ਪਾਵਰਕਾਮ ਨੂੰ 1420 ਕਰੋੜ ਰੁਪਏ ਦੀ ਅਦਾਇਗੀ ''ਚ ਦੇਰੀ 400 ਕਰੋੜ ''ਚ ਪਈ

Friday, Nov 22, 2019 - 03:26 PM (IST)

ਪਾਵਰਕਾਮ ਨੂੰ 1420 ਕਰੋੜ ਰੁਪਏ ਦੀ ਅਦਾਇਗੀ ''ਚ ਦੇਰੀ 400 ਕਰੋੜ ''ਚ ਪਈ

ਚੰਡੀਗੜ੍ਹ/ਪਟਿਆਲਾ (ਪਰਮੀਤ) : ਸੁਪਰੀਮ ਕੋਰਟ ਦੇ ਹੁਕਮਾਂ 'ਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ 2 ਬਿਜਲੀ ਕੰਪਨੀਆਂ ਨਾਭਾ ਪਾਵਰ ਲਿਮਟਿਡ ਅਤੇ ਤਲਵੰਡੀ ਸਾਬੋ ਪਾਵਰ ਲਿਮਟਿਡ ਨੂੰ ਦੇਰੀ ਨਾਲ ਕੀਤਾ ਗਿਆ 1420 ਕਰੋੜ ਰੁਪਏ ਦਾ ਭੁਗਤਾਨ ਪਾਵਰਕਾਮ ਨੂੰ 400 ਕਰੋੜ ਰੁਪਏ 'ਚ ਪਵੇਗਾ। ਪਾਵਰਕਾਮ ਨੇ 1420 ਕਰੋੜ ਰੁਪਏ ਦੀ ਰਾਸ਼ੀ ਖਪਤਕਾਰਾਂ ਕੋਲੋਂ ਉਗਰਾਹੁਣ ਲਈ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਕੋਲ ਪਹਿਲਾਂ ਹੀ ਪਟੀਸ਼ਨ ਪਾਈ ਹੋਈ ਹੈ। ਇਸ 'ਚ ਇਸ 400 ਕਰੋੜ ਰੁਪਏ ਦਾ ਜ਼ਿਕਰ ਨਹੀਂ ਕੀਤਾ ਗਿਆ। ਅਸਲ 'ਚ ਇਹ 400 ਕਰੋੜ ਰੁਪਏ ਇਸ ਵੱਲੋਂ ਭੁਗਤਾਨ 'ਚ ਕੀਤੀ ਦੇਰੀ ਦਾ ਵਿਆਜ ਹੈ। ਪਾਵਰਕਾਮ ਨੂੰ ਕੁੱਲ ਰਾਸ਼ੀ 'ਤੇ 12 ਫੀਸਦੀ ਸਾਲਾਨਾ ਦੀ ਦਰ ਨਾਲ ਵਿਆਜ ਦੀ ਅਦਾਇਗੀ ਵੀ ਕਰਨੀ ਪੈ ਰਹੀ ਹੈ। ਬਿਜਲੀ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੋਰ ਬਿਜਲੀ ਉਤਪਾਦਕਾਂ ਤੋਂ ਉਲਟ, ਜੋ ਕਿਸੇ ਵੀ ਸਰੋਤ ਤੋਂ ਬਿਜਲੀ ਪੈਦਾ ਕਰਨ ਜਾਂ ਵੇਚਣ ਲਈ ਅਜ਼ਾਦ ਹਨ, ਨਾਭਾ ਪਾਵਰ ਲਿਮਟਿਡ ਦਾ ਇਕ ਕੇਸ 2 ਪਾਵਰ ਪਲਾਂਟ ਹੈ, ਜੋ ਕਿ ਸਿਰਫ ਪੰਜਾਬ ਨੂੰ ਬਿਜਲੀ ਸਪਲਾਈ ਕਰਨ ਲਈ ਪਾਬੰਦ ਹੈ।

ਉਸ ਨੇ ਦੱਸਿਆ ਕਿ ਪੀ. ਪੀ. ਏ. 'ਤੇ ਦਸਤਖਤ ਕਰਨ ਸਮੇਂ ਇਹ ਫੈਸਲਾ ਕੀਤਾ ਗਿਆ ਸੀ ਕਿ ਕੋਲੇ ਦੀ ਲਾਗਤ ਪਾਵਰਕਾਮ ਵੱਲੋਂ ਆਪਣੇ ਖਾਤੇ ਪਾਈ ਜਾਏਗੀ। ਪਾਵਰਕਾਮ ਨੇ ਕੋਲੇ ਦੇ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ। ਇਸ ਕਾਰਣ ਪਾਵਰ ਪਲਾਂਟ ਨੂੰ 30 ਤੋਂ 40 ਕਰੋੜ ਰੁਪਏ ਦਾ ਹਰ ਮਹੀਨੇ ਨੁਕਸਾਨ ਉਠਾਉਣਾ ਪਿਆ। ਦੋਵਾਂ ਬਿਜਲੀ ਕੰਪਨੀਆਂ ਨੇ ਰੈਗੂਲੇਟਰੀ ਕਮਿਸ਼ਨ ਕੋਲ ਪਟੀਸ਼ਨ ਪਾਈ ਜੋ ਖਾਰਜ ਹੋ ਗਈ। ਉਪਰੰਤ ਉਹ ਸੁਪਰੀਮ ਕੋਰਟ ਪਹੁੰਚ ਗਏ। ਸੁਪਰੀਮ ਕੋਰਟ ਨੇ 5 ਅਕਤੂਬਰ 2017 ਨੂੰ ਬਿਜਲੀ ਕੰਪਨੀਆਂ ਦੇ ਹੱਕ ਵਿਚ ਫੈਸਲਾ ਸੁਣਾਇਆ। ਪਾਵਰਕਾਮ ਨੂੰ ਕੋਲੇ ਦੀ ਧੁਆਈ, ਟਰਾਂਸਪੋਰਟੇਸ਼ਨ ਅਤੇ ਕੱਢਣ ਦੇ ਖਰਚ ਦੀ ਅਦਾਇਗੀ ਕਰਨ ਵਾਸਤੇ ਕਿਹਾ ਗਿਆ। ਪਾਵਰਕਾਮ ਨੂੰ ਆਖਿਆ ਗਿਆ ਕਿ ਉਹ ਫੈਸਲੇ ਦੀ ਤਾਰੀਖ ਤੋਂ 12 ਹਫਤਿਆਂ ਦੇ ਅੰਦਰ-ਅੰਦਰ ਇਹ ਅਦਾਇਗੀ ਕਰੇ। ਜੇਕਰ ਇਹ ਅਦਾਇਗੀ ਨਾ ਕੀਤੀ ਤਾਂ ਇਸ 'ਤੇ 12 ਫੀਸਦੀ ਦਾ ਆਮ ਸਾਧਾਰਨ ਵਿਆਜ ਲੱਗੇਗਾ। ਪਾਵਰਕਾਮ ਨੇ ਇਸ ਦੀ ਅੰਸ਼ਕ ਪਾਲਣਾ ਕੀਤੀ ਅਤੇ ਅਗਸਤ 2017 ਤੱਕ 890 ਕਰੋੜ ਰੁਪਏ ਦੀ ਅਦਾਇਗੀ ਕਰਨ ਦੀ ਥਾਂ ਸਿਰਫ 376 ਕਰੋੜ ਰੁਪਏ ਦੀ ਅਦਾਇਗੀ ਕੀਤੀ।

ਪਾਵਰ ਲਿਮਟਿਡ ਨੇ ਸੁਪਰੀਮ ਕੋਰਟ ਦਾ ਕੀਤਾ ਰੁਖ
ਇਸ ਉਪਰੰਤ ਦੋਵਾਂ ਬਿਜਲੀ ਕੰਪਨੀਆਂ ਨਾਭਾ ਪਾਵਰ ਲਿਮਟਿਡ ਅਤੇ ਤਲਵੰਡੀ ਸਾਬੋ ਪਾਵਰ ਲਿਮਟਿਡ ਨੇ ਫਿਰ ਸੁਪਰੀਮ ਕੋਰਟ ਦਾ ਰੁਖ ਕੀਤਾ। ਉਨ੍ਹਾਂ ਦੇ ਹੱਕ ਵਿਚ ਫਿਰ ਫੈਸਲਾ ਹੋ ਗਿਆ ਅਤੇ ਪਾਵਰਕਾਮ ਨੂੰ 8 ਹਫਤਿਆਂ ਵਿਚ ਅਦਾਇਗੀ ਦੀ ਹਦਾਇਤ ਅਦਾਲਤ ਨੇ ਜਾਰੀ ਕੀਤੀ। ਪਾਵਰਕਾਮ ਨੇ ਹੁਣ ਤੱਕ ਨਾਭਾ ਪਾਵਰ ਨੂੰ 421 ਕਰੋੜ ਰੁਪਏ ਦੀ ਅਦਾਇਗੀ ਕੀਤੀ ਹੈ ਜਦਕਿ ਸਤੰਬਰ 2019 ਤੱਕ ਇਹ 630 ਕਰੋੜ ਦਾ ਬੈਕਲਾਗ ਬਣਦਾ ਹੈ। ਇਸ 'ਤੇ 12 ਫੀਸਦੀ ਦਾ ਵਿਆਜ ਵੀ ਦੇਣਾ ਬਣਦਾ ਹੈ। ਇਹੀ ਤਰੀਕਾ ਤਲਵੰਡੀ ਸਾਬੋ ਕੰਪਨੀ ਦੇ ਮਾਮਲੇ ਵਿਚ ਵੀ ਵਰਤਿਆ ਜਾਣਾ ਹੈ। ਪਾਵਰਕਾਮ ਦੇ ਇਕ ਅਧਿਕਾਰੀ ਨੇ ਮੰਨਿਆ ਕਿ ਇਹ ਰਾਸ਼ੀ ਕਈ ਕਰੋੜ ਦੇ ਵਿਆਜ ਸਮੇਤ ਦੇਣੀ ਪਏਗੀ ਤਾਂ ਹੀ ਖਲਾਸੀ ਹੋਵੇਗੀ।


author

Anuradha

Content Editor

Related News