ਐੱਮ. ਪੀ. ਲੈਂਡ ਫੰਡ ਤੁਰੰਤ ਬਹਾਲ ਕਰਨ ਦੀ ਪ੍ਰਨੀਤ ਕੌਰ ਨੇ ਕੇਂਦਰ ਕੋਲ ਉਠਾਈ ਮੰਗ

Wednesday, Mar 24, 2021 - 04:36 PM (IST)

ਐੱਮ. ਪੀ. ਲੈਂਡ ਫੰਡ ਤੁਰੰਤ ਬਹਾਲ ਕਰਨ ਦੀ ਪ੍ਰਨੀਤ ਕੌਰ ਨੇ ਕੇਂਦਰ ਕੋਲ ਉਠਾਈ ਮੰਗ

*ਲੋਕ ਸਭਾ ’ਚ ਕਿਹਾ, ‘ਤਜਵੀਜ਼ਤ ਖੇਤੀਬਾਡ਼ੀ ਸੈੱਸ ਸੰਘੀ ਵਿੱਤੀ ਢਾਂਚੇ ’ਤੇ ਅਸਰ ਪਾਉਣ ਸਮੇਤ ਰਾਜਾਂ ਦੇ ਮਾਲੀਆ ਹਿੱਸੇ ਨੂੰ ਵੀ ਵੱਡੀ ਪੱਧਰ ’ਤੇ ਘਟਾਏਗਾ’

ਪਟਿਆਲਾ (ਰਾਜੇਸ਼ ਪੰਜੌਲਾ) : ਪਟਿਆਲਾ ਦੀ ਐੱਮ. ਪੀ. ਮਹਾਰਾਣੀ ਪ੍ਰਨੀਤ ਕੌਰ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਸੰਸਦ ਮੈਂਬਰਾਂ ਦਾ ਐੱਮ. ਪੀ. ਲੈਂਡ ਫੰਡ ਤੁਰੰਤ ਬਹਾਲ ਕਰਨ ਲਈ ਕਿਹਾ ਹੈ। ਪ੍ਰਨੀਤ ਕੌਰ ਨੇ ਮੰਗਲਵਾਰ ਨੂੰ ਲੋਕ ਸਭਾ ’ਚ ਵਿੱਤੀ ਬਿੱਲ ’ਤੇ ਚਰਚਾ ਮੌਕੇ ਸੰਬੋਧਨ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ, ‘‘ਇਹ ਸਾਡਾ, ਸੰਸਦ ਮੈਂਬਰਾਂ ਦਾ ਹੱਕ ਹੈ ਕਿ ਅਸੀਂ ਆਪਣੇ ਹਲਕਿਆਂ ਦੀਆਂ ਲੋਡ਼ਾਂ ਨੂੰ ਪੂਰਾ ਕਰ ਸਕੀਏ।’’ ਉਨ੍ਹਾਂ ਕੇਂਦਰੀ ਵਿੱਤ ਮੰਤਰੀ ਨੂੰ ਮੁੜ ਅਪੀਲ ਕੀਤੀ ਹੈ ਕਿ ਕੋਵਿਡ ਮਹਾਮਾਰੀ ਦੌਰਾਨ ਸਾਡੀਆਂ ਫਰੰਟਲਾਈਨ ਵਰਕਰਾਂ ਵਜੋਂ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਦੀਆਂ ਤਨਖਾਹਾਂ ਵੀ ਵਧਾਈਆਂ ਜਾਣ। ਕੇਂਦਰੀ ਵਿੱਤ ਮੰਤਰੀ ਵੱਲੋਂ ਸਾਲ 2021-22 ਦੇ ਕੇਂਦਰੀ ਬਜਟ ’ਚ ਖੇਤੀਬਾਡ਼ੀ ਬੁਨਿਆਦੀ ਢਾਂਚਾ ਅਤੇ ਵਿਕਾਸ ਫੰਡ ਜੋਡ਼ੇ ਜਾਣ ਦੇ ਮੁੱਦੇ ’ਤੇ ਪ੍ਰਨੀਤ ਕੌਰ ਨੇ ਕਿਹਾ ਕਿ ਇਹ ਸੈੱਸ ਜਿੱਥੇ ਸਾਡੇ ਸੰਘੀ ਵਿੱਤੀ ਢਾਂਚੇ ’ਤੇ ਬੁਰਾ ਪ੍ਰਭਾਵ ਪਾਵੇਗਾ, ਉਥੇ ਰਾਜਾਂ ਦੇ ਮਾਲੀਆ ਹਿੱਸੇ ਨੂੰ ਵੀ ਸੱਟ ਮਾਰੇਗਾ। ਨਾਲ ਹੀ ਇਸ ਕਰ ਕੇ ਉਨ੍ਹਾਂ ਦੀਆਂ ਵਿਕਾਸ ਸਬੰਧੀ ਜ਼ਰੂਰੀ ਲੋਡ਼ਾਂ ਪੂਰੀਆਂ ਕਰਨੀਆਂ ਔਖੀਆਂ ਹੋ ਜਾਣਗੀਆਂ। ਉਨ੍ਹਾਂ ਨੇ ਵਿੱਤੀ ਬਿੱਲ 2021 ਦਾ ਜ਼ਿਕਰ ਕਰਦਿਆਂ ਇਸ ’ਚੋਂ ਵੀ ਬਹੁ-ਗਿਣਤੀ ਵਿਵਸਥਾਵਾਂ ਮਨੀ ਬਿੱਲ ਦੀ ਪ੍ਰੀਭਾਸ਼ਾ ਮੁਤਾਬਕ ਪੂਰੀਆਂ ਨਹੀਂ ਕੀਤੀਆਂ ਜਾ ਸਕੀਆਂ, ਕਿਉਂਕਿ ਇਹ ਵਿਵਸਥਾਵਾਂ, ਟੈਕਸਾਂ, ਸਰਕਾਰ ਤੋਂ ਪੈਸਾ ਉਧਾਰ ਲੈਣ ਤੋਂ ਇਲਾਵਾ ਨਾ ਹੀ ਖ਼ਰਚਿਆਂ ਅਤੇ ਨਾ ਹੀ ਰਸੀਦਾਂ ਨਾਲ ਜੁੜੀ ਹੋਈ ਹੈ, ਜਿਹੜੀ ਕਿ ਭਾਰਤ ਦੇ ਸੰਗਠਿਤ ਫੰਡ ’ਚ ਸ਼ਾਮਲ ਹੈ।

ਇਹ ਵੀ ਪੜ੍ਹੋ : ਪ੍ਰਾਈਵੇਟ ਸਕੂਲਾਂ ਨੂੰ ਪੰਜਾਬ ਸਰਕਾਰ ਦਾ ਝਟਕਾ, ਜਾਰੀ ਕੀਤੇ ਨਵੇਂ ਹੁਕਮ

ਸੰਸਦ ਮੈਂਬਰ ਨੇ ਅਫ਼ਸੋਸ ਨਾਲ ਕਿਹਾ, ‘‘ਵਿੱਤੀ ਬਿੱਲ ਰਾਹੀਂ ਅਜਿਹੀਆਂ ਤਜਵੀਜਾਂ ਨੂੰ ਅੱਗੇ ਧੱਕਣਾ ਕੇਵਲ ਸੰਸਦੀ ਪੜਤਾਲ ਤੋਂ ਬਚਣ ਦੀ ਕੋਸ਼ਿਸ਼ ਹੀ ਕਹੀ ਜਾ ਸਕਦੀ ਹੈ, ਕਿਉਂ ਜੋ ਮਨੀ ਬਿੱਲ ਦੇ ਮਾਮਲੇ ’ਚ ਰਾਜ ਸਭਾ ਨੂੰ ਇਸ ਨੂੰ ਰੱਦ ਕਰਨ ਜਾਂ ਸੋਧਣ ਦਾ ਅਧਿਕਾਰ ਹੀ ਨਹੀਂ ਹੈ। ਇਹ ਬਿਲਕੁੱਲ ਉਸੇ ਤਰ੍ਹਾਂ ਹੀ ਹੈ ਜਿਵੇਂ ਸਰਕਾਰ ਮਹੱਤਵਪੂਰਨ ਬਿੱਲਾਂ ਨੂੰ ਸੰਸਦ ਦੇ ਘੇਰੇ ਤੋਂ ਬਾਹਰ ਕੱਢ ਕੇ ਅਤੇ ਸੰਸਦੀ ਪੜਤਾਲ ਤੋਂ ਬਚਣ ਲਈ ਆਰਡੀਨੈਂਸਾਂ ਦਾ ਰਾਹ ਅਖ਼ਤਿਆਰ ਕਰਦੀ ਆ ਰਹੀ ਹੈ। ਕੋਵਿਡ ਮਹਾਮਾਰੀ ਦੇ ਦੇਸ਼ ਦੀ ਆਰਥਿਕਤਾ ’ਤੇ ਪਏ ਪ੍ਰਭਾਵਾਂ ਬਾਰੇ ਬੋਲਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ, ‘‘ਸਾਡਾ ਖੇਤੀਬਾੜੀ ਸੈਕਟਰ ਇਕਲੌਤਾ ਅਜਿਹਾ ਸੈਕਟਰ ਸੀ, ਜਿਹੜਾ ਕਿ ਸਾਡੀ ਆਰਥਿਕਤਾ ਲਈ ਉਮੀਦ ਦੀ ਕਿਰਨ ਸੀ, ਨੂੰ ਛੱਡ ਕੇ ਹਰ ਦੂਜਾ ਖੇਤਰ ਇਸ ਮਹਾਮਾਰੀ ਤੋਂ ਪ੍ਰਭਾਵਿਤ ਹੋਇਆ ਸੀ। ਇਹ ਸਿਰਫ਼ ਤੇ ਸਿਰਫ਼ ਸਾਡੇ ਉਨ੍ਹਾਂ ਮਿਹਨਤੀ ਕਿਸਾਨਾਂ ਤੇ ਮਜ਼ਦੂਰਾਂ ਕਰ ਕੇ ਹੀ ਸੰਭਵ ਸੀ, ਜਿਹੜੇ ਅੱਜ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਸ਼ਾਂਤੀ ਅਤੇ ਧੀਰਜ ਨਾਲ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਪੁਲਸ ਮਹਿਕਮੇ ’ਚ ਵੱਡਾ ਫੇਰ-ਬਦਲ, ਕਈ ਅਫ਼ਸਰਾਂ ਦੇ ਤਬਾਦਲੇ

 

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 

 


author

Anuradha

Content Editor

Related News