ਪ੍ਰਨੀਤ ਕੌਰ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ, ਚੁੱਕਿਆ ਇਹ ਮੁੱਦਾ
Friday, Apr 01, 2022 - 04:28 PM (IST)
ਦਿੱਲੀ/ਪਟਿਆਲਾ : ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਸਾਨ ਰੋਡ ਸੰਘਰਸ਼ ਕਮੇਟੀ ਦੇ ਮੈਂਬਰਾਂ ਸਮੇਤ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਡੇਰਾਬੱਸੀ ਅਤੇ ਬਨੂੜ ਵਿੱਚ ਐੱਨ. ਐੱਚ. ਏ. ਆਈ. (ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ) ਵੱਲੋਂ ਐਕਵਾਇਰ ਕੀਤੀ ਜ਼ਮੀਨ ਦੇ ਇਨਾਮ ਪਾਸ ਕਰਨ ਦਾ ਮੁੱਦਾ ਉਠਾਇਆ। ਟਰਾਂਸਪੋਰਟ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਕਿਸਾਨ ਰੋਡ ਸੰਘਰਸ਼ ਕਮੇਟੀ ਦੇ ਮੈਂਬਰ ਕੁਝ ਦਿਨ ਪਹਿਲਾਂ ਮੈਨੂੰ ਡੇਰਾਬੱਸੀ ਅਤੇ ਬਨੂੜ ਵਿਚ ਭਾਰਤਮਾਲਾ ਐੱਨ. ਐੱਚ. 205ਏ ਪ੍ਰਾਜੈਕਟ ਤਹਿਤ ਜ਼ਮੀਨ ਐਕਵਾਇਰ ਕਰਨ ਦਾ ਮਾਮਲਾ ਉਠਾਉਣ ਲਈ ਮਿਲੇ ਸਨ। ਇਸ ਲਈ ਅੱਜ ਮੈਂ ਉਨ੍ਹਾਂ ਨੂੰ ਨਾਲ ਲੈ ਕੇ ਮਾਨਯੋਗ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਮਿਲੀ ਅਤੇ ਉਨ੍ਹਾਂ ਨੂੰ ਕਿਸਾਨਾਂ ਦੀਆਂ ਅਸਲ ਮੰਗਾਂ ਤੋਂ ਜਾਣੂ ਕਰਵਾਇਆ। ਗਡਕਰੀ ਨੇ ਉਨ੍ਹਾਂ ਦੀਆਂ ਮੰਗਾਂ ਸੁਣੀਆਂ ਅਤੇ ਸਾਡੇ ਨਾਲ ਵਾਅਦਾ ਕੀਤਾ ਕਿ ਉਹ ਇਨ੍ਹਾਂ ਮੰਗਾਂ ਦਾ ਜਲਦੀ ਹੱਲ ਯਕੀਨੀ ਬਣਾਉਣਗੇ।
ਇਹ ਵੀ ਪੜ੍ਹੋ : ਪੁਲਸ ਮੁਲਾਜ਼ਮਾਂ ਨੂੰ ਜਨਮ ਦਿਨ ’ਤੇ ਮੁੱਖ ਮੰਤਰੀ ਦੇਣਗੇ ਵਧਾਈ, ਭੇਜਿਆ ਜਾਵੇਗਾ ਖਾਸ ਸੁਨੇਹਾ
ਪ੍ਰਨੀਤ ਕੌਰ ਨੇ ਅੱਗੇ ਦੱਸਿਆ ਕਿ ਸੰਘਰਸ਼ ਕਮੇਟੀ ਨੇ ਮੇਰੇ ਧਿਆਨ ਵਿਚ ਲਿਆਂਦਾ ਸੀ ਕਿ ਇਸ ਪ੍ਰੋਜੈਕਟ ਵਿਚ ਪੈਂਦੇ 28 ਪਿੰਡਾਂ ਦੀ ਜ਼ਮੀਨ ਦੇ ਅਵਾਰਡ 30 ਸਤੰਬਰ 2021 ਨੂੰ ਡੀ.ਆਰ.ਓ. (ਐੱਸ.ਏ.ਐੱਸ.) ਨਗਰ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਪ੍ਰੋਜੈਕਟ ਲਾਗੂ ਕਰਨ ਵਾਲੀ ਇਕਾਈ ਅੰਬਾਲਾ ਨੂੰ ਭੇਜੇ ਗਏ ਸਨ ਪਰ ਸੱਤ ਮਹੀਨਿਆਂ ਬਾਅਦ ਵੀ ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਉਨ੍ਹਾਂ ਅੱਗੇ ਕਿਹਾ ਕਿ ਮਾਲ ਅਧਿਕਾਰੀਆਂ ਨੇ ਜ਼ਮੀਨ ਐਕਵਾਇਰ ਦੀ ਜਮ੍ਹਾਂਬੰਦੀ 'ਤੇ ਨੋਟ ਛਾਪਿਆ ਸੀ, ਜਿਸ ਕਾਰਨ ਕਿਸਾਨ ਹੁਣ ਇਨ੍ਹਾਂ ਜ਼ਮੀਨਾਂ ਨੂੰ ਖਰੀਦਣ, ਵੇਚਣ, ਗਿਰਵੀ ਰੱਖਣ ਅਤੇ ਅਦਲਾ-ਬਦਲੀ ਕਰਨ ਤੋਂ ਅਸਮਰੱਥ ਹਨ। ਅਸੀਂ ਆਸ ਕਰਦੇ ਹਾਂ ਕਿ ਟਰਾਂਸਪੋਰਟ ਮੰਤਰੀ ਇਸ ਮਾਮਲੇ ਨੂੰ ਤੁਰੰਤ ਹੱਲ ਕਰਨਗੇ ਅਤੇ ਸੀਮਾਂਤ ਕਿਸਾਨਾਂ ਦੇ ਲਗਭਗ 3200 ਪਰਿਵਾਰਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਨਗੇ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?