ਪਾਵਰਕਾਮ ਦਫ਼ਤਰ ਦਾ ਜੇ. ਈ. ਮਹਿਕਮੇ ਵੱਲੋਂ ਮੁਅੱਤਲ
Friday, Aug 28, 2020 - 11:27 AM (IST)
ਨਿਹਾਲ ਸਿੰਘ ਵਾਲਾ (ਬਾਵਾ) : ਪੰਜਾਬ ਰਾਜ ਪਾਵਰਕਾਮ ਲਿਮਟਿਡ ਵੱਲੋਂ ਸਬ-ਡਵੀਜ਼ਨ ਬਿਲਾਸਪੁਰ ਦੇ ਜੂਨੀਅਰ ਇੰਜੀਨੀਅਰ ਨੂੰ ਮਹਿਕਮੇ ਦਾ ਸਰਕਾਰੀ ਸਾਮਾਨ ਖੁਰਦ-ਬੁਰਦ ਕਰਨ ਦੇ ਦੋਸ਼ 'ਚ ਮੁਅੱਤਲ ਕੀਤਾ ਗਿਆ ਹੈ। ਪਾਵਰਕਾਮ ਦੇ ਐਕਸੀਅਨ ਬਾਘਾ ਪੁਰਾਣਾ ਜਗਤਾਰ ਸਿੰਘ ਨੇ ਦੱਸਿਆ ਕਿ ਬਿਲਾਸਪੁਰ ਦਫ਼ਤਰ ਦੇ ਜੇ. ਈ. ਕੁਲਵਿੰਦਰ ਸਿੰਘ ਵੱਲੋਂ ਕੀਤੀ ਜਾਂਦੇ ਘਪਲੇ ਬਾਰੇ ਹਲਕੇ ਦੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਮਿਲਣ ਉਪਰੰਤ ਮਹਿਕਮੇ ਵੱਲੋਂ ਦੋ ਇੰਜੀਨੀਅਰਾਂ ਰਜਿੰਦਰ ਕੁਮਾਰ ਤੇ ਸਤਵਿੰਦਰ ਸਿੰਘ ਦੀ ਆਧਾਰਿਤ ਮੁੱਢਲੀ ਪੜਤਾਲੀਆ ਕਮੇਟੀ ਬਣਾਈ ਗਈ ਸੀ।
ਮਹਿਕਮੇ ਨੇ ਇਸ ਜੇ. ਈ. ’ਤੇ ਬਿਜਲੀ ਮਹਿਕਮੇ ਦੇ ਸਟੋਰ ’ਚੋਂ ਟਰਾਂਸਫਾਰਮ ਤੇ ਹੋਰ ਸਾਜੋ-ਸਾਮਾਨ ਖੁਰਦ-ਬੁਰਦ ਕਰਨ ਦੇ ਦੋਸ਼ਾਂ ਦੀ ਜਾਂਚ 'ਚ ਉਹ ਕੋਈ ਵੀ ਤਸੱਲੀਬਖਸ਼ ਤੱਥ ਨਾ ਸਾਬਿਤ ਕਰ ਸਕਣ 'ਤੇ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਜੇ. ਈ. ਕੁਲਵਿੰਦਰ ਸਿੰਘ ਵਾਸੀ ਬਿਲਾਸਪੁਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਤੋਂ ਬਾਅਦ ਅਗਲੇਰੀ ਪੜਤਾਲ ਲਈ ਉੱਚ ਅਧਿਕਾਰੀਆਂ ਵੱਲੋਂ ਇਕ ਪੜਤਾਲੀਆ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਰਾਹੀਂ ਮੁਅੱਤਲ ਕੀਤੇ ਗਏ ਇਸ ਜੇ. ਈ. ਦੇ ਭ੍ਰਿਸ਼ਟਾਚਾਰ ਦੀ ਅੱਗੋਂ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।
ਇਸ ਮਾਮਲੇ ਸਬੰਧੀ ਜਦ ਸਬੰਧਿਤ ਜੇ. ਈ. ਕੁਲਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਸਾਡੇ ਘਰ 'ਚ ਸਮਾਗਮ ਸੀ, ਜਿਸ ਕਾਰਨ ਮਹਿਕਮੇ ਦੇ ਕੰਮਾਂ ਨਾਲ ਸਬੰਧਿਤ ਜ਼ਰੂਰੀ ਕਾਗਜ਼ ਇੱਧਰ-ਉੱਧਰ ਹੋ ਗਏ ਹਨ, ਜਿਨ੍ਹਾਂ ਨੂੰ ਲੱਭ ਕੇ ਜਲਦੀ ਹੀ ਮਹਿਕਮੇ ਦੇ ਉੱਚ ਅਧਿਕਾਰੀਆਂ ਅੱਗੇ ਪੇਸ਼ ਕੀਤਾ ਜਾਵੇਗਾ ਅਤੇ ਆਪਣੇ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਮੁੱਢੋਂ ਹੀ ਨਕਾਰਦਿਆਂ ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਉਨ੍ਹਾਂ ਦੇ ਪਾਰਦਰਸ਼ੀ ਤਰੀਕੇ ਨਾਲ ਕੀਤੇ ਜਾ ਰਹੇ ਕੰਮਾਂ ਤੋਂ ਚੰਗੀ ਤਰ੍ਹਾਂ ਜਾਣੂੰ ਹਨ।