ਬਿਜਲੀ ਚੋਰੀ ਫੜ੍ਹਨ ਗਈਆਂ ਟੀਮਾਂ ਨੂੰ ਪਿੰਡ ਵਾਲਿਆਂ ਨੇ ਬਣਾਇਆ ਬੰਧਕ, ਪੁਲਸ ਨੇ ਮਸਾਂ ਛੁਡਾਇਆ

Wednesday, Sep 02, 2020 - 10:33 AM (IST)

ਸਮਾਣਾ (ਦਰਦ) : ਪਾਵਰਕਾਮ ਵੱਲੋਂ ਬਿਜਲੀ ਚੋਰੀ ਫੜ੍ਹਨ ਲਈ ਪਿੰਡਾਂ ’ਚ ਭੇਜੀਆਂ ਗਈਆਂ 2 ਟੀਮਾਂ ਨੂੰ ਪਿੰਡ ਵਾਸੀਆਂ ਵੱਲੋਂ ਕਿਸਾਨ ਸੰਗਠਨਾਂ ਦੀ ਮਦਦ ਨਾਲ ਬੰਦੀ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਸ ਦੀ ਮਦਦ ਨਾਲ ਐਕਸ਼ੀਅਨ ਸਮਾਣਾ ਵੱਲੋਂ ਕਥਿਤ ਬਿਜਲੀ ਚੋਰਾਂ ਖਿਲਾਫ਼ ਕੋਈ ਕਾਰਵਾਈ ਨਾ ਕਰਨ ਦਾ ਭਰੋਸਾ ਦੇ ਕੇ ਪਿੰਡ ਵਾਸੀਆਂ ਨਾਲ ਸਮਝੌਤੇ ਉਪਰੰਤ ਬੰਦੀ ਬਣਾਏ ਗਏ ਪਾਵਰਕਾਮ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਮੁਕਤ ਕਰਵਾਇਆ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਪਾਵਰਕਾਮ ਵੱਲੋਂ ਬਿਜਲੀ ਚੋਰੀ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਨਾਭਾ, ਰਾਜਪੁਰਾ, ਸਨੌਰ ਮੰਡਲ ਅਧਿਕਾਰੀ ਆਪਣੀਆਂ ਟੀਮਾਂ ਦੇ ਨਾਲ ਮੰਗਲਵਾਰ ਤੜਕੇ 3 ਵਜੇ ਪਾਵਰਕਾਮ ਸਮਾਣਾ ਦੇ ਦਫ਼ਤਰ ’ਚ ਪਹੁੰਚ ਗਏ। ਇੱਥੋਂ ਕਰੀਬ 50 ਅਧਿਕਾਰੀ ਅਤੇ ਮੁਲਾਜ਼ਮ ਦਾ ਇਕ ਧੜਾ ਸਮਾਣਾ ਪਾਵਰਕਾਮ ਕਰਮਚਾਰੀਆਂ ਨਾਲ ਵੱਖ-ਵੱਖ ਟੀਮਾਂ ਬਣਾ ਕੇ ਬਿਜਲੀ ਚੋਰੀ ਦੇ ਮਾਮਲੇ ਫੜ੍ਹਣ ਲਈ ਵੱਖ-ਵੱਖ ਪਿੰਡਾਂ ਵੱਲ ਰਵਾਨਾ ਹੋ ਗਏ।

ਪਿੰਡ ਢੈਂਠਲ ਤੇ ਸ਼ਾਹਪੁਰ ’ਚ ਪਹੁੰਚੀਆਂ ਟੀਮਾਂ ਨੂੰ ਉਕਤ ਪਿੰਡ ਦੇ ਲੋਕਾਂ ਵੱਲੋਂ ਘੇਰ ਕੇ ਬੰਦੀ ਬਣਾ ਲਿਆ ਗਿਆ। ਨੇੜਲੇ ਪਿੰਡਾਂ ਦੇ ਕਿਸਾਨ ਸੰਗਠਨਾਂ ਦੇ ਵਰਕਰਾਂ ਦੀ ਮਦਦ ਨਾਲ ਪਿੰਡ ਵਾਸੀਆਂ ਨੇ ਪਾਵਰਕਾਮ ਦੀਆਂ ਘੇਰੀਆਂ ਇਨ੍ਹਾਂ ਟੀਮਾਂ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਬਿਜਲੀ ਮੀਟਰ ਘਰਾਂ ਤੋਂ ਦੂਰ ਲੱਗੇ ਹੋਣ ਦੇ ਬਾਵਜੂਦ ਸਵੇਰੇ ਦਿਨ ਚੜ੍ਹਣ ਤੋਂ ਪਹਿਲਾਂ ਕੰਧਾਂ ਟੱਪ ਕੇ ਇਹ ਟੀਮਾਂ ਉਨ੍ਹਾਂ ਦੇ ਘਰਾਂ ’ਚ ਦਾਖ਼ਲ ਹੋ ਗਈਆਂ। ਕਿਸਾਨ ਸੰਗਠਨਾਂ ਦੇ ਵਰਕਰਾਂ ਨੇ ਪਾਵਰਕਾਮ ਕਰਮੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਸੰਬਧਿਤ ਪੁਲਸ ਚੌਂਕੀ ’ਤੇ ਧਰਨਾ ਵੀ ਲਾਇਆ।

ਇਸ ਤੋਂ ਬਾਅਦ ਘਟਨਾ ਵਾਲੀ ਥਾਂ ’ਤੇ ਪਹੁੰਚੇ ਐਕਸ਼ੀਅਨ ਏ. ਐੈੱਸ. ਗਿੱਲ, ਸਦਰ ਪੁਲਸ ਮੁਖੀ ਇੰਸਪੈਕਟਰ ਰਣਬੀਰ ਸਿੰਘ ਅਤੇ ਤਹਿਸੀਲਦਾਰ ਡਾ. ਸੰਦੀਪ ਸਿੰਘ ਵੱਲੋਂ ਲੋਕਾਂ ਨੂੰ ਸਮਝਾ ਕੇ ਮਾਮਲੇ ਨੂੰ ਸ਼ਾਂਤ ਕੀਤਾ ਅਤੇ ਕਾਬੂ ਕੀਤੇ ਗਏ ਕਥਿਤ ਬਿਜਲੀ ਚੋਰਾਂ ਦੇ ਮਾਮਲਿਆਂ ’ਚ ਕੋਈ ਕਾਰਵਾਈ ਨਾ ਕਰਨ ਦਾ ਭਰੋਸਾ ਦੇ ਕੇ ਬੰਦੀ ਬਣਾਏ ਗਏ ਪਾਵਰਕਾਮ ਕਰਮਚਾਰੀਆਂ ਨੂੰ ਮੁਕਤ ਕਰਵਾਇਆ।
 


Babita

Content Editor

Related News