ਸਾਲ 2020 : ਪਾਵਰਕਾਮ ’ਚ ਮੈਨੇਜਮੈਂਟ ਬਦਲੀ, ਨਿੱਜੀ ਥਰਮਲ ਪਲਾਂਟ ਕੋਲਾ ਸੰਕਟ ’ਚ ਫਸੇ

Thursday, Dec 31, 2020 - 12:43 PM (IST)

ਪਟਿਆਲਾ (ਪਰਮੀਤ) : ਸਾਲ-2020 ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਲਈ ਯਾਦਗਾਰੀ ਵਰ੍ਹਾ ਰਿਹਾ, ਜਿਸ ’ਚ ਕੰਪਨੀ ਦੀ ਮੈਨੇਜਮੈਂਟ ਬਦਲ ਗਈ ਅਤੇ ਨਿੱਜੀ ਥਰਮਲਾਂ ਨੂੰ ਕੋਲੇ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪਿਆ। ਸਾਲ ਦੇ ਅੱਧ ਜੂਨ ਮਹੀਨੇ ’ਚ ਪਾਵਰਕਾਮ ਦੇ ਚੇਅਰਮੈਨ-ਕਮ-ਐੱਮ. ਡੀ. ਇੰਜੀ. ਬਲਦੇਵ ਸਿੰਘ ਸਰਾਂ ਸੇਵਾਮੁਕਤ ਹੋ ਗਏ। ਉਨ੍ਹਾਂ ਦੀ ਸੇਵਾਮੁਕਤੀ ਨਾਲ ਪਾਵਰਕਾਮ ’ਚ ਈਮਾਨਦਾਰੀ ਦੇ ਇਕ ਯੁੱਗ ਦਾ ਅੰਤ ਹੋ ਗਿਆ। ਇਸ ਯੁੱਗ ਦੌਰਾਨ ਕੰਮ ਮੈਰਿਟ ’ਤੇ ਹੋਣ ਦੀ ਰਵਾਇਤ ਕਾਇਮ ਰਹੀ ਅਤੇ ਤੋਹਫਿਆਂ ਦਾ ਲੈਣ-ਦੇਣ ਪੂਰੀ ਤਰ੍ਹਾਂ ਬੰਦ ਰਿਹਾ। ਉਨ੍ਹਾਂ ਦੀ ਈਮਾਨਦਾਰੀ ਤੋਂ ਔਖੇ ਅਨਸਰ ਸਰਕਾਰ ਨੂੰ ਮੈਨੇਜਮੈਂਟ ਅਫਸਰਸ਼ਾਹੀ ਹੱਥ ਦੇਣ ’ਚ ਮਨਾਉਣ ’ਚ ਸਫਲ ਰਹੇ।

ਸਿਰਫ ਸੀ. ਐੱਮ. ਡੀ. ਹੀ ਨਹੀਂ, ਸਗੋਂ ਸਰਕਾਰ ਵੱਲੋਂ 3 ਡਾਇਰੈਕਟਰ ਵੀ ਤਬਦੀਲ ਕੀਤੇ ਗਏ ਕਿਉਂਕਿ ਪਹਿਲੇ ਡਾਇਰੈਕਟਰਾਂ ਦਾ ਕਾਰਜਕਾਲ ਖ਼ਤਮ ਹੋ ਗਿਆ ਸੀ। ਇਸ ਸਾਲ ਦੌਰਾਨ ਸੂਬੇ ਦੇ 3 ਨਿੱਜੀ ਥਰਮਲਾਂ ਨੂੰ ਕੋਲੇ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਣ ਤਿੰਨੋਂ ਥਰਮਲ ਪਲਾਂਟ ਬੰਦ ਹੋ ਗਏ। ਅਸਲ ’ਚ ਸੰਕਟ ਕਿਸਾਨ ਅੰਦੋਲਨ ਤਹਿਤ ਰੇਲ ਲਾਈਨਾਂ ਰੋਕਣ ਤੋਂ ਸ਼ੁਰੂ ਹੋਇਆ। ਤਿੰਨਾਂ ਪਲਾਂਟਾਂ ਦੀਆਂ ਕੋਲਾ ਲਿਆ ਰਹੀਆਂ ਤਕਰੀਬਨ 100 ਦੇ ਕਰੀਬ ਮਾਲ ਗੱਡੀਆਂ ਰਾਹ ’ਚ ਫਸ ਗਈਆਂ। ਤਿੰਨਾਂ ਥਰਮਲਾਂ ’ਚ ਕੋਲਾ ਮੁੱਕ ਗਿਆ। ਇਸ ਮਗਰੋਂ ਇਕ ਪੜਾਅ ’ਚ 2 ਦਿਨ ਕੋਲਾ ਲਿਆ ਰਹੀਆਂ ਗੱਡੀਆਂ ਬਹਾਲ ਹੋਈਆਂ ਪਰ ਫਿਰ ਰੁੱਕ ਗਈਆਂ।

ਰੇਲ ਲਾਈਨਾਂ ਤੋਂ ਧਰਨੇ ਚੁੱਕਣ ਮਗਰੋਂ ਮਾਲ ਗੱਡੀਆਂ ਬਹਾਲ ਹੋਈਆਂ ਤੇ ਕੋਲਾ ਪਹੁੰਚਣ ਮਗਰੋਂ ਥਰਮਲ ਮੁੜ ਚਾਲੂ ਹੋਏ। ਪਾਵਰਕਾਮ ਦੇ ਡਾਇਰੈਕਟਰਾਂ ਦਾ ਮੁੱਦਾ ਵਿਧਾਨ ਸਭਾ ’ਚ ਵੀ ਗੂੰਜਿਆ। ਨਿੱਜੀ ਥਰਮਲ ਪਲਾਂਟ ਬੰਦ ਹੋਣ ਮਗਰੋਂ ਬਿਜਲੀ ਦੇ ਸੰਕਟ ਬਾਰੇ ਮੈਨੇਜਮੈਂਟ ’ਚ ਵਿਚਾਰਕ ਮਤਭੇਦ ਨਜ਼ਰ ਆਏ, ਜਿੱਥੇ ਡਾਇਰੈਕਟਰ ਉਤਪਾਦਨ ਦੇ ਵਾਧੂ ਚਾਰਜ ਵਾਲੇ ਅਫ਼ਸਰ ਨੇ ਕੋਈ ਵੀ ਸੰਕਟ ਹੋਣ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ, ਉਥੇ ਹੀ ਸੀ. ਐੱਮ. ਡੀ. ਨੇ ਸੰਕਟ ਹੋਣ ਦਾ ਦਾਅਵਾ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ’ਚ ਡਾਇਰੈਕਟਰ ਦਾ ਨਾਂ ਲਏ ਬਗੈਰ ਉਸ ਨੂੰ ਭੰਡਿਆ ਅਤੇ ਕਿਹਾ ਕਿ ਅਫਸਰ ਆਖੀ ਜਾਂਦੈ ਬਿਜਲੀ ਖਰੀਦ ਲਵਾਂਗੇ, ਖਰੀਦ ਕਿੱਥੋਂ ਲਵਾਂਗੇ, ਜਦੋਂ ਪੈਸੇ ਹੀ ਹੈ ਨਹੀਂ?


Babita

Content Editor

Related News