ਜਬਰ-ਜ਼ਨਾਹ ਦੇ ਮੁਲਜ਼ਮ ਪਾਦਰੀ ਵਿਰੁੱਧ ਖੋਲ੍ਹਿਆ ਮੋਰਚਾ

Monday, Jul 23, 2018 - 03:39 AM (IST)

ਜਬਰ-ਜ਼ਨਾਹ ਦੇ ਮੁਲਜ਼ਮ ਪਾਦਰੀ ਵਿਰੁੱਧ ਖੋਲ੍ਹਿਆ ਮੋਰਚਾ

 ਕੁਰਾਲੀ/ਮਾਜਰੀ,  (ਬਠਲਾ, ਪਾਬਲਾ)- ਪਾਦਰੀ ਵਲੋਂ ਬਲਾਕ ਮਾਜਰੀ ਵਿਚ ਡੇਰਾ ਬਣਾ ਕੇ ਧਰਮ ਦੇ ਨਾਂ ’ਤੇ ਸ਼ੁਰੂ ਕੀਤੇ ਪਖੰਡ ਨੂੰ ਨੱਥ ਪਾਉਣ ਲਈ ਐੱਸ. ਜੀ. ਪੀ. ਸੀ. ਮੈਂਬਰ ਜਥੇਦਾਰ ਅਜਮੇਰ ਸਿੰਘ ਖੇਡ਼ਾ ਦੀ ਅਗਵਾਈ ਵਿਚ ਇਲਾਕੇ ਦੇ ਧਾਰਮਿਕ ਤੇ ਸਮਾਜਿਕ ਆਗੂਆਂ ਨੇ ਕਥਿਤ ਜਬਰ-ਜ਼ਨਾਹ ਦੇ ਗੰਭੀਰ ਮਾਮਲੇ ਦਾ ਸਾਹਮਣਾ ਕਰ ਰਹੇ ਪਾਦਰੀ ਬਲਜਿੰਦਰ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ। ਆਗੂਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਿਸੇ ਹੋਰ ਮਾਡ਼ੀ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਹੁਣ ਤੋਂ ਹੀ ਸਖ਼ਤ ਕਦਮ ਚੁੱਕੇ ਜਾਣ ਦੀ ਲੋਡ਼ ਹੈ।
 ਬਲਾਕ ਮਾਜਰੀ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਜਥੇਦਾਰ  ਖੇਡ਼ਾ, ਗੁਰਦੁਆਰਾ ਗਡ਼੍ਹੀ ਭੋਰਖਾ ਸਾਹਿਬ ਦੇ ਮੁੱਖ ਸੇਵਾਦਾਰ ਹਰਜੀਤ ਸਿੰਘ ਹਰਮਨ, ਬਲਾਕ ਸੰਮਤੀ ਮੈਂਬਰ ਸਰਬਜੀਤ ਸਿੰਘ ਕਾਦੀਮਾਜਰਾ, ਸਰਪੰਚ ਹਰਦੀਪ ਸਿੰਘ ਖਿਜ਼ਰਾਬਾਦ ਤੇ ਹੋਰਨਾਂ ਨੇ ਕਿਹਾ ਕਿ ਧਰਮ ਦੇ ਨਾਂ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਤੇ  ਅੌਰਤਾਂ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਅਖੌਤੀ ਬਾਬੇ ਦਾ ਪਰਦਾ ਫਾਸ਼ ਹੋ ਚੁੱਕਾ ਹੈ।  ਧਰਮ ਦੇ ਨਾਂ ’ਤੇ ਪਖੰਡ ਕਰਨ ਵਾਲੇ ਬਲਜਿੰਦਰ ਸਿੰਘ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ, ਜਿਸ ਦਾ ਸਬੂਤ ਉਸ ਦੇ ਬਲਾਕ ਮਾਜਰੀ ਦੇ ਡੇਰੇ ਦਾ ਉਦਘਾਟਨ ਕਰਨ ਲਈ ਮੰਤਰੀ ਦਾ ਪਹੁੰਚਣਾ ਹੈ।
 ਉਨ੍ਹਾਂ ਕਿਹਾ ਕਿ ਹੁਣ ਬਾਬੇ ਦਾ ਭਾਂਡਾ ਫੁੱਟ ਚੁੱਕਾ ਹੈ। ਇਸ ਲਈ ਹੁਣ ਉਸ ਦੀਆਂ ਧਰਮ ਦੀ ਆਡ਼ ਵਿਚ ਚਲਦੀਆਂ ਆ ਰਹੀਆਂ ਗਤੀਵਿਧੀਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਖੇਡ਼ਾ ਤੇ ਹੋਰਨਾਂ ਨੇ ਕਿਹਾ ਕਿ ਉਹ ਕਿਸੇ ਵੀ ਧਰਮ ਦੇ ਖ਼ਿਲਾਫ਼ ਨਹੀਂ, ਕਿਸੇ ਵੀ ਧਰਮ ਨਾਲ ਜੁਡ਼ ਕੇ ਉਸਦਾ ਪ੍ਰਚਾਰ ਕਰਨਾ ਚੰਗੀ ਗੱਲ ਹੈ ਪਰ ਧਰਮ ਦੇ ਨਾਂ ’ਤੇ ਪਖੰਡ ਰਚਾ ਕੇ ਗੋਰਖਧੰਦੇ ਚਲਾਉਣੇ ਮੰਦਭਾਗੇ ਹਨ। ਉਨ੍ਹਾਂ ਲੋਕਾਂ ਨੂੰ ਵੀ ਅਜਿਹੇ ਪਖੰਡੀਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਤੇ ਨਾਲ ਹੀ ਜ਼ਿਲਾ ਪ੍ਰਸ਼ਾਸਨ ਤੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਪਖੰਡੀ ਵਲੋਂ ਬਲਾਕ ਮਾਜਰੀ ਵਿਖੇ ਬਣਾਏ ਜਾ ਰਹੇ ਡੇਰੇ ਨੂੰ ਬੰਦ ਕਰਕੇ ਇਲਾਕੇ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਰੁਲ਼ਣ ਤੋਂ ਬਚਾਇਆ ਜਾਵੇ। 
ਉਨ੍ਹਾਂ ਡੇਰੇ ਵਿਚ ਹੋਣ ਵਾਲੇ ਐਤਵਾਰੀ ਸਮਾਗਮ ’ਤੇ ਪਾਬੰਦੀ ਲਾਉਣ ਦੀ ਮੰਗ ਵੀ ਕੀਤੀ ਤੇ ਕਿਹਾ ਕਿ ਜੇਕਰ ਇਥੇ ਕੋਈ ਮਾਡ਼ੀ ਘਟਨਾ ਵਾਪਰੀ ਤਾਂ ਉਸ ਲਈ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਆਗੂਆਂ ਨੇ ਸਿਆਸੀ ਲੀਡਰਾਂ ਤੇ ਪਾਰਟੀਆਂ ਨੂੰ ਵੀ ਅਜਿਹੇ ਪਖੰਡੀ ਤੇ ਸਮਾਜ ਵਿਰੋਧੀ ਅਨਸਰਾਂ ਤੋਂ ਸੁਚੇਤ ਰਹਿਣ ਤੇ ਉਨ੍ਹਾਂ ਦਾ ਸਾਥ ਨਾ ਦੇਣ ਦੀ ਅਪੀਲ ਕੀਤੀ। ਇਸ ਮੌਕੇ ਨੌਜਵਾਨ ਆਗੂ ਕੁਲਭੂਸ਼ਨ ਸਿੰਘ, ਡੋਗਰ ਸਿੰਘ ਕਾਦੀਮਾਜਰਾ ਤੇ ਹੋਰ ਵੀ ਹਾਜ਼ਰ ਸਨ।


Related News