ਮਿੱਤਲ ਪੰਜਾਬ ਦੀਆਂ 117 ਸੀਟਾਂ ''ਤੇ ਲੜੇ, ਅਸੀਂ ਸਵਾਗਤ ਕਰਦੇ ਹਾਂ : ਚੰਦੂਮਾਜਰਾ

Monday, Feb 17, 2020 - 04:35 PM (IST)

ਰੂਪਨਗਰ (ਵਿਜੇ) : ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨੇਤਾ ਮਦਨ ਮੋਹਨ ਮਿੱਤਲ ਦੇ ਬਿਆਨ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਹਾ ਕਿ ਮਿੱਤਲ ਸਾਹਿਬ ਸੂਬੇ ਦੀਆਂ 117 ਸੀਟਾਂ 'ਤੇ ਚੋਣਾਂ ਲੜ ਸਕਦੇ ਹਨ, ਜਿਸ ਦਾ ਅਕਾਲੀ ਦਲ ਸਵਾਗਤ ਕਰੇਗਾ। ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਬੁਲਾਰੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮਿੱਤਲ ਦੇ 59 ਸੀਟਾਂ ਵਾਲੇ ਬਿਆਨ ਨੂੰ ਦੁਖਦਾਈ ਦੱਸਿਆ। ਰੂਪਨਗਰ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਚ ਗੱਲਬਾਤ ਕਰਦਿਆਂ ਚੰਦੂਮਾਜਰਾ ਨੇ ਕਿਹਾ ਕਿ ਮਿੱਤਲ ਆਪਣੇ ਪੱਧਰ 'ਤੇ ਹੀ ਅਜਿਹੀਆਂ ਗਲਤ ਗੱਲਾਂ ਕਰ ਰਹੇ ਹਨ, ਜਦਕਿ ਭਾਜਪਾ ਦੀ ਕੇਂਦਰੀ ਅਗਵਾਈ ਉਨ੍ਹਾਂ ਦੇ ਬਿਆਨਾਂ ਨਾਲ ਸਹਿਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਇਕ ਪ੍ਰਤੀਨਿਧੀ ਮੰਡਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨੂੰ ਦਿੱਲੀ ਚੋਣਾਂ ਦੌਰਾਨ ਮਿਲਿਆ ਸੀ ਅਤੇ ਸ਼ਾਹ ਨੇ ਅਕਾਲੀ ਦਲ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹ ਅਕਾਲੀ-ਭਾਜਪਾ ਦੇ ਪੁਰਾਣੇ ਫਾਰਮੂਲੇ (23 ਸੀਟਾਂ) 'ਤੇ ਹੀ ਕਾਇਮ ਹਨ ਜੋ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਤੋਂ ਚਲਦਾ ਆ ਰਿਹਾ ਹੈ।

ਚੰਦੂਮਾਜਰਾ ਨੇ ਸਪੱਸ਼ਟ ਕੀਤਾ ਕਿ ਅਗਲੀਆਂ ਚੋਣਾਂ 'ਚ ਵੀ ਸੀਟਾਂ ਦੀ ਗਿਣਤੀ ਓਹੀ ਰਹੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ 23 ਮਾਰਚ ਨੂੰ ਨਵਾਂਸ਼ਹਿਰ 'ਚ ਇਕ ਸੂਬਾ ਪੱਧਰੀ ਵੱਡੀ ਕਿਸਾਨ ਰੈਲੀ ਕਰਨ ਜਾ ਰਹੀ ਹੈ, ਜਦਕਿ 9 ਮਾਰਚ ਨੂੰ ਹੋਲੇ-ਮਹੱਲੇ 'ਤੇ ਪਾਰਟੀ ਸ੍ਰੀ ਅਨੰਦਪੁਰ ਸਾਹਿਬ 'ਚ ਇਕ ਵਿਸ਼ੇਸ਼ ਜਾਗਰੂਕਤਾ ਰੈਲੀ ਅਤੇ ਕਾਨਫਰੰਸ ਕਰੇਗੀ। ਉਨ੍ਹਾਂ ਕੈਪਟਨ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਲਈ 15 ਹਜ਼ਾਰ ਕਰੋੜ ਦੇ ਪੈਕੇਜ ਦਾ ਲਾਭ ਨਹੀਂ ਲੈ ਸਕੀ ਕਿਉਂਕਿ ਉਸ ਨੇ ਸਮੇਂ 'ਤੇ ਕੇਂਦਰ ਸਰਕਾਰ ਨੂੰ ਸਕੀਮ ਦਾ ਡਰਾਫਟ ਨਹੀਂ ਭੇਜਿਆ।
 


Anuradha

Content Editor

Related News