ਸਾਬਕਾ ਕਾਂਗਰਸੀ ਸਰਪੰਚ ਨੇ ਇਸ ਤਰ੍ਹਾਂ ਦਿੱਤੀ ਸੀ ਆਪਣੀ ਗਰਭਵਤੀ ਪਤਨੀ ਤੇ ਬੇਟੀ ਨੂੰ ਦਰਦਨਾਕ ਮੌਤ (ਤਸਵੀਰਾਂ)

07/05/2017 7:25:16 PM

ਨਕੋਦਰ(ਪਾਲੀ)— ਪਿੰਡ ਮੁੱਧਾਂ ਦੇ ਸਾਬਕਾ ਸਰਪੰਚ ਓਂਕਾਰ ਸਿੰਘ ਦੀ 6 ਮਹੀਨਿਆਂ ਦੀ ਗਰਭਵਤੀ ਪਤਨੀ ਅਮਨਦੀਪ ਕੌਰ (27) ਅਤੇ ਬੇਟੀ ਜਸਲੀਨ ਕੌਰ (6) ਦੀ 2 ਜੁਲਾਈ ਨੂੰ ਭੇਤਭਰੇ ਹਾਲਾਤ 'ਚ ਹੋਈ ਮੌਤ ਦੇ ਮਾਮਲੇ 'ਚ ਨੂੰ ਲੈ ਕੇ ਸਨਸਨੀਖੇਜ ਖੁਲਾਸਾ ਹੋਇਆ ਹੈ। ਪਿੰਡ ਮੁੱਧਾਂ ਦੇ ਸਾਬਕਾ ਕਾਂਗਰਸ ਸਰਪੰਚ ਓਂਕਾਰ ਸਿੰਘ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ 7 ਮਹੀਨੇ ਦੀ ਗਰਭਵਤੀ ਪਤਨੀ ਅਤੇ 6 ਸਾਲ ਦੀ ਬੇਟੀ ਨੂੰ ਲੂੰ ਕੰਢੇ ਖੜ੍ਹੇ ਕਰ ਦੇਣ ਵਾਲੀ ਮੌਤ ਦਿੱਤੀ। ਓਂਕਾਰ ਸਿੰਘ ਨੇ ਗਰਭਵਤੀ ਪਤਨੀ ਸਣੇ 6 ਸਾਲ ਦੀ ਬੇਟੀ ਨੂੰ ਜਾਨਵਰਾਂ ਦਾ ਇੰਜੈਕਸ਼ਨ ਲਗਾ ਕੇ ਮੌਤ ਦੇ ਘਾਟ ਉਤਾਰਿਆ। ਡੀ. ਐੱਸ. ਪੀ. ਨਕੋਦਰ ਡਾ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਪੁੱਛਗਿੱਛ 'ਚ ਪਤਾ ਲੱਗਾ ਕਿ ਓਂਕਾਰ ਸਿੰਘ ਪਿੰਡ ਮੁੱਧਾਂ ਦਾ ਸਾਬਕਾ ਸਰਪੰਚ ਹੈ ਅਤੇ ਪਿੰਡ 'ਚ ਖੇਤੀਬਾੜੀ ਦਾ ਕੰਮ ਕਰਦਾ ਹੈ। ਉਹ ਕਾਂਗਰਸ ਪਾਰਟੀ ਨਾਲ ਸਬੰਧ ਰੱਖਦਾ ਹੈ। ਓਂਕਾਰ ਸਿੰਘ ਦੇ ਮਾਤਾ-ਪਿਤਾ ਅਤੇ ਭਰਾ ਕੈਨੇਡਾ 'ਚ ਰਹਿੰਦੇ ਹਨ। ਓਂਕਾਰ ਸਿੰਘ ਪਿੰਡ ਮੁੱਧਾਂ 'ਚ ਆਪਣੀ ਪਤਨੀ ਅਤੇ ਪਹਿਲੇ ਵਿਆਹ ਤੋਂ ਆਪਣੀ ਬੇਟੀ ਨਾਲ ਰਹਿੰਦਾ ਹੈ, ਜਿਸ ਦਾ ਆਪਣੀ ਪਤਨੀ ਅਮਨਦੀਪ ਕੌਰ ਨਾਲ ਘਰੇਲੂ ਝਗੜਾ ਰਹਿੰਦਾ ਸੀ ਅਤੇ 2 ਜੁਲਾਈ ਰਾਤ ਨੂੰ ਓਂਕਾਰ ਸਿੰਘ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। 

PunjabKesari

ਐੱਸ. ਐੱਮ. ਓ. ਨਕੋਦਰ ਡਾ. ਵਰਿੰਦਰ ਜਗਤ ਨੇ ਦੱਸਿਆ ਦੋਵੇਂ ਮ੍ਰਿਤਕਾਂ ਦਾ ਪੋਸਟਮਾਰਟਮ ਡਾਕਟਰਾਂ ਦੀਆਂ ਦੋ ਵੱਖ-ਵੱਖ ਟੀਮਾਂ ਦਾ ਬੋਰਡ ਬਣਾ ਕੇ ਕੀਤਾ ਗਿਆ। ਮ੍ਰਿਤਕਾ ਅਮਨਦੀਪ ਕੌਰ ਦਾ ਪੋਸਟਮਾਰਟਮ ਡਾ. ਰਜਨੀਸ਼, ਡਾ. ਹਰਪ੍ਰੀਤ ਸਿੰਘ ਅਤੇ ਡਾ. ਅੰਜੂ ਗੁਪਤਾ ਦੀ ਟੀਮ ਵੱਲੋਂ ਅਤੇ ਮ੍ਰਿਤਕਾ ਜਸਲੀਨ ਕੌਰ ਦਾ ਪੋਸਟਮਾਰਟਮ ਡਾ. ਜਸਵੀਰ ਸਿੰਘ, ਡਾ. ਮਨਜਿੰਦਰ ਸਿੰਘ ਅਤੇ ਡਾ. ਹਰਪ੍ਰੀਤ ਸਿੰਘ ਦੀ ਟੀਮ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਮ੍ਰਿਤਕਾਂ ਦਾ ਵਿਸਰਾ ਜਾਂਚ ਲਈ ਫੋਰੈਂਸਿਕ ਸਾਇੰਸ ਲੈਬਾਰਟਰੀ ਖਰੜ ਵਿਖੇ ਭੇਜਿਆ ਜਾਵੇਗਾ। 

PunjabKesari

ਸਦਰ ਪੁਲਸ ਨੇ ਮ੍ਰਿਤਕਾ ਦੇ ਪਿਤਾ ਸਵਰਨ ਸਿੰਘ ਵਾਸੀ ਪਿੰਡ ਦਬੁਰਜੀ ਜ਼ਿਲਾ ਮੋਗਾ ਦੇ ਬਿਆਨਾਂ 'ਤੇ ਓਂਕਾਰ ਸਿੰਘ ਖਿਲਾਫ ਧਾਰਾ 302 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਦਿਆਂ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਅਤੇ ਦੋ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਪਤਾ ਲਾਇਆ ਜਾ ਰਿਹਾ ਹੈ ਕਿ ਓਂਕਾਰ ਨੇ ਟੀਕਾ ਕਿਥੋਂ ਲਿਆ ਸੀ ਅਤੇ ਕਿਸ ਕੰਮ ਲਈ ਟੀਕਾ ਵਰਤਿਆ ਜਾਂਦਾ ਹੈ।


Related News