ਲਿਫਾਫੇ ''ਚੋਂ ਨਹੀਂ ਨਿਕਲਿਆ ਪ੍ਰਧਾਨ, ਸਰਬਸੰਮਤੀ ਨਾਲ ਹੋਈ ਚੋਣ : ਚੰਦੂਮਾਜਰਾ
Thursday, Nov 15, 2018 - 10:54 AM (IST)

ਸੁਲਤਾਨਪੁਰ ਲੋਧੀ (ਸੋਢੀ)— ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਜਥੇ. ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲਿਫਾਫੇ ਰਾਹੀਂ ਨਹੀਂ ਹੋਈ ਸਗੋਂ ਸਰਬਸੰਮਤੀ ਨਾਲ ਹੋਈ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਨ ਦੇ ਸਾਰੇ ਹੀ ਅਧਿਕਾਰ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਦਿੱਤੇ ਗਏ ਸਨ ਅਤੇ ਇਸ ਸਬੰਧੀ ਲਿਫਾਫੇ ਦੇ ਦੋਸ਼ ਲਗਾਉਣਾ ਬਿਲਕੁਲ ਗਲਤ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਡਾ. ਉਪਿੰਦਰਜੀਤ ਕੌਰ ਸਾਬਕਾ ਮੰਤਰੀ, ਇੰਜੀਨੀਅਰ ਸਵਰਨ ਸਿੰਘ ਰਿਟਾਇਰਡ ਐਡੀਸ਼ਨਲ ਐੱਸ. ਈ, ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ, ਮੈਨੇਜਰ ਬੇਰ ਸਾਹਿਬ ਭਾਈ ਜਰਨੈਲ ਸਿੰਘ ਅਤੇ ਹੋਰਨਾਂ ਸ਼ਿਰਕਤ ਕੀਤੀ।