ਪਾਵਰਕਾਮ ਦੀ ਸਖਤੀ : ਜੇਕਰ ਸਮੇਂ 'ਤੇ ਬਿੱਲ ਨਾ ਭਰਿਆ ਤਾਂ ਕੱਟਿਆ ਜਾਵੇਗਾ ਬਿਜਲੀ ਦਾ ਕੁਨੈਕਸ਼ਨ

Saturday, Dec 07, 2019 - 10:54 AM (IST)

ਪਾਵਰਕਾਮ ਦੀ ਸਖਤੀ : ਜੇਕਰ ਸਮੇਂ 'ਤੇ ਬਿੱਲ ਨਾ ਭਰਿਆ ਤਾਂ ਕੱਟਿਆ ਜਾਵੇਗਾ ਬਿਜਲੀ ਦਾ ਕੁਨੈਕਸ਼ਨ

ਹੁਸ਼ਿਆਰਪੁਰ (ਅਮਰਿੰਦਰ)— ਬਿਜਲੀ ਦਾ ਬਿੱਲ ਜਮ੍ਹਾ ਕਰਵਾਉਣ 'ਚ ਲਾਪਰਵਾਹੀ ਵਰਤਣ ਵਾਲੇ ਲੋਕਾਂ ਲਈ ਬੁਰੀ ਖਬਰ ਹੈ। ਹੁਣ ਸਮੇਂ 'ਤੇ ਬਿੱਲ ਦਾ ਭੁਗਤਾਨ ਕਰਨਾ ਜ਼ਰੂਰੀ ਹੋਵੇਗਾ। ਅਜਿਹਾ ਨਾ ਕਰਨ 'ਤੇ ਉਨ੍ਹਾਂ ਦਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਦੇ ਨਾਲ ਹੀ ਪਾਵਰਕਾਮ ਨੇ ਹੁਣ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਸਬੰਧੀ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਮਹਿਕਮੇ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ 'ਤੇ ਡਿਫਾਲਟਰਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟਣ ਦੀ ਚਲਾਈ ਮੁਹਿੰਮ ਤਹਿਤ ਵੀਰਵਾਰ ਅਤੇ ਸ਼ੁੱਕਰਵਾਰ ਨੂੰ 20 ਕੁਨੈਕਸ਼ਨ ਕੱਟ ਦਿੱਤੇ ਗਏ, ਉੱਥੇ ਹੀ ਪਾਵਰਕਾਮ ਦਾ ਸਖਤ ਰੁਖ ਦੇਖਦਿਆਂ ਕਾਰਵਾਈ ਤੋਂ ਬਚਣ ਲਈ ਕਈ ਡਿਫਾਲਟਰਾਂ ਨੇ ਸਿਰਫ 2 ਦਿਨਾਂ ਅੰਦਰ 25 ਲੱਖ ਰੁਪਏ ਜਮ੍ਹਾ ਵੀ ਕਰਵਾ ਦਿੱਤੇ।

ਪਹਿਲੇ ਪੜਾਅ 'ਚ 85 ਕੁਨੈਕਸ਼ਨਾਂ 'ਤੇ ਹੋਈ ਕਾਰਵਾਈ
ਪਾਵਰਕਾਮ ਦੇ ਉੱਚ ਅਧਿਕਾਰੀਆਂ ਨੇ ਪਹਿਲੇ ਪੜਾਅ 'ਚ ਹੁਸ਼ਿਆਰਪੁਰ ਸਰਕਲ ਅਧੀਨ ਕੁੱਲ 85 ਡਿਫਾਲਟਰਾਂ ਦੀ ਪਛਾਣ ਕੀਤੀ ਹੈ, ਜਿਸ ਵੱਲ ਪਾਵਰਕਾਮ ਦਾ ਕਰੀਬ 4 ਕਰੋੜ ਰੁਪਏ ਬਿਜਲੀ ਿਬੱਲਾਂ ਦਾ ਬਕਾਇਆ ਹੈ । ਇਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਪਾਵਰਕਾਮ ਨੇ ਸਰਕਾਰੀ ਮਹਿਕਮਿਆਂ ਵੱਲ ਬਕਾਇਆ ਕਰੀਬ 16 ਕਰੋੜ ਰੁਪਏ ਵਸੂਲਣ ਲਈ ਕਾਰਵਾਈ ਨਹੀਂ ਆਰੰਭੀ, ਸਗੋਂ ਘਰੇਲੂ ਅਤੇ ਵਪਾਰਕ ਬਿਜਲੀ ਖਪਤਕਾਰਾਂ ਕੋਲੋਂ ਭਾਰੀ-ਭਰਕਮ ਰਾਸ਼ੀ ਵਸੂਲਣ ਲਈ ਕਾਰਵਾਈ ਸ਼ੁਰੂ ਕੀਤੀ ਹੈ। ਸਿਰਫ 2 ਦਿਨਾਂ 'ਚ ਹੁਸ਼ਿਆਰਪੁਰ ਸ਼ਹਿਰ ਦੇ 12 ਅਤੇ ਨਾਲ ਲੱਗਦੇ ਸਬ-ਅਰਬਨ ਡਿਵੀਜ਼ਨ 'ਚ 8 ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਅਜਿਹੇ ਖਪਤਕਾਰਾਂ 'ਤੇ ਹੋਰ ਸਖਤੀ ਕੀਤੀ ਜਾਵੇਗੀ, ਜੋ ਕੁਨੈਕਸ਼ਨ ਕੱਟਣ ਤੋਂ ਬਾਅਦ ਵੀ ਬਿਜਲੀ ਦੀ ਵਰਤੋਂ ਕਰਦੇ ਫੜੇ ਜਾਣਗੇ। ਅਜਿਹੇ ਖਪਤਕਾਰਾਂ ਖਿਲਾਫ਼ ਕਾਰਵਾਈ ਕਰ ਕੇ ਭਾਰੀ ਜੁਰਮਾਨਾ ਕੀਤਾ ਜਾਵੇਗਾ।

ਡਿਫਾਲਟਰ ਬਿਜਲੀ ਖ਼ਪਤਕਾਰਾਂ ਦੀ ਸੂਚੀ ਬਣਾਉਣ ਦਾ ਨਿਰਦੇਸ਼
ਪਾਵਰਕਾਮ ਵੱਲੋਂ ਸਾਰੇ ਸਰਕਲਾਂ ਵਿਚ ਤਾਇਨਾਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਡਿਫਾਲਟਰਾਂ ਕੋਲੋਂ ਬਿਜਲੀ ਬਿੱਲਾਂ ਦੀ ਅਦਾਇਗੀ ਸਬੰਧੀ ਸਖਤੀ ਕੀਤੀ ਜਾਵੇ। ਉੱਚ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਸਾਫ ਤੌਰ 'ਤੇ ਨਿਰਦੇਸ਼ ਦਿੱਤਾ ਹੈ ਕਿ ਹਰੇਕ ਮਹੀਨੇ ਦੇ ਸ਼ੁਰੂ ਵਿਚ ਅਜਿਹੇ ਖਪਤਕਾਰਾਂ ਦੀ ਸੂਚੀ ਬਣਾਈ ਜਾਵੇਗੀ, ਜਿਨ੍ਹਾਂ ਨੇ ਬਿੱਲ ਨਹੀਂ ਭਰਿਆ ਤਾਂ ਕਿ ਉਨ੍ਹਾਂ ਦਾ ਬਿਜਲੀ ਕੁਨੈਕਸ਼ਨ ਕੱਟਿਆ ਜਾ ਸਕੇ।

ਬਿਜਲੀ ਦੇ ਬਿੱਲ ਜਮ੍ਹਾ ਕਰਵਾ ਕੇ ਕਾਰਵਾਈ ਤੋਂ ਬਚਣ ਖਪਤਕਾਰ : ਇੰਜੀ . ਖਾਂਬਾ
ਸੰਪਰਕ ਕਰਨ 'ਤੇ ਹੁਸ਼ਿਆਰਪੁਰ ਪਾਵਰਕਾਮ ਸਰਕਲ ਦੇ ਡਿਪਟੀ ਚੀਫ ਇੰਜੀਨੀਅਰ ਪਰਵਿੰਦਰ ਸਿੰਘ ਖਾਂਬਾ ਨੇ ਦੱਸਿਆ ਕਿ ਕਿਸੇ ਖਪਤਕਾਰ ਨੂੰ ਜੇਕਰ ਬਿਜਲੀ ਦਾ ਬਿੱਲ ਸਮੇਂ 'ਤੇ ਨਹੀਂ ਮਿਲ ਰਿਹਾ ਜਾਂ ਮੀਟਰ ਰੀਡਿੰਗ ਨਹੀਂ ਹੋ ਰਹੀ ਜਾਂ ਬਿੱਲ ਵਿਚ ਕਿਸੇ ਤਰ੍ਹਾਂ ਦੀ ਖਾਮੀ ਹੈ ਤਾਂ ਉਹ ਟੋਲ ਫ੍ਰੀ ਨੰਬਰ ਜਾਂ ਆਪਣੇ ਨਜ਼ਦੀਕੀ ਬਿਜਲੀ ਦਫ਼ਤਰ ਤੋਂ ਜਾਣਕਾਰੀ ਲੈ ਸਕਦਾ ਹੈ। ਉੱਚ ਅਧਿਕਾਰੀਆਂ ਦੇ ਨਿਰਦੇਸ਼ 'ਤੇ ਪਾਵਰਕਾਮ ਵੱਲੋਂ ਹੁਣ ਹਰੇਕ ਮਹੀਨੇ ਦੇ ਸ਼ੁਰੂ ਵਿਚ ਅਜਿਹੇ ਖਪਤਕਾਰਾਂ ਦੀ ਸੂਚੀ ਬਣਾਈ ਜਾਵੇਗੀ, ਜਿਨ੍ਹਾਂ ਨੇ ਬਿੱਲ ਨਹੀਂ ਭਰਿਆ ਤਾਂ ਕਿ ਉਨ੍ਹਾਂ ਦਾ ਕੁਨੈਕਸ਼ਨ ਕੱਟਿਆ ਜਾ ਸਕੇ। ਕੁਨੈਕਸ਼ਨ ਕੱਟਣ ਦੀ ਕਾਰਵਾਈ ਤੋਂ ਬਚਣ ਲਈ ਖਪਤਕਾਰ ਸਮੇਂ 'ਤੇ ਬਿਜਲੀ ਬਿੱਲਾਂ ਦੀ ਅਦਾਇਗੀ ਕਰਨ।


author

shivani attri

Content Editor

Related News