ਗਰਮੀ ਦੀ ਸ਼ੁਰੂਆਤ ''ਚ ਹੀ ਬਿਜਲੀ ਦੇ ਲੰਬੇ ਕੱਟਾਂ ਤੋਂ ਲੋਕ ਪਰੇਸ਼ਾਨ

Thursday, Apr 20, 2023 - 02:20 PM (IST)

ਗਰਮੀ ਦੀ ਸ਼ੁਰੂਆਤ ''ਚ ਹੀ ਬਿਜਲੀ ਦੇ ਲੰਬੇ ਕੱਟਾਂ ਤੋਂ ਲੋਕ ਪਰੇਸ਼ਾਨ

ਲੁਧਿਆਣਾ (ਬਸਰਾ) : ਗਰਮੀ ਭਾਵੇਂ ਅਜੇ ਆਪਣੇ ਪੂਰੇ ਜਾਹੋ-ਜਲਾਲ ’ਚ ਨਹੀ ਆਈ ਹੈ ਪਰ ਪਾਵਰਕਾਮ ਵਲੋਂ ਸਨਅਤੀ ਸ਼ਹਿਰ ਲੁਧਿਆਣਾ ਵਿਖੇ ਰੋਜ਼ਾਨਾ ਬਿਜਲੀ ਦੇ ਲੰਬੇ-ਲੰਬੇ ਕੱਟਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਬੁੱਧਵਾਰ ਨੂੰ ਸ਼ਹਿਰ ਦੇ ਦਰਜਨਾਂ ਇਲਾਕਿਆਂ ’ਚ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਈ, ਜਿਸ ਨਾਲ ਨਾ ਸਿਰਫ ਰਿਹਾਇਸ਼ੀ ਇਲਾਕਿਆਂ ਵਿਚ ਹੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਸਗੋਂ ਵਪਾਰਕ ਇਲਾਕਿਆਂ ਵਿਚ ਵੀ ਬਿਜਲੀ ਬੰਦ ਰਹਿਣ ਕਾਰਨ ਕਾਰੋਬਾਰੀਆਂ ਨੂੰ ਕਾਫੀ ਦਿੱਕਤਾਂ ਝੱਲਣੀਆਂ ਪਈਆਂ।

ਇੱਥੋਂ ਤੱਕ ਕਿ ਜ਼ਿਆਦਾ ਦੇਰ ਤੱਕ ਬਿਜਲੀ ਬੰਦ ਰਹਿਣ ਕਾਰਨ ਸ਼ਹਿਰ ਦੇ ਕਈ ਬਿਜਲੀ ਘਰਾਂ ਦੇ ਸਰਵਰ ਡਾਊਨ ਹੋ ਗਏ, ਜਿਸ ਕਾਰਨ ਇਨ੍ਹਾਂ ਬਿਜਲੀ ਘਰਾਂ ਵਿਚ ਵੱਖ-ਵੱਖ ਕਾਰਜਾਂ ਕਾਰਨ ਪਹੁੰਚ ਕਰਨ ਵਾਲੇ ਉਪਭੋਗਤਾਵਾਂ ਨੂੰ ਵੀ ਖੱਜਲ-ਖੁਆਰ ਹੋਣਾ ਪਿਆ। ਪੁਰਾਣੇ ਸ਼ਹਿਰੀ ਇਲਾਕੇ ਵਿਚ ਸਥਿਤ ਇਕ ਬਿਜਲੀ ਘਰ ਵਿਖੇ ਬਿਜਲੀ ਸਬੰਧੀ ਕੰਮ ਲਈ ਆਏ ਇਕ ਉਪਭੋਗਤਾ ਨੇ ਦੱਸਿਆ ਕਿ ਸਰਵਾਰ ਡਾਊਨ ਹੋਣ ਕਾਰਨ 10 ਮਿੰਟ ਦੇ ਕੰਮ ਲਈ ਉਨ੍ਹਾਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ। ਜਾਣਕਾਰੀ ਮੁਤਾਬਕ ਤਾਰਾਂ ਤੇ ਹੋਰ ਮੁਰੰਮਤ ਕਾਰਜਾਂ ਕਾਰਨ ਸ਼ਹਿਰ ਦੇ ਕਈ 11 ਕੇ. ਵੀ. ਫੀਡਰ ਬੰਦ ਰੱਖੇ ਗਏ ਸਨ, ਜਿਸ ਕਾਰਨ ਲੰਬੇ ਬਿਜਲੀ ਕੱਟਾਂ ਨੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ। 


author

Babita

Content Editor

Related News