''ਪ੍ਰੀ-ਵੈਡਿੰਗ ਸ਼ੂਟ'' ਦਾ ਵਧਿਆ ਰੁਝਾਨ, ਨਵੀਂ ਪੀੜ੍ਹੀ ਦੇ ਸ਼ੌਕ ਅੱਗੇ ਮਾਪੇ ਹੋਏ ਬੇਵੱਸ

10/29/2018 1:26:50 PM

ਬਠਿੰਡਾ(ਬਿਊਰੋ)— ਉਹ ਦਿਨ ਗਏ ਜਦੋਂ ਪੰਜਾਬੀ ਵਿਆਹ ਸਾਦੇ ਹੁੰਦੇ ਸਨ। ਹੁਣ ਨਵੀਂ ਪੀੜ੍ਹੀ ਦੇ ਸ਼ੌਕ ਵੀ ਨਵੇਂ ਹੋ ਗਏ ਹਨ। ਜੋ ਤੈਅ ਬਜਟ ਤੋਂ ਕਿਤੇ ਜ਼ਿਆਦਾ ਵਿਚ ਪੂਰੇ ਹੁੰਦੇ ਹਨ। ਨਵੀਂ ਪੀੜ੍ਹੀ ਦੇ ਨਵੇਂ ਸ਼ੌਕਾਂ ਅੱਗੇ ਮੱਧ ਵਰਗੀ ਮਾਪੇ ਬੇਵੱਸ ਹੁੰਦੇ ਹਨ। ਅਮੀਰ ਪਰਿਵਾਰਾਂ ਲਈ ਵਿਆਹ ਹੁਣ ਵਿਆਹ ਨਹੀਂ ਸ਼ੌਕ ਦੇ ਤੰਦ ਹਨ। ਪੰਜਾਬ ਵਿਚ 4-5 ਸਾਲ ਪਹਿਲਾਂ ਬਾਲੀਵੁੱਡ ਤਰਜ਼ 'ਤੇ ਵਿਆਹਾਂ ਤੋਂ ਪਹਿਲਾਂ ਪ੍ਰੀ-ਵੈਡਿੰਗ ਸ਼ੂਟ ਦਾ ਰੁਝਾਨ ਸ਼ੁਰੂ ਹੋਇਆ। ਮਹਾਂਨਗਰਾਂ ਤੋਂ 'ਪ੍ਰੀ-ਵੈਡਿੰਗ ਸ਼ੂਟ' ਤੁਰਿਆ ਅਤੇ ਹੁਣ ਪੰਜਾਬ ਦੇ ਪਿੰਡਾਂ ਤੱਕ ਪੁੱਜ ਗਿਆ। ਹੁਣ ਹਰ ਪੰਜਾਬੀ 'ਪ੍ਰੀ-ਵੈਡਿੰਗ ਸ਼ੂਟ' 'ਤੇ ਵੀ ਜੇਬ ਢਿੱਲੀ ਕਰਦਾ ਹੈ। ਹਰ ਜੋੜੀ ਆਖਦੀ ਹੈ ਕਿ 'ਪ੍ਰੀ-ਵੈਡਿੰਗ ਸ਼ੂਟ' ਨਾਲ ਇਕ ਯਾਦ ਕਾਇਮ ਰਹਿ ਜਾਂਦੀ ਹੈ। ਚੰਡੀਗੜ੍ਹ, ਮੁਹਾਲੀ ਅਤੇ ਲੁਧਿਆਣਾ 'ਚ ਅਜਿਹੇ ਸਟੂਡੀਓ ਵੀ ਹਨ, ਜਿਨ੍ਹਾਂ ਦਾ ਬਜਟ 5 ਲੱਖ ਰੁਪਏ ਤੱਕ ਵੀ ਚਲਾ ਜਾਂਦਾ ਹੈ। ਔਸਤਨ ਬਜਟ 50 ਹਜ਼ਾਰ ਤੋਂ ਲੱਖ ਰੁਪਏ ਤੱਕ ਰਹਿੰਦਾ ਹੈ। ਅੰਮ੍ਰਿਤਸਰ ਦੇ ਸਟੂਡੀਓ ਡੇਢ ਲੱਖ ਤੱਕ 'ਪ੍ਰੀ-ਵੈਡਿੰਗ ਸ਼ੂਟ' ਦਾ ਖਰਚਾ ਲੈਂਦੇ ਹਨ। ਮਾਲਵੇ ਦੇ 'ਪ੍ਰੀ-ਵੈਡਿੰਗ ਸ਼ੂਟ' ਦੇ ਇਕ ਮਾਹਰ ਸ਼ੂਟਰ ਨੇ ਦੱਸਿਆ ਕਿ 'ਪ੍ਰੀ-ਵੈਡਿੰਗ ਸ਼ੂਟ' ਨੇ ਫੋਟੋਗ੍ਰਾਫਰਾਂ ਨੂੰ ਵੱਡਾ ਰੁਜ਼ਗਾਰ ਦਿੱਤਾ ਹੈ ਅਤੇ 3-4 ਸਾਲਾਂ ਤੋਂ ਰੁਝਾਨ ਕਾਫੀ ਵਧਿਆ ਹੈ। ਉਸ ਨੇ ਦੱਸਿਆ ਕਿ ਹੁਣ ਤਾਂ ਵੱਡਿਆਂ ਘਰਾਂ ਦੇ ਲੋਕ ਵਿਦੇਸ਼ਾਂ ਵਿਚ ਜਿਵੇਂ ਥਾਈਲੈਂਡ, ਸਿੰਘਾਪੁਰ, ਮਲੇਸ਼ੀਆ, ਪੈਰਿਸ ਅਤੇ ਦੁਬਈ ਵਿਚ 'ਪ੍ਰੀ-ਵੈਡਿੰਗ ਸ਼ੂਟ' ਲਈ ਜਾਂਦੇ ਹਨ, ਜਿਨ੍ਹਾਂ ਦਾ ਖਰਚਾ 2 ਲੱਖ ਤੋਂ 5 ਲੱਖ ਚਲਾ ਜਾਂਦਾ ਹੈ। ਪੰਜਾਬ ਦੇ ਬਹੁਤੇ ਜੋੜੇ ਰਾਜਸਥਾਨ 'ਚ ਉਦੈਪੁਰ, ਜੈਪੁਰ, ਜੋਧਪੁਰ, ਜੈਲਸਮੇਰ, ਹਿਮਾਚਲ ਪ੍ਰਦੇਸ਼ ਵਿਚ ਊਨਾ, ਕਾਂਗੜਾ, ਸ਼ਿਮਲਾ ਤੋਂ ਇਲਾਵਾ ਕਸ਼ਮੀਰ ਅਤੇ ਲੱਦਾਖ ਵਿਚ ਵੀ 'ਪ੍ਰੀ-ਵੈਡਿੰਗ ਸ਼ੂਟ' ਲਈ ਜਾਂਦੇ ਹਨ।

ਦੱਸਣਯੋਗ ਹੈ ਕਿ ਮਾਲਵੇ ਵਿਚ 'ਪ੍ਰੀ-ਵੈਡਿੰਗ ਸ਼ੂਟ' ਲਈ ਬਕਾਇਦਾ ਲੋਕੇਸ਼ਨਾਂ ਬਣ ਗਈਆਂ ਹਨ। ਬੁਲਾਡੇਵਾਲਾ ਅਤੇ ਭੁੱਚੋ ਕਲਾਂ ਵਿਚ ਕਈ ਥਾਵਾਂ ਤਿਆਰ ਕੀਤੀਆਂ ਗਈਆਂ ਹਨ, ਜੋ ਪ੍ਰੀ-ਵੈਡਿੰਗ ਸ਼ੂਟ ਦਾ 5 ਹਜ਼ਾਰ ਤੋਂ 10 ਹਜ਼ਾਰ ਰੁਪਏ ਤੱਕ ਦਾ ਕਿਰਾਇਆ ਵਸੂਲ ਕਰਦੀਆਂ ਹਨ। ਇਸੇ ਤਰ੍ਹਾਂ ਨਾਭਾ ਵਿਚ 2 ਹਵੇਲੀਆਂ ਹਨ, ਜਿਨ੍ਹਾਂ ਦਾ 8000 ਰੁਪਏ ਦਿਨ ਦਾ ਕਿਰਾਇਆ ਹੈ। ਰਾਏਕੋਟ ਵਿਚ ਹਵੇਲੀ ਦਾ 15 ਹਜ਼ਾਰ ਹੈ ਅਤੇ ਇਸੇ ਤਰ੍ਹਾਂ ਲੁਧਿਆਣਾ ਵਿਚ ਵੀ ਇਕ ਲੋਕੇਸ਼ਨ ਦਾ ਕਿਰਾਇਆ 15 ਹਜ਼ਾਰ ਹੈ।


Related News