ਜੰਮੂ-ਕਸ਼ਮੀਰ ਅੰਦਰ ਪੰਜਾਬੀ ਨੂੰ ਰਾਜ ਭਾਸ਼ਾ ''ਚੋਂ ਬਾਹਰ ਕੱਢਣਾ ਮੰਦਭਾਗਾ ਫ਼ੈਸਲਾ: ਚੰਦੂਮਾਜਰਾ
Sunday, Sep 13, 2020 - 04:40 PM (IST)
ਰੂਪਨਗਰ (ਵਿਜੇ ਸ਼ਰਮਾ)— ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੇਂਦਰੀ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚੋਂ ਪੰਜਾਬੀ ਨੂੰ ਰਾਜ ਭਾਸ਼ਾ ਦੀ ਸੂਚੀ 'ਚੋਂ ਬਾਹਰ ਕੱਢਣਾ ਮੰਦਭਾਗਾ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦਾ ਇਕ ਉੱਚ ਪੱਧਰੀ ਵਫਦ ਜਲਦ ਹੀ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਪੰਜਾਬੀ ਨੂੰ ਜੰਮੂ-ਕਸ਼ਮੀਰ ਦੀ ਰਾਜ ਭਾਸ਼ਾ 'ਚ ਆਪਣਾ ਬਣਦਾ ਸਥਾਨ ਹਾਸਲ ਕਰਵਾਉਣ ਲਈ ਜ਼ੋਰ ਪਾਏਗਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਲਈ ਪਹਿਰਾ ਦਿੱਤਾ ਹੈ, ਇਸ ਕਰਕੇ ਪੰਜਾਬੀ ਨੂੰ ਜੰਮੂ ਕਸ਼ਮੀਰ ਦੀ ਰਾਜਾ ਭਾਸ਼ਾ 'ਚ ਦਰਜਾ ਕਰਵਾਉਣਾ ਅਕਾਲੀ ਦਲ ਆਪਣਾ ਫਰਜ ਸਮਝਦਾ ਹੈ।
ਇਹ ਵੀ ਪੜ੍ਹੋ: ਪਲਾਟ 'ਤੇ ਉਸਾਰੀ ਨੂੰ ਲੈ ਕੇ ਜਲਾਲਾਬਾਦ 'ਚ ਖੂਨੀ ਭਿੜ, ਸਕੇ ਭਰਾਵਾਂ ਨੂੰ ਮਾਰੀ ਗੋਲੀ
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬੀਆਂ ਦਾ ਇਸ ਖੇਤਰ ਨਾਲ ਇਤਿਹਾਸਿਕ ਪਿਛੋਕੜ ਰਿਹਾ ਹੈ। ਉਨ੍ਹਾਂ ਕਿਹਾ ਇਤਿਹਾਸ ਗਵਾਹ ਹੈ ਕਿ ਜੰਮੂ-ਕਸ਼ਮੀਰ 'ਖਾਲਸਾ ਰਾਜ' ਮਹਾਰਾਜਾ ਰਣਜੀਤ ਸਿੰਘ ਸਮੇਂ ਸਿੱਖ ਰਾਜ ਦਾ ਹਿੱਸਾ ਰਿਹਾ ਹੈ। ਚੰਦੂਮਾਜਰਾ ਨੇ ਕਿਹਾ ਕਿ ਅੱਜ ਵੀ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰਾ ਇਸ ਖਿੱਤੇ 'ਚ ਵੱਸਦਾ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਨ ਤੋਂ ਪਹਿਲਾਂ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਹਾਸਲ ਸੀ ਪਰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਤੋਂ ਬਾਅਦ ਅਚਾਨਕ ਪੰਜਾਬੀ ਨੂੰ ਸੂਚੀ 'ਚੋਂ ਕੱਢ ਦੇਣਾ ਬਹੁਤ ਵੱਡਾ ਅਨਿਆ ਵਾਲਾ ਕਦਮ ਹੈ।
ਇਹ ਵੀ ਪੜ੍ਹੋ: ਕੈਪਟਨ ਦੇ 'ਆਪ' 'ਤੇ ਦਿੱਤੇ ਬਿਆਨ ਦਾ ਅਮਨ ਅਰੋੜਾ ਵੱਲੋਂ ਪਲਟਵਾਰ
ਉੁਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਪੰਜਾਬੀ ਦੀਆਂ ਉੱਪ-ਭਾਸ਼ਾਵਾਂ ਡੋਗਰੀ ਆਦਿ ਨੂੰ ਲਿਸਟ 'ਚ ਰੱਖ ਕੇ ਪੰਜਾਬੀ ਨੂੰ ਅੱਖੋਂ-ਪਰੋਖੇ ਕਰਨਾ ਦੁੱਖਦਾਈ ਫ਼ੈਸਲਾ ਹੈ ।
ਚੰਦੂਮਾਜਰਾ ਨੇ ਕਿਹਾ ਕਿ ਦੇਸ਼ ਅਤੇ ਵਿਦੇਸ਼ ਦੀ ਧਰਤੀ 'ਤੇ ਵੱਸਦੇ ਕਰੋੜਾਂ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਕੇਂਦਰ ਦੇ ਇਸ ਫ਼ੈਸਲੇ ਨੇ ਗਹਿਰੀ ਸੱਟ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਪੰਜਾਬੀ ਭਾਈਚਾਰੇ ਅਤੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਜੰਮੂ ਕਸ਼ਮੀਰ ਅੰਦਰ ਪੰਜਾਬੀ ਨੂੰ ਰਾਜ ਭਾਸ਼ਾ ਦੇ ਦਰਜੇ ਅੰਦਰ ਰੱਖਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ: ਕੈਨੇਡਾ ਬੈਠੀਆਂ ਧੀਆਂ ਸਣੇ ਪੂਰੇ ਪਰਿਵਾਰ ਲਈ 2 ਰੁਪਏ ਕਿਲੋ ਕਣਕ ਲੈ ਰਿਹਾ ਸੀ ਇਹ ਗ਼ਰੀਬ ਅਕਾਲੀ ਲੀਡਰ