲਾਸ ਤੋਂ ਬਾਅਦ ਵਿਦਿਆਰਥੀਆਂ ਨੂੰ ਘਰ ਸੈਲਫ਼ ਸਟੱਡੀ ਲਈ ਮੋਬਾਈਲ ਅਤੇ ਲੈਪਟਾਪ ਦੀ ਲੋੜ ਪਵੇਗੀ। ਇਸ ਦੇ ਨਾਲ ਹੀ ਕਈ ਸਕੂਲਾਂ ਵਿੱਚ ਕੰਪਿਊਟਰ ਲੈਬਜ਼ ਤੇ ਇੰਟਰਨੈੱਟ ਕਨੈਕਟੀਵਿਟੀ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਇਸ ਨੂੰ ਅਚਾਨਕ ਲਾਗੂ ਕਰਨ ਨਾਲ ਵਿਦਿਆਰਥੀਆਂ ਦੇ ਪਰਿਵਾਰਾਂ ’ਤੇ ਆਰਥਿਕ ਦਬਾਅ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਇਹ ਵੀ ਪੜ੍ਹੋ : UGC-NET ਵਿਵਾਦ ਤੋਂ ਬਾਅਦ ਐਕਸ਼ਨ ਮੋਡ 'ਚ ਸਰਕਾਰ, NTA ਦੇ 50 ਮੁਲਾਜ਼ਮਾਂ ਦੀ ਕੀਤੀ ਛੁੱਟੀ

ਸੈਸ਼ਨ ਦੇ ਵਿਚਕਾਰ ਲਾਗੂ ਕਰਨ ਨਾਲ ਪੜ੍ਹਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ

ਅਕਾਦਮਿਕ ਸੈਸ਼ਨ ਦੇ 5 ਮਹੀਨੇ ਬੀਤ ਜਾਣ ਤੋਂ ਬਾਅਦ ਸਤੰਬਰ ਵਿੱਚ ਇਸ ਨੂੰ ਲਾਗੂ ਕਰਨ ਨਾਲ ਵਿਦਿਆਰਥੀਆਂ ਦੀ ਨਿਯਮਿਤ ਪੜ੍ਹਾਈ ਪ੍ਰਭਾਵਿਤ ਹੋਣ ਦੀ ਚਿੰਤਾ ਜਤਾਈ ਜਾ ਰਹੀ ਹੈ। ਇੱਕ ਪਾਸੇ ਜਿੱਥੇ ਫ਼ੀਸ ਵਾਧੇ ’ਤੇ ਰੋਕ ਦੀ ਗੱਲ ਹੁੰਦੀ ਹੈ, ਉੱਥੇ ਹੀ ਦੂਜੇ ਪਾਸੇ ਪੀ.ਐੱਸ.ਈ.ਬੀ. ਨਾਲ ਸਬੰਧਤ ਸਕੂਲਾਂ ਦੇ ਪਰਿਵਾਰਾਂ ਤੇ ਅਧਿਆਪਕਾਂ ''ਤੇ ਵਾਧੂ ਵਿੱਤੀ ਬੋਝ ਪੈ ਰਿਹਾ ਹੈ। ਅਧਿਆਪਕਾਂ ਅਤੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਇਸ ਯੋਜਨਾ, ਰਜਿਸਟ੍ਰੇਸ਼ਨ ਤੇ ਪੇਡ ਟ੍ਰੇਨਿੰਗ ਦੀ ਪ੍ਰਕਿਰਿਆ ਦੀ ਮੁੜ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News