ਬਿਜਲੀ ਬਿੱਲ ਬਕਾਇਆ ਮੁਆਫ਼ ਕਰਨ ਲਈ ਕੈਂਪ ’ਚ ਪਾਵਰਕਾਮ ਦਾ ਫਿਰ ਦਿਸਿਆ ਘਟੀਆ ਸਿਸਟਮ
Sunday, Oct 17, 2021 - 11:56 AM (IST)
 
            
            ਅੰਮ੍ਰਿਤਸਰ (ਰਮਨ) : ਪਾਵਰਕਾਮ ਦਾ ਘਟੀਆ ਸਿਸਟਮ ਇਕ ਵਾਰ ਫਿਰ ਸਾਹਮਣੇ ਆਇਆ। ਸਿਟੀ ਸਰਕਲ ਹਾਲ ਗੇਟ ਬਿਜਲੀ ਘਰ ਵਿਚ ਬਿਜਲੀ ਬਿੱਲ ਬਕਾਇਆ ਮੁਆਫ਼ ਕਰਨ ਲਈ ਲਗਾਏ ਗਏ ਕੈਂਪ ਦੌਰਾਨ ਲੋਕਾਂ ਨੂੰ ਬਿਜਲੀ ਘਰ ਵਿਚੋਂ ਨਾ ਤਾਂ ਫਾਰਮ ਮਿਲੇ ਅਤੇ ਨਾ ਹੀ ਪੂਰਾ ਸਟਾਫ਼ ਉੱਥੇ ਮੌਜੂਦ ਸੀ। ਸਿਟੀ ਸਰਕਲ ’ਚ 60 ਹਜ਼ਾਰ ਦੇ ਲਗਭਗ 2 ਕਿੱਲੋਵਾਟ ਕੁਨੈਕਸ਼ਨ ਦੇ ਖ਼ਪਤਕਾਰ ਹਨ ਪਰ ਮੁਲਾਜ਼ਮ ਗਿਣਤੀ ਦੇ ਲਗਾਏ ਹੋਏ ਸਨ।
ਬਿਜਲੀ ਘਰ ’ਚ ਫ਼ਾਰਮ ਭਰਨ ਵਾਲੇ ਮੁਲਾਜ਼ਮ ਲੋਕਾਂ ਨੂੰ ਬਾਹਰ ਨਿੱਜੀ ਦੁਕਾਨਾਂ ’ਤੇ ਫ਼ਾਰਮ ਭਰਨ ਲਈ ਭੇਜਦੇ ਰਹੇ, ਜਿਸ ਨਾਲ ਲੋਕਾਂ ਨੇ ਕਾਫ਼ੀ ਰੋਸ ਜ਼ਾਹਰ ਕੀਤਾ ਅਤੇ ਕਿਹਾ ਕਿ ਪਾਵਰਕਾਮ ਦਾ ਸਿਸਟਮ ਠੀਕ ਨਹੀਂ ਹੈ, ਇਨਫ੍ਰਾਸਟਰੱਕਚਰ ਦੀ ਕਮੀ ਹੈ, ਬਾਹਰੀ ਨਿੱਜੀ ਦੁਕਾਨ ਵਾਲੇ ਪ੍ਰਤੀ ਫ਼ਾਰਮ ਦੇ 10 ਰੁਪਏ ਵਸੂਲ ਕਰ ਰਿਹਾ ਸੀ। ਲੋਕਾਂ ਨੇ ਕਿਹਾ ਕਿ ਪਾਵਰਕਾਮ ਨੂੰ ਫ਼ਾਰਮ ਅੰਦਰ ਤੋਂ ਦੇਣੇ ਚਾਹੀਦੇ ਹਨ, ਉੱਥੇ ਹੀ ਸਾਰੀ ਸਹੂਲਤ ਬਿਜਲੀ ਘਰ ’ਚ ਹੋਣੀ ਚਾਹੀਦੀ ਹੈ । ਲੋਕਾਂ ਦੇ ਨਾ ਤਾਂ ਕਿਤੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            