ਅਹਿਮ ਖ਼ਬਰ: ਬਿਜਲੀ ਸਬੰਧੀ ਸ਼ਾਰਟੇਜ ਨੂੰ ਲੈ ਕੇ ਪਾਵਰਕਾਮ ਲੈਣ ਜਾ ਰਿਹੈ ਵੱਡਾ ਫ਼ੈਸਲਾ, ਭਰਤੀ ਦੀ ਤਿਆਰੀ

Wednesday, Jul 24, 2024 - 06:54 PM (IST)

ਅਹਿਮ ਖ਼ਬਰ: ਬਿਜਲੀ ਸਬੰਧੀ ਸ਼ਾਰਟੇਜ ਨੂੰ ਲੈ ਕੇ ਪਾਵਰਕਾਮ ਲੈਣ ਜਾ ਰਿਹੈ ਵੱਡਾ ਫ਼ੈਸਲਾ, ਭਰਤੀ ਦੀ ਤਿਆਰੀ

ਜਲੰਧਰ (ਪੁਨੀਤ)- ਟੈਕਨੀਕਲ ਸਟਾਫ਼ ਦੀ ਸ਼ਾਰਟੇਜ ਪਾਵਰਕਾਮ ਲਈ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ, ਜਿਸ ਕਾਰਨ ਆਮ ਤੌਰ ’ਤੇ ਫਾਲਟ ਸਮੇਂ ’ਤੇ ਠੀਕ ਨਹੀਂ ਹੋ ਪਾਉਂਦਾ ਅਤੇ ਪਬਲਿਕ ਨੂੰ ਭਾਰੀ ਪ੍ਰੇਸ਼ਾਨੀਆਂ ਝੇਲਣੀਆਂ ਪੈਂਦੀਆਂ ਹਨ। ਇਸ ਲਈ ਪਾਵਰਕਾਮ ਵੱਲੋਂ ਰਿਟਾ. ਟੈਕਨੀਕਲ ਕਰਮਚਾਰੀਆਂ ਨੂੰ ਭਰਤੀ ਕਰਨ ਦੀ ਤਿਆਰੀ ਕੀਤੀ ਗਈ ਹੈ। ਪਹਿਲੀ ਲੜੀ ਤਹਿਤ 60 ਸਾਲ ਤੱਕ ਦੇ ਕਰਮਚਾਰੀਆਂ ਨੂੰ ਭਰਤੀ ਕਰਨ ਦਾ ਮੌਕਾ ਮਿਲੇਗਾ, ਜਦਕਿ ਦੂਜੀ ਲੜੀ ’ਚ ਦਸੰਬਰ 2024 ਤੱਕ 62 ਸਾਲ ਤੋਂ ਘੱਟ ਰਹਿਣ ਵਾਲੇ ਕਰਮਚਾਰੀਆਂ ਨੂੰ ਮੌਕਾ ਦਿੱਤਾ ਜਾਵੇਗਾ। ਵਿਭਾਗ ਵੱਲੋਂ ਲਿਸਟਾਂ ਤਿਆਰ ਕਰਨ ਦੀ ਯੋਜਨਾ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਰਮਚਾਰੀਆਂ ਦੀ ਸਹਿਮਤੀ ਨਾਲ ਉਨ੍ਹਾਂ ਦਾ ਨਾਂ ਲਿਸਟ ’ਚ ਪਾਇਆ ਜਾਵੇਗਾ। ਇਸ ਲਈ ਕਰਮਚਾਰੀ ਦਾ ਸੇਵਾਕਾਲ ਬੇਦਾਗ ਹੋਣਾ ਮੁੱਖ ਕੇਂਦਰ ਬਿੰਦੂ ਹੋਵੇਗਾ, ਉਲਟ ਹਾਲਾਤ ’ਚ ਮੁਸ਼ਕਿਲਾਂ ਪੇਸ਼ ਆ ਸਕਦੀਆਂ ਹਨ।

ਪਾਵਰਕਾਮ ’ਚ ਪੋਸਟ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ ਤਾਂ 75 ਫ਼ੀਸਦੀ ਟੈਕਨੀਕਲ ਸਟਾਫ਼ ਦੀ ਸ਼ਾਰਟੇਜ ਚੱਲ ਰਹੀ ਹੈ। ਇਨ੍ਹਾਂ ’ਚ ਜੇ. ਈ. ਲਾਈਨਮੈਨ, ਸਹਾਇਕ ਲਾਈਨਮੈਨ ਆਦਿ ਸ਼ਾਮਲ ਹਨ। ਪਾਵਰਕਾਮ ਵੱਲੋਂ ਸਿਰਫ਼ 25 ਫ਼ੀਸਦੀ ਰੂਟੀਨ ਸਟਾਫ਼ ਨਾਲ ਕੰਮ ਕੀਤਾ ਜਾ ਰਿਹਾ ਹੈ, ਜੋਕਿ ਜ਼ਮੀਨੀ ਹਕੀਕਤ ਨੂੰ ਖ਼ੁਦ ਹੀ ਬਿਆਨ ਕਰ ਰਿਹਾ ਹੈ।

ਇਹ ਵੀ ਪੜ੍ਹੋ- ਕਰੋੜਾਂ ਦੀ ਹਵਾਲਾ ਰਾਸ਼ੀ ਫੜਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਦੋਆਬਾ ਦੇ 7 ਫਾਰੈਕਸ ਕਾਰੋਬਾਰੀਆਂ ਦੇ ਨਾਂ ਆਏ ਸਾਹਮਣੇ

PunjabKesari

ਵਿਭਾਗੀ ਜਾਣਕਾਰਾਂ ਦਾ ਕਹਿਣਾ ਹੈ ਕਿ ਮਹਾਨਗਰ ਜਲੰਧਰ ਹੀ ਨਹੀਂ ਸਗੋਂ ਪੰਜਾਬ ਦੇ ਸਾਰੇ ਜ਼ੋਨ ’ਚ ਟੈਕਨੀਕਲ ਸਟਾਫ਼ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਦੂਰ-ਦਰਾਜ ਦੀਆਂ ਕਈ ਡਵੀਜ਼ਨਾਂ ’ਚ ਹਾਲਾਤ ਬੇਹੱਦ ਨਾਜ਼ੁਕ ਹਨ, ਜਿਸ ਕਾਰਨ ਲੋਕਾਂ ਦੇ ਦਿਲਾਂ ’ਚ ਵਿਭਾਗ ਦਾ ਅਕਸ ਖ਼ਰਾਬ ਹੋ ਰਿਹਾ ਹੈ। ਟੈਕਨੀਕਲ ਸਟਾਫ਼ ਦੀ ਸ਼ਾਰਟੇਜ ਨੂੰ ਵੇਖਦੇ ਹੋਏ ਪਾਵਰਕਾਮ ਵੱਲੋਂ ਠੇਕੇ ’ਤੇ ਕੰਪਲੇਂਟ ਹੈਂਡਲਿੰਗ ਬਾਈਕ (ਸੀ. ਐੱਚ. ਬੀ.) ਕਰਮਚਾਰੀਆਂ ਤੋਂ ਸੇਵਾਵਾਂ ਲਈਆਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਸਟਾਫ਼ ਸ਼ਾਰਟੇਜ ਦੀ ਸਮੱਸਿਆ ਦਾ ਪੱਕਾ ਹੱਲ ਨਹੀਂ ਨਿਕਲ ਪਾ ਰਿਹਾ ਹੈ ਪਰ ਸ਼ਟਡਾਊਨ ਲੈਣ, ਵੱਡੀਆਂ ਲਾਈਨਾਂ ’ਤੇ ਕੰਮ ਕਰਨ ਵਰਗੀਆਂ ਸਥਿਤੀ ’ਚ ਪੱਕੇ ਸਟਾਫ਼ ਦੀ ਉਪਲਬੱਧਤਾ ਜ਼ਰੂਰੀ ਹੋ ਜਾਂਦੀ ਹੈ। ਇਸੇ ਕ੍ਰਮ ’ਚ ਰੋਜ਼ਾਨਾ ਪੈ ਰਹੇ ਫਾਲਟ ਨੂੰ ਨਿਪਟਾਉਣ ’ਚ ਸੀ. ਐੱਚ. ਬੀ. ਤੇ ਪੱਕੇ ਸਟਾਫ਼ ਨੂੰ ਕਾਫ਼ੀ ਜੱਦੋ-ਜ਼ਹਿਦ ਕਰਨੀ ਪੈ ਰਹੀ ਹੈ। ਉਥੇ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੇਂ-ਸਮੇਂ ’ਤੇ ਭਰਤੀ ਪ੍ਰਕਿਰਿਆ ਚਲਾਈ ਜਾ ਰਹੀ ਹੈ ਪਰ ਰਿਟਾਇਰਡ ਹੋਏ ਕਰਮਚਾਰੀਆਂ ਦੇ ਮੁਕਾਬਲੇ ਭਰਤੀ ਪ੍ਰਕਿਰਿਆ ਦਾ ਅਨੁਪਾਤ ਬੇਹੱਦ ਘੱਟ ਸਾਬਿਤ ਹੋ ਰਿਹਾ ਹੈ, ਜਿਸ ਕਾਰਨ ਟੈਕਨੀਕਲ ਸਟਾਫ ਦੀ ਸ਼ਾਰਟੇਜ 75 ਫ਼ੀਸਦੀ ਤੱਕ ਪਹੁੰਚ ਚੁੱਕੀ ਹੈ।

ਗਰਮੀ ’ਚ ਹੋ ਵੀ ਖਰਾਬ ਹੋ ਰਹੇ ਹਾਲਾਤ
ਸਟਾਫ਼ ਸ਼ਾਰਟੇਜ ਦਾ ਸਭ ਤੋਂ ਉਲਟ ਪ੍ਰਭਾਵ ਗਰਮੀ ਦੇ ਦਿਨਾਂ ’ਚ ਵੇਖਣ ਨੂੰ ਮਿਲਦਾ ਹੈ। ਗਰਮੀ ’ਚ ਬਿਜਲੀ ਦਾ ਇਸਤੇਮਾਲ ਵਧਣ ਕਾਰਨ ਫਾਲਟ ਵੱਧ ਜਾਂਦੇ ਹਨ, ਜਿਸ ਕਾਰਨ ਟੈਕਨੀਕਲ ਸਟਾਫ਼ ਦੀ ਡਿਮਾਂਡ ’ਚ ਭਾਰੀ ਵਾਧਾ ਹੁੰਦਾ ਹੈ। ਕਈ ਇਲਾਕਿਆਂ ’ਚ ਲੋਕਾਂ ਨੂੰ ਘੰਟਿਆਂ ਤੱਕ ਸਟਾਫ਼ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਉਥੇ ਹੀ, ਮੀਂਹ ਤੇ ਤੂਫਾਨ ਦੇ ਮੌਸਮ ’ਚ ਹਜ਼ਾਰਾਂ ਦੇ ਹਿਸਾਬ ਨਾਲ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਹਨ ਅਤੇ ਅਜਿਹੇ ਸਮੇਂ ’ਚ ਹਾਲਾਤ ਬੇਹੱਦ ਖਰਾਬ ਹੋ ਜਾਂਦੇ ਹਨ। ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਾਵਰਕਾਮ ਵੱਲੋਂ ਰਿਟਾਇਰਡ ਕਰਮਚਾਰੀਆਂ ਦੀ ਭਰਤੀ ਕਰਨ ਦਾ ਬਦਲ ਲੱਭਿਆ ਗਿਆ ਹੈ।

ਇਹ ਵੀ ਪੜ੍ਹੋ- ਜਲੰਧਰ ਦੇ ਨਿੱਜੀ ਸਕੂਲ 'ਚ ਹੰਗਾਮਾ, ਵਿਦਿਆਰਥੀ ਹੋਇਆ ਬੇਹੋਸ਼, ਮਚੀ ਹਫ਼ੜਾ-ਦਫ਼ੜੀ

ਨਵੀਂ ਭਰਤੀ ਸਬੰਧੀ ਐਮਰਜੈਂਸੀ ਸਥਿਤੀ ਦਾ ਦਿੱਤਾ ਹਵਾਲਾ
ਪਾਵਰਕਾਮ ਵੱਲੋਂ ਸ਼ੁਰੂ ਕੀਤੇ ਗਏ ਯਤਨਾਂ ਦੇ ਅਧੀਨ ਇਕ ਪੱਤਰ ਹੱਥ ਲੱਗਿਆ ਹੈ, ਜੋਕਿ ਵਿਭਾਗ ਦੀ ਅੰਦਰੂਨੀ ਸਥਿਤੀ ਨੂੰ ਬਿਆਨ ਕਰ ਰਿਹਾ ਹੈ। ਕੇਂਦਰੀ ਜ਼ੋਨ ਦੇ ਚੀਫ ਇੰਜੀਨੀਅਰ ਵੱਲੋਂ 23 ਜੁਲਾਈ ਨੂੰ ਲਿਖੇ ਗਏ ਪੱਤਰ ਨੰ. 7002/05 ਦੇ ਪੱਤਰ ’ਚ ਐਮਰਜੈਂਸੀ ਸਥਿਤੀ ਦਾ ਹਵਾਲਾ ਦਿੱਤਾ ਗਿਆ ਹੈ। ਇਸ ’ਚ ਜੋ ਲਿਖਿਆ ਗਿਆ ਹੈ ਉਸ ਨੂੰ ਅਸੀਂ ਸਾਫ ਸ਼ਬਦਾਂ ’ਚ ਦੱਸ ਰਹੇ ਹਾਂ। ਚੀਫ਼ ਇੰਜੀ. ਨੇ ਲਿਖਿਆ ਹੈ ਕਿ ਐਮਰਜੈਂਸੀ ਸਥਿਤੀ ’ਚ ਬਿਜਲੀ ਸਪਲਾਈ ਨੂੰ ਲੈ ਕੇ ਮੁਸ਼ਕਲਾਂ ਪੇਸ਼ ਆਉਂਦੀਆਂ ਹਨ, ਖਪਤਕਾਰਾਂ ਨੂੰ ਬਿਨਾਂ ਰੁਕਾਵਟ ਸਪਲਾਈ ਦੇਣ ਦੇ ਕ੍ਰਮ ’ਚ ਸਟਾਫ਼ ਸ਼ਾਰਟੇਜ ਸਭ ਤੋਂ ਵੱਡੀ ਸਮੱਸਿਆ ਹੈ। ਗਰਮੀ ਅਤੇ ਪੈਡੀ ਸੀਜ਼ਨ ਦੌਰਾਨ ਸਪਲਾਈ ਨੂੰ ਸੰਚਾਲਿਤ ਕਰਨਾ ਮੁਸ਼ਕਲ ਹੁੰਦਾ ਹੈ, ਜਿਸ ਨਾਲ ਵਿਭਾਗ ਦੀ ਗਰਿਮਾ ’ਤੇ ਪ੍ਰਭਾਵ ਪੈਂਦਾ ਹੈ। ਇਸ ਕਾਰਨ ਰਿਟਾਇਰਡ ਹੋਏ ਟੈਕਨੀਕਲ ਕਰਮਚਾਰੀਆਂ (ਸਹਾਇਕ ਲਾਈਨਮੈਨ, ਲਾਈਨਮੈਨ) ਜਿਨ੍ਹਾਂ ਦੀ ਉਮਰ ਹੱਦ 31-12-2024 ਤੱਕ 62 ਸਾਲ ਦੀ ਹੋਵੇ। ਉਨ੍ਹਾਂ ਦੀ ਸਹਿਮਤੀ ਨਾਲ ਲਿਸਟਾਂ ਤਿਆਰ ਕਰਕੇ ਭੇਜੀਆਂ ਜਾਣ। ਇਸ ਨਾਲ ਸਾਫ਼ ਜ਼ਾਹਿਰ ਹੁੰਦਾ ਹੈ ਕਿ ਵਿਭਾਗ ’ਚ ਕਰਮਚਾਰੀਆਂ ਦੀ ਭਾਰੀ ਕਮੀ ਅਧਿਕਾਰੀਆਂ ਲਈ ਪ੍ਰੇਸ਼ਾਨੀ ਬਣੀ ਹੋਈ ਹੈ।
 

ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ, MP ਮੈਂਬਰਸ਼ਿਪ ਰੱਦ ਕਰਨ ਦੀ ਮੰਗ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News