9 ਮਿੰਟ ’ਚ ਪਾਵਰਕਾਮ ਨੂੰ ਪਿਆ ਡੇਢ ਲੱਖ ਯੂਨਿਟ ਬਿਜਲੀ ਦਾ ਘਾਟਾ
Monday, Apr 06, 2020 - 11:21 PM (IST)
ਪਟਿਆਲਾ, (ਪਰਮੀਤ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਐਤਵਾਰ ਦੀ ਰਾਤ ਨੂੰ 9 ਵਜੇ 9 ਮਿੰਟ ਵਾਸਤੇ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰਨ ਅਤੇ ਮੋਮਬੱਤੀਆਂ, ਦੀਵੇ, ਟਾਰਚ ਜਾਂ ਮੋਬਾਈਲ ਫੋਨਾਂ ਦੀਆਂ ਫਲੈਸ਼ ਲਾਈਟਾਂ ਜਗਾਉਣ ਦੇ ਦਿੱਤੇ ਸੱਦੇ ’ਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੂੰ ਤਕਰੀਬਨ ਡੇਢ ਲੱਖ ਯੂਨਿਟ ਬਿਜਲੀ ਦਾ ਘਾਟਾ ਪਿਆ ਹੈ। ਪਾਵਰਕਾਮ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਐਤਵਾਰ ਦੀ ਰਾਤ 8.55 ਵਜੇ ਪੰਜਾਬ ਵਿਚ ਬਿਜਲੀ ਦੀ ਮੰਗ 2995 ਮੈਗਾਵਾਟ ਸੀ ਜੋ ਕਿ ਰਾਤ 9 ਵਜੇ ਮੁਹਿੰਮ ਸ਼ੁਰੂ ਹੋਣ ਵੇਲੇ ਇਕਦਮ ਘਟ ਕੇ 2691 ਮੈਗਾਵਾਟ ਰਹਿ ਗਈ। ਇਸ ਤੋਂ ਅਗਲੇ 2 ਮਿੰਟ ਵਚ ਇਹ ਮੰਗ ਘਟ ਕੇ 2592 ਮੈਗਾਵਾਟ ਰਹਿ ਗਿਆ, ਅਗਲੇ ਹੋਰ ਦੋ ਮਿੰਟ ਯਾਨੀ ਮੁਹਿੰਮ ਦੇ 4 ਮਿੰਟਾਂ ਵਿਚ ਇਹ ਮੰਗ ਘੱਟ ਕੇ 2515 ਮੈਗਾਵਾਟ ਰਹਿ ਗਈ। ਮੁਹਿੰਮ ਦੇ ਅਖੀਰਲੇ ਪਡ਼ਾਅ ਵਿਚ ਰਾਤ 9.08 ਵਜੇ ਇੲ ਮੰਗ ਹੋਰ ਘੱਟ ਕੇ 2409 ਮੈਗਾਵਾਟ ਰਹਿ ਗਈ ਜਿਸ ਉਪਰੰਤ ਇਹ ਵਧਣੀ ਸ਼ੁਰੂ ਹੋ ਗਈ ਤੇ ਰਾਤ 9.12 ਵਜੇ ਇਹ ਮੰਗ ਵੱਧ ਕੇ 2531 ਮੈਗਾਵਾਟ ’ਤੇ ਜਾ ਪਹੁੰਚੀ। ਇਸ ਤਰ੍ਹਾਂ 9 ਮਿੰਟ ਦੀ ਮੁਹਿੰਮ ਦੌਰਾਨ ਪਾਵਰਕਾਮ ਨੂੰ ਤਕਰੀਬਨ ਡੇਢ ਲੱਖ ਯੂਨਿਟ ਬਿਜਲੀ ਦਾ ਘਾਟਾ ਪਿਆ ਤੇ ਵਿੱਤੀ ਤੌਰ ’ਤੇ ਇਸਨੂੰ 10 ਲੱਖ ਰੁਪਏ ਦਾ ਨੁਕਸਾਨ ਹੋਇਆ।