ਪਾਵਰਕਾਮ ਨੂੰ ਪਣ-ਬਿਜਲੀ ਉਤਪਾਦਨ ਵਧਣ ਨਾਲ ਹੋਈ 300

Monday, Mar 05, 2018 - 07:25 AM (IST)

ਚੰਡੀਗੜ੍ਹ/ਪਟਿਆਲਾ (ਜ. ਬ.) - ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੇ ਪਣ-ਬਿਜਲੀ ਪ੍ਰਾਜੈਕਟਾਂ ਤੋਂ ਬਿਜਲੀ ਉਤਪਾਦਨ ਪਿਛਲੇ ਵਿੱਤੀ ਵਰ੍ਹੇ ਦੇ ਮੁਕਾਬਲੇ ਐਤਕੀਂ 11 ਮਹੀਨਿਆਂ ਵਿਚ 20 ਫੀਸਦੀ ਵਧ ਹੋਇਆ ਹੈ। 1 ਅਪ੍ਰੈਲ 2017 ਤੋਂ 28 ਫਰਵਰੀ 2018 ਤੱਕ ਦੇ ਉਪਲਬਧ ਅੰਕੜਿਆਂ ਮੁਤਾਬਕ ਜਿਥੇ ਲੰਘੇ ਵਿੱਤੀ ਵਰ੍ਹੇ ਯਾਨੀ 2016-17 ਵਿਚ ਬਿਜਲੀ ਉਤਪਾਦਨ 3675 ਮਿਲੀਅਨ ਯੂਨਿਟ ਰਿਹਾ ਸੀ, ਉਥੇ ਹੀ ਐਤਕੀਂ 11 ਮਹੀਨਿਆਂ ਵਿਚ ਇਹ 4407 ਮਿਲੀਅਨ ਯੂਨਿਟ ਰਿਹਾ ਹੈ। ਇਸ ਤਰ੍ਹਾਂ 11 ਮਹੀਨਿਆਂ ਵਿਚ 732 ਮਿਲੀਅਨ ਯੂਨਿਟ ਬਿਜਲੀ ਦੀ ਪੈਦਾਵਾਰ ਵਧ ਹੋਈ ਹੈ, ਜਿਸਦੀ ਬਦੌਲਤ ਪਾਵਰਕਾਮ ਨੂੰ 300 ਕਰੋੜ ਰੁਪਏ ਦੀ ਬਚਤ ਹੋਈ ਹੈ ਜੋ ਉਸਦੇ ਬਿਜਲੀ ਖਰੀਦ ਦੇ ਪੈਸੇ ਬਚ ਗਏ ਹਨ। ਪਾਵਰਕਾਮ ਦੇ ਪੰਜ ਪਣ-ਬਿਜਲੀ ਪ੍ਰਾਜੈਕਟਾਂ ਜਿਨ੍ਹਾਂ ਵਿਚ ਸ਼ਾਨਨ ਜੋਗਿੰਦਰ ਨਗਰ ਹਿਮਾਚਲ ਪ੍ਰਦੇਸ਼, ਅਪਰਬਾਰੀ ਦੁਆਬ ਕੈਨਾਲ ਮਲਿਕਪੁਰ, ਰਣਜੀਤ ਸਾਗਰ ਡੈਮ ਪਠਾਨਕੋਟ, ਅਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ ਤੇ ਮੁਕੇਰੀਆਂ ਹਾਈਡਲ ਪ੍ਰਾਜੈਕਟ ਤਲਵਾੜਾ ਦੇ 33 ਯੂਨਿਟ ਇਸ ਵੇਲੇ ਕੰਮ ਕਰ ਰਹੇ ਹਨ, ਜਿਨ੍ਹਾਂ ਦੀ ਸਮਰੱਥਾ 1160 ਮੈਗਾਵਾਟ ਹੈ।
ਅਪ੍ਰੈਲ 2017 ਤੋਂ ਫਰਵਰੀ 2018 ਤੱਕ ਉਕਤ ਪ੍ਰਾਜੈਕਟਾਂ ਤੋਂ ਬਿਜਲੀ ਉਤਪਾਦਨ ਕ੍ਰਮਵਾਰ 498, 396, 1763, 597 ਅਤੇ 1153 ਮਿਲੀਅਨ ਯੂਨਿਟ ਰਿਹਾ ਹੈ ਜੋ ਕਿ ਲੰਘੇ ਵਿੱਤੀ ਵਰ੍ਹੇ ਯਾਨੀ 2016-17 ਵਿਚ ਕ੍ਰਮਵਾਰ 446, 326, 1245, 634 ਅਤੇ 1024 ਮਿਲੀਅਨ ਯੂਨਿਟ ਸੀ। ਚਾਲੂ ਵਿੱਤ ਵਰ੍ਹੇ ਦੌਰਾਨ ਨਾ ਸਿਰਫ ਪਾਵਰਕਾਮ ਦੇ ਇਨ੍ਹਾਂ ਪਣ-ਬਿਜਲੀ ਪ੍ਰਾਜੈਕਟਾਂ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਤੈਅ ਕੀਤੇ 4437 ਮਿਲੀਅਨ ਯੂਨਿਟ ਬਿਜਲੀ ਪੈਦਾਵਾਰ ਦੇ ਟੀਚੇ ਸਰ ਕੀਤੇ ਹਨ ਬਲਕਿ ਇਸ ਤੋਂ ਵੀ ਵੱਧ ਬਿਜਲੀ ਪੈਦਾ ਕੀਤੀ ਹੈ।
ਇਸ ਵੇਲੇ ਭਾਖੜਾ ਤੇ ਪੌਂਗ ਡੈਮਾਂ ਵਿਚ ਪਾਣੀ ਪਿਛਲੇ ਵਰ੍ਹਿਆਂ ਨਾਲੋਂ ਜ਼ਿਆਦਾ ਹੈ। 1 ਮਾਰਚ 2018 ਤੱਕ ਦੀ ਸਥਿਤ ਅਨੁਸਾਰ ਭਾਖੜਾ ਡੈਮ ਵਿਚ 1588 ਅਤੇ ਪੌਂਗ ਡੈਮ ਵਿਚ 1315 ਫੁੱਟ ਪਾਣੀ ਸੀ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਕ੍ਰਮਵਾਰ 1556 ਅਤੇ 1313 ਫੁੱਟ ਸੀ। ਰਣਜੀਤ ਸਾਗਰ ਡੈਮ ਵਿਚ ਪਿਛਲੇ ਸਾਲ 505 ਮੀਟਰ ਪਾਣੀ ਸੀ ਜਦਕਿ ਐਤਕੀਂ 496 ਮੀਟਰ ਪਾਣੀ ਹੈ।


Related News