ਪਾਵਰਕਾਮ ਵੱਲੋਂ ਵਧੇ ਰੇਟਾਂ ਦਾ ਬਕਾਇਆ ਵਸੂਲਣ ''ਤੇ ਜਤਾਇਆ ਰੋਸ
Friday, Mar 02, 2018 - 04:39 AM (IST)

ਰੂਪਨਗਰ, (ਕੈਲਾਸ਼)- ਮਹਿੰਗਾਈ ਦੇ ਕਾਰਨ ਜਿਥੇ ਮੱਧ ਵਰਗ ਪਹਿਲਾਂ ਹੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਬਿਜਲੀ ਵਿਭਾਗ ਵੱਲੋਂ ਬਿਜਲੀ ਦੇ ਰੇਟਾਂ 'ਚ ਕੀਤੇ ਜਾ ਚੁੱਕੇ ਵਾਧੇ ਦਾ ਪਿਛਲਾ ਬਕਾਇਆ ਇਸ ਵਾਰ ਬਿੱਲਾਂ ਦੇ ਨਾਲ ਵਸੂਲਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਸ਼ਹਿਰ ਵਾਸੀਆਂ 'ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ।
ਅੱਜ ਵਿਭਾਗ ਦੇ ਕਰਮਚਾਰੀਆਂ ਨੇ ਜਦੋਂ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ 'ਚ ਮੀਟਰਾਂ ਦੀ ਰੀਡਿੰਗ ਲੈਣ ਤੋਂ ਬਾਅਦ ਲੋਕਾਂ ਨੂੰ ਬਿੱਲ ਦਿੱਤੇ ਤਾਂ ਉਨ੍ਹਾਂ 'ਚ ਲੱਗਾ ਪਿਛਲਾ ਬਕਾਇਆ ਵੇਖ ਕੇ ਲੋਕ ਦਾ ਗੁੱਸਾ ਫੁੱਟਣਾ ਸ਼ੁਰੂ ਹੋ ਗਿਆ। ਇਸ ਸਬੰਧ 'ਚ ਪ੍ਰੀਤ ਕਾਲੋਨੀ ਦੇ ਦੁਕਾਨਦਾਰ ਰਾਕੇਸ਼ ਚੋਪੜਾ, ਰਾਜੂ ਗੋਇਲ, ਜਗਦੀਸ਼ ਜੱਗੀ ਅਤੇ ਹਨੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਬਿੱਲ ਮਿਲੇ ਤਾਂ ਉਸ 'ਚ ਐਡਜੈਸਟਮੈਂਟ ਦੇ ਨਾਂ 'ਤੇ ਪਿਛਲਾ ਬਕਾਇਆ ਵੀ ਨਾਲ ਲਿਖਿਆ ਗਿਆ ਹੈ। ਪਹਿਲਾਂ ਹੀ ਬਿਜਲੀ ਦੇ ਰੇਟਾਂ 'ਚ ਭਾਰੀ ਵਾਧਾ ਹੋਣ ਕਾਰਨ ਉਨ੍ਹਾਂ ਦਾ ਘਰੇਲੂ ਬਜਟ ਡਗਮਗਾ ਗਿਆ ਹੈ ਅਤੇ ਹੁਣ ਪਿਛਲੇ ਬਕਾਏ ਦੀ ਵੀ ਕੀਤੀ ਜਾ ਰਹੀ ਵਸੂਲੀ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹਨ। ਸ਼ਹਿਰ ਵਾਸੀਆਂ ਨੇ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜੇਕਰ ਵਧੇ ਰੇਟਾਂ ਦਾ ਪਿਛਲਾ ਬਕਾਇਆ ਵਸੂਲਿਆ ਵੀ ਜਾਣਾ ਹੈ ਤਾਂ ਉਸ ਨੂੰ ਇਕਮੁਸ਼ਤ ਨਾ ਵਸੂਲਿਆ ਜਾਵੇ ਅਤੇ ਖਪਤਕਾਰਾਂ ਦੀ ਸੁਵਿਧਾ ਅਨੁਸਾਰ ਉਨ੍ਹਾਂ ਤੋਂ ਪੈਸੇ ਲਏ ਜਾਣ।
ਕੀ ਕਹਿੰਦੇ ਨੇ ਵਿਭਾਗ ਦੇ ਐੱਸ. ਡੀ. ਓ.
ਐੱਸ. ਡੀ. ਓ. ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਬਿਜਲੀ ਦੀਆਂ ਦਰਾਂ 'ਚ ਵਾਧਾ 1 ਅਪ੍ਰੈਲ 2017 ਨੂੰ ਕੀਤਾ ਗਿਆ ਸੀ, ਜਿਸ ਨੂੰ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰੀ ਹੁਕਮਾਂ ਦੇ ਅਨੁਸਾਰ 1 ਅਪ੍ਰੈਲ 2017 ਤੋਂ ਹੋਏ ਵਾਧੇ ਨੂੰ ਹੁਣ ਵਸੂਲਿਆ ਜਾ ਰਿਹਾ ਹੈ। ਜੋ ਵੀ ਵਧੇ ਰੇਟਾਂ ਦੇ ਨਾਲ ਫਰਕ ਬਣਿਆ ਸੀ ਉਹ ਕੰਪਿਊਟਰ ਵੱਲੋਂ ਕੀਤੀ ਗਈ ਕੈਲਕੁਲੇਸ਼ਨ ਦੇ ਮੁਤਾਬਕ ਲਾਇਆ ਗਿਆ ਹੈ। ਇਹ ਵਾਧਾ ਕੇਵਲ ਇਸ ਵਾਰ ਹੀ ਲਾਇਆ ਜਾਵੇਗਾ, ਇਸ ਤੋਂ ਬਾਅਦ ਰੁਟੀਨ ਦੇ ਬਿੱਲ ਜਾਰੀ ਹੋਣਗੇ।