ਪ੍ਰਸ਼ਾਂਤ ਕਿਸ਼ੋਰ 2022 ’ਚ ਕਾਂਗਰਸ ਲਈ ਨਵੇਂ ਮੁੱਦੇ ਲੱਭਣ ’ਚ ਜੁਟੇ
Saturday, Apr 03, 2021 - 03:26 PM (IST)
ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਪ੍ਰਧਾਨ ਸਲਾਹਕਾਰ ਦੇ ਰੂਪ ਵਿਚ ਨਿਯੁਕਤ ਕੀਤੇ ਗਏ ਚੋਣ ਮਾਹਿਰ ਪ੍ਰਸ਼ਾਂਤ ਕਿਸ਼ੋਰ ਨੇ 2022 ਵਿਚ ਕਾਂਗਰਸ ਲਈ ਨਵੇਂ ਦਿਲਖਿੱਚਵੇਂ ਚੋਣ ਮੁੱਦੇ ਲੱਭਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। 2017 ਵਿਚ ਕਾਂਗਰਸ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਵੀ ਪ੍ਰਸ਼ਾਂਤ ਕਿਸ਼ੋਰ ਕੈਪਟਨ ਨਾਲ ਜੁੜੇ ਰਹੇ ਸਨ। ਕਾਂਗਰਸ ਦੇ ਸੀਨੀਅਰ ਨੇਤਾ ਮੰਨਦੇ ਹਨ ਕਿ ਅਗਲੇ 3-4 ਮਹੀਨਿਆਂ ਤਕ ਪ੍ਰਸ਼ਾਂਤ ਕਿਸ਼ੋਰ ਵਲੋਂ ਪੰਜਾਬ ਵਿਚ ਰਹਿ ਕੇ ਪਾਰਟੀ ਦੇ ਜਨ ਪ੍ਰਤੀਨਿਧੀਆਂ ਤੋਂ ਇਲਾਵਾ ਚੋਣ ਕਾਰਜਾਂ ਵਿਚ ਦਿਲਚਸਪੀ ਰੱਖਣ ਵਾਲੇ ਵਿਸ਼ੇਸ਼ ਲੋਕਾਂ ਨਾਲ ਮੁਲਾਕਾਤ ਕਰ ਕੇ ਜਨਤਾ ਦੀ ਨਬਜ਼ ਨੂੰ ਟਟੋਲਿਆ ਜਾਵੇਗਾ ਅਤੇ ਪਾਰਟੀ ਲਈ ਨਵੇਂ ਚੋਣ ਮੁੱਦੇ ਲੱਭੇ ਜਾਣਗੇ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਸ਼ਾਂਤ ਕਿਸ਼ੋਰ ਨੇ ਕਈ ਦਿਲਖਿੱਚਵੇਂ ਮੁੱਦਿਆਂ ਜਿਵੇਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਾ, ਘਰ-ਘਰ ਰੋਜ਼ਗਾਰ ਦੇਣਾ, ਉੱਦਮੀਆਂ ਨੂੰ ਸਸਤੀ ਬਿਜਲੀ ਦੇਣਾ, ਕੌਫੀ ਵਿਦ ਕੈਪਟਨ, ਨੌਜਵਾਨਾਂ ਨੂੰ ਮੋਬਾਇਲ ਫੋਨ ਦੇਣ ਆਦਿ ਨੂੰ ਪਾਰਟੀ ਨਾਲ ਜੋੜਿਆ ਸੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਖਤਮ ਕਰਾਉਣ ਲਈ ਗੁੰਡਾਗਰਦੀ ਕਰ ਰਹੀ ਹੈ ਭਾਜਪਾ : ਹਰਪਾਲ ਚੀਮਾ
ਪ੍ਰਸ਼ਾਂਤ ਵਲੋਂ ਉਭਾਰੇ ਜਾਣ ਵਾਲੇ ਮੁੱਦਿਆਂ ਦੀ ਝਲਕ ਚੋਣਾਂ ਤੋਂ 6 ਮਹੀਨੇ ਪਹਿਲਾਂ ਹੋਣ ਵਾਲੀਆਂ ਕਾਂਗਰਸ ਦੀਆਂ ਰੈਲੀਆਂ ਵਿਚ ਦੇਖਣ ਨੂੰ ਮਿਲੇਗੀ। ਪ੍ਰਸ਼ਾਂਤ ਉੱਪਰ ਇਹ ਵੀ ਦਾਰੋਮਦਾਰ ਰਹੇਗਾ ਕਿ ਉਹ ਪੰਜਾਬ ਵਿਚ ਕੈਪਟਨ ਨੂੰ ਜਨਤਾ ਸਾਹਮਣੇ ਸਭ ਤੋਂ ਵੱਡੇ ਨੇਤਾ ਵਜੋਂ ਪੇਸ਼ ਕਰਨ। ਪ੍ਰਸ਼ਾਂਤ ਪਹਿਲੇ ਪੜਾਅ ਵਿਚ ਕਾਂਗਰਸੀ ਵਿਧਾਇਕਾਂ ਨਾਲ ਬੈਠਕਾਂ ਕਰ ਰਹੇ ਹਨ ਤਾਂ ਅਗਲੇ ਪੜਾਅ ਵਿਚ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਫੀਡਬੈਕ ਲੈਣਗੇ। ਇਹ ਸਾਰੀ ਪ੍ਰਕਿਰਿਆ 3-4 ਮਹੀਨਿਆਂ ਵਿਚ ਸੰਪੰਨ ਕਰ ਕੇ ਉਹ ਆਪਣੀ ਰਿਪੋਰਟ ਕੈਪਟਨ ਨੂੰ ਸੌਂਪਣਗੇ।
ਇਹ ਵੀ ਪੜ੍ਹੋ : ਬੀ. ਕੇ. ਯੂ. ਏਕਤਾ ਉਗਰਾਹਾਂ ਵਲੋਂ ਕਿਸਾਨ ਨੇਤਾ ਟਿਕੈਤ ’ਤੇ ਹਮਲੇ ਦੀ ਨਿੰਦਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?