ਡੈਮਾਂ ’ਚ ਪਾਣੀ ਵਧਣ ਸਦਕਾ ਪਾਵਰਕਾਮ ਦਾ ਪਣ-ਬਿਜਲੀ ਉਤਪਾਦਨ 69 ਫ਼ੀਸਦੀ ਵਧਿਆ
Monday, Sep 02, 2019 - 05:09 PM (IST)

ਪਟਿਆਲਾ (ਪਰਮੀਤ)—ਸਾਉਣ ਮਹੀਨੇ ਵਿਚ ਹੋਈਆਂ ਚੰਗੀਆਂ ਬਰਸਾਤਾਂ ਸਦਕਾ ਡੈਮਾਂ ਵਿਚ ਪਾਣੀ ਵਧਣ ਦੀ ਬਦੌਲਤ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦਾ ਮੌਜੂਦਾ ਸਾਲ ਵਿਚ ਪਣ-ਬਿਜਲੀ ਉਤਪਾਦਨ ਪਿਛਲੇ ਸਾਲ ਦੇ ਮੁਕਾਬਲੇ 69 ਫੀਸਦੀ ਵਧ ਗਿਆ ਹੈ।ਅਗਸਤ ਮਹੀਨੇ ਤੱਕ ਬਿਜਲੀ ਉਤਪਾਦਨ 2588.5 ਮਿਲੀਅਨ ਯੂਨਿਟ ਰਿਹਾ। ਪਿਛਲੇ ਸਾਲ ਇਹ ਉਤਪਾਦਨ ਸਿਰਫ 1533 ਮਿਲੀਅਨ ਯੂਨਿਟ ਸੀ। ਪਿਛਲੇ ਸਾਲ ਨਾਲੋਂ ਇਹ 69 ਫੀਸਦੀ ਵੱਧ ਹੈ। ਇਸ ਤੋਂ ਪਹਿਲਾਂ ਸਾਲ 2014-15 ਵਿਚ ਅਪ੍ਰੈਲ ਤੋਂ ਅਗਸਤ ਮਹੀਨੇ ਤੱਕ ਬਿਜਲੀ ਉਤਪਾਦਨ ਹੁਣ ਤੱਕ ਦਾ ਸਭ ਤੋਂ ਵੱਧ ਉਤਪਾਦਨ ਸੀ ਜੋ 2519 ਮਿਲੀਅਨ ਯੂਨਿਟ ਸੀ।
ਪਾਵਰਕਾਮ ਦੇ ਸੀ. ਐੱਮ. ਡੀ. ਇੰਜ. ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਰਣਜੀਤ ਸਾਗਰ ਡੈਮ ਦੇ ਚਾਰੋਂ ਯੂਨਿਟ ਜੋ 150 ਮੈਗਾਵਾਟ ਹਰੇਕ ਸਮਰੱਥਾ ਦੇ ਸਨ, ਦੀ ਬਦੌਲਤ ਪਾਵਰ ਗਰਿੱਡ ਨੂੰ ਵੱਡਾ ਸਹਾਰਾ ਮਿਲਿਆ ਹੈ। ਇਸ ਸਦਕਾ ਥਰਮਲ ਬਿਜਲੀ ਉਤਪਾਦਨ ਵਿਚ ਵੱਡੀ ਕਟੌਤੀ ਹੋਈ ਹੈ। ਇਸ ਨਾਲ ਪਾਵਰਕਾਮ ਨੂੰ ਵੱਡਾ ਆਰਥਕ ਲਾਭ ਹੋਇਆ ਹੈ। ਰਣਜੀਤ ਸਾਗਰ ਡੈਮ ਪ੍ਰਾਜੈਕਟ ’ਤੇ 28 ਅਗਸਤ ਨੂੰ ਸਭ ਤੋਂ ਵੱਧ ਬਿਜਲੀ ਉਤਪਾਦਨ ਹੋਇਆ। ਇਸ ਦਾ ਪਲਾਂਟ ਲੋਡ ਫੈਕਟਰ 103 ਫੀਸਦੀ ਰਿਹਾ। ਇਸ ਦਿਨ ਪ੍ਰਾਜੈਕਟ ਤੋਂ 149.02 ਲੱਖ ਯੂਨਿਟ ਬਿਜਲੀ ਪੈਦਾ ਹੋਈ। ਇਹ 2018-19 ਦੌਰਾਨ ਰੋਜ਼ਾਨਾ ਹੁੰਦੀ 133.79 ਲੱਖ ਯੂਨਿਟ ਬਿਜਲੀ ਤੋਂ ਵੀ ਵੱਧ ਹੈ। ਪਿਛਲੇ ਸਾਲ 10 ਅਗਸਤ ਨੂੰ 141.25 ਲੱਖ ਯੂਨਿਟ ਬਿਜਲੀ ਪੈਦਾ ਹੋਈ ਸੀ ਜਦਕਿ ਇਸ ਸਾਲ 24 ਅਗਸਤ ਨੂੰ 133.79 ਲੱਖ ਯੂਨਿਟ ਬਿਜਲੀ ਪੈਦਾ ਹੋਈ ਹੈ। ਇਸੇ ਤਰ੍ਹਾਂ ਸ਼ਾਨਨ ਬਿਜਲੀ ਪ੍ਰਾਜੈਕਟ ਤੋਂ 13 ਅਗਸਤ ਨੂੰ 103 ਫੀਸਫੀ ਪਲਾਂਟ ਲੋਡ ਫੈਕਟਰ ’ਤੇ ਬਿਜਲੀ ਪੈਦਾਵਾਰ ਹੋਈ ਅਤੇ ਕੁੱਲ 26.61 ਲੱਖ ਯੂਨਿਟ ਬਿਜਲੀ ਪੈਦਾ ਹੋਈ ਜੋ ਕਿ ਪਿਛਲੇ ਸਾਲਾਂ ਨਾਲੋਂ ਕਿਤੇ ਵੱਧ ਹੈ।
ਇਸੇ ਤਰ੍ਹਾਂ ਯੂ. ਬੀ. ਡੀ. ਸੀ. ਪਣ-ਬਿਜਲੀ ਪ੍ਰਾਜੈਕਟ ’ਤੇ ਵੀ ਬਿਜਲੀ ਪੈਦਾਵਾਰ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਰਹੀ। ਇਥੇ 29 ਅਗਸਤ ਨੁੰ 19.56 ਲੱਖ ਯੂਨਿਟ ਬਿਜਲੀ ਪੈਦਾ ਹੋਈ। ਇਸ ਸਾਲ 6 ਤੋਂ 16 ਅਗਸਤ ਦਰਮਿਆਨ ਵੀ ਪੈਦਾਵਾਰ ਦਰ ਇਹੀ ਰਹੀ।ਪਣ ਬਿਜਲੀ ਪ੍ਰਾਜੈਕਟਾਂ ਤੋਂ ਇਸ ਸਾਲ ਨਾ ਸਿਰਫ ਰੋਜ਼ਾਨਾ ਬਿਜਲੀ ਉਤਪਾਦਨ ਦੇ ਰਿਕਾਰਡ ਟੁੱਟੇ ਹਨ ਬਲਕਿ ਅਪ੍ਰੈਲ ਤੋਂ ਅਗਸਤ ਮਹੀਨੇ ਦੌਰਾਨ ਹੁੰਦੇ ਉਤਪਾਦਨ ਦੇ ਵੀ ਰਿਕਾਰਡ ਟੁੱਟੇ ਹਨ। ਪਿਛਲੀ ਵਾਰ 2014-15 ਦੌਰਾਨ ਰਿਕਾਰਡ ਪੈਦਾਵਾਰ ਹੋਈ ਸੀ ਜੋ ਰਿਕਾਰਡ ਇਸ ਸਾਲ ਟੁੱਟਿਆ ਹੈ।