ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਵਗਾਹ ਕੇ ਮਾਰਨ ਵਾਲੇ ਨੂੰ 2 ਸਾਲ ਦੀ ਸਜ਼ਾ

10/11/2018 11:15:54 AM

ਬਠਿੰਡਾ(ਬਿਊਰੋ)— ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਲੋਂ ਜੁੱਤੀ ਵਗਾਹ ਕੇ ਮਾਰਨ ਵਾਲੇ ਸਿੱਖ ਕਾਰਕੁਨ ਗੁਰਬਚਨ ਸਿੰਘ ਨੂੰ ਮਲੋਟ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਹੈ। ਦੱਸਣਯੋਗ ਹੈ ਕਿ 2017 ਦੀਆਂ ਅਸੈਂਬਲੀ ਚੋਣਾਂ ਦੇ ਪ੍ਰਚਾਰ ਲਈ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕਾ ਲੰਬੀ ਦੇ ਪਿੰਡ ਰੱਤਾ ਖੇੜਾ ਵਿਚ ਜਲਸਾ ਕਰ ਰਹੇ ਸਨ। ਇਸ ਦੌਰਾਨ ਗੁਰਬਚਨ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਵਗਾਹ ਕੇ ਮਾਰੀ ਜੋ ਉਨ੍ਹਾਂ ਦੀ ਐਨਕ ਉੱਪਰ ਲੱਗੀ, ਜੋ ਨੁਕਸਾਨੀ ਗਈ ਸੀ। ਉਸ ਤੋਂ ਬਾਅਦ ਬਾਦਲ ਆਪਣਾ ਚੋਣ ਪ੍ਰਚਾਰ ਖਤਮ ਕਰਕੇ ਘਰ ਪਰਤ ਗਏ ਸਨ। ਮੁਕਤਸਰ ਪੁਲਸ ਦੇ ਥਾਣਾ ਕਬਰਵਾਲਾ ਵਿਚ ਪੁਲਸ ਨੇ ਗੁਰਬਚਨ ਸਿੰਘ ਵਿਰੁੱਧ ਧਾਰਾ 353,533,186 ਤਹਿਤ ਕੇਸ ਦਰਜ ਕੀਤਾ ਸੀ ਅਤੇ ਤੁਰੰਤ ਉਸ ਨੂੰ ਹਿਰਾਸਤ 'ਚ ਲੈ ਲਿਆ ਸੀ।

ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਵੱਲ ਜੁੱਤੀ ਸੁੱਟਣ ਵਾਲਾ ਗੁਰਚਰਨ ਸਿੰਘ ਪੰਜਾਬ 'ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਕਾਫੀ ਦੁਖੀ ਸੀ। ਇਨ੍ਹਾਂ ਮਾਮਲਿਆਂ ਦੇ ਲਗਾਤਾਰ ਸਾਹਮਣੇ ਆਉਣ 'ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਦੇ ਚੱਲਦੇ ਰੋਸ ਜਤਾਉਂਦੇ ਹੋਏ ਉਸ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਸੁੱਟੀ ਸੀ। ਦੱਸਣਯੋਗ ਹੈ ਕਿ ਗੁਰਬਚਨ ਸਿੰਘ ਮੌਜੂਦਾ ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਦੇ ਭਰਾ ਹਨ ਅਤੇ ਖੇਤੀਬਾੜੀ ਕਰਦੇ ਹਨ। ਇਸ ਮਾਮਲੇ ਵਿਚ ਥਾਣਾ ਕਬਰਵਾਲਾ ਦੇ ਤਤਕਾਲੀ ਥਾਣਾ ਮੁਖੀ ਇੰਸਪੈਕਟਰ ਕੁਲਦੀਪ ਚੰਦ ਨੇ ਆਪਣੀ ਗਵਾਹੀ ਕਲਮਬੰਦ ਕਰਾਈ ਸੀ। ਦੂਜੇ ਪਾਸੇ ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨਾਲ ਸੰਪਰਕ ਨਹੀਂ ਹੋ ਸਕਿਆ।


Related News