ਚੰਨੀ ਸਰਕਾਰ ਨੇ ਪੰਜਾਬ ਵਿਧਾਨ ਸਭਾ ਨੂੰ ਬਣਾਇਆ ਚੋਣ ਅਖਾੜਾ : ਚੰਦੂਮਾਜਰਾ
Saturday, Nov 13, 2021 - 02:21 PM (IST)
ਫਤਿਹਗੜ੍ਹ ਸਾਹਿਬ (ਵਿਪਨ) : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਪੰਜਾਬ ਦੀ ਇਕਜੁੱਟਤਾ, ਇਕਮੁੱਠਤਾ ਤੇ ਇੱਕਸੁਰਤਾ ਦਰਸਾਉਣ ਲਈ ਸੱਦਿਆ ਗਿਆ ਸੀ ਪਰ ਪ੍ਰਧਾਨ ਮੰਤਰੀ ਮੋਦੀ ਦੇ ਇਸ਼ਾਰੇ 'ਤੇ ਕੇਂਦਰ ਦੇ ਹੱਥਾਂ 'ਚ ਖੇਡ ਰਹੀ ਚੰਨੀ ਸਰਕਾਰ ਨੇ ਇਸ ਇਜਲਾਸ 'ਚ ਪੰਜਾਬੀਆਂ ਦੀ ਏਕਤਾ ਨੂੰ ਖੇਰੂੰ-ਖੇਰੂੰ ਕਰਦਿਆਂ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ। ਚੰਨੀ ਸਰਕਾਰ ਨੇ ਵਿਧਾਨ ਸਭਾ ਨੂੰ ਚੋਣ ਅਖਾੜਾ ਬਣਾ ਦਿੱਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਕੀਤਾ ਗਿਆ। ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਮੰਡੀਆਂ ਬੰਦ ਕਰ ਕੇ ਕਿਸਾਨਾਂ ਨਾਲ ਸਰਕਾਰ ਧੱਕਾ ਕਰ ਰਹੀ ਹੈ।
ਇਹ ਵੀ ਪੜ੍ਹੋ : ਪਾਖੰਡੀ ਬਾਬੇ ਦੇ ਦਰਬਾਰ ਚੌਂਕੀ ਭਰਨ ਗਈ ਜਨਾਨੀ ਨਾਲ ਜੋ ਵਾਪਰਿਆ, ਸੁਣ ਕੰਬ ਗਿਆ ਹਰ ਕਿਸੇ ਦਾ ਦਿਲ
ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਕਿਸਾਨਾਂ ਦੇ ਮੁੱਦੇ ਪਹਿਲਾਂ ਵੀ ਹੱਲ ਕਰਵਾਉਣ ਲਈ ਕਈ ਸੰਘਰਸ਼ ਕੀਤੇ ਗਏ ਸਨ ਅਤੇ ਹੁਣ ਵੀ ਸਰਕਾਰ ਤੋਂ ਕਿਸਾਨਾਂ ਦਾ ਹੱਕ ਲੈਣ ਲਈ ਸੜਕਾਂ 'ਤੇ ਆ ਕੇ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਸਾਲ 2022 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਇੱਕ ਵੱਡੀ ਇਤਿਹਾਸਕ ਜਿੱਤ ਹਾਸਲ ਕਰੇਗਾ ਕਿਉਂਕਿ ਆਮ ਆਦਮੀ ਪਾਰਟੀ ਜੋ ਕਿ ਮੁੱਖ ਵਿਰੋਧੀ ਧਿਰ ਸੀ, ਉਹ ਆਪਣੀ ਭੂਮਿਕਾ ਹੀ ਸਹੀ ਤਰੀਕੇ ਨਾਲ ਨਹੀਂ ਨਿਭਾਅ ਸਕੀ ਤੇ ਬਾਕੀ ਬਚੀ ਕਾਂਗਰਸ ਪਾਰਟੀ।
ਉਨ੍ਹਾਂ ਕਿਹਾ ਕਿ ਜਿਸ ਪਾਰਟੀ ਦਾ ਆਪਣਾ ਪ੍ਰਧਾਨ ਹੀ ਪਾਰਟੀ 'ਤੇ ਉਂਗਲ ਚੁੱਕ ਰਿਹਾ ਹੋਵੇ, ਉਸ ਪਾਰਟੀ ਦਾ ਵਜੂਦ ਕੀ ਹੋਵੇਗਾ, ਇਸ ਬਾਰੇ ਕੁੱਝ ਕਹਿਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਜਿਹੋ-ਜਿਹੇ ਹਾਲਾਤ ਹਨ, ਉਸ ਨੂੰ ਸਰਕਾਰ ਅਜੇ ਵੀ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ