ਗਰਮੀ ਦੇ ਸੀਜ਼ਨ ਦੇ ਮੱਦੇਨਜ਼ਰ ਫੀਡਰਾਂ ਨੂੰ ‘ਡੀ-ਲੋਡ’ ਕਰਨ ਦੀ ਮੁਹਿੰਮ ’ਤੇ ਪਾਵਰਕਾਮ ਦਾ ‘ਫੋਕਸ’

03/04/2023 1:47:55 PM

ਜਲੰਧਰ (ਪੁਨੀਤ)–ਬਿਜਲੀ ਦੇ ਫਾਲਟ ਨਾਲ ਖ਼ਪਤਕਾਰਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਵਿਚ ਕਮੀ ਲਿਆਉਣ ਲਈ ਪਾਵਰਕਾਮ ਨੇ ਵਰਕਿੰਗ ਤੇਜ਼ ਕਰ ਦਿੱਤੀ ਹੈ, ਜਿਸ ਤਹਿਤ ਓਵਰਲੋਡ ਫੀਡਰਾਂ ਨੂੰ ‘ਡੀ-ਲੋਡ’ ਕਰਨ ਦੀ ਮੁਹਿੰਮ ’ਤੇ ਫੋਕਸ ਕੀਤਾ ਗਿਆ ਹੈ। ਇਸ ਕੰਮ ਤਹਿਤ ਐਕਸੀਅਨਾਂ ਨੂੰ ਆਪਣੇ-ਆਪਣੇ ਇਲਾਕਿਆਂ ਵਿਚ ਪੈਟਰੋਲਿੰਗ ਕਰਕੇ ਲਾਈਨਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਪਰੇਸ਼ਾਨੀ ਦਾ ਕਾਰਨ ਬਣਨ ਵਾਲੀਆਂ ਲਾਈਨਾਂ ਦੀ ਪਛਾਣ ਕਰਕੇ ਉਸ ’ਤੇ ਕੰਮ ਕੀਤਾ ਜਾ ਸਕੇ।

ਗਰਮੀ ਦਸਤਕ ਦੇ ਚੁੱਕੀ ਹੈ ਅਤੇ ਬਿਜਲੀ ਦੀ ਖ਼ਪਤ ਵਧਣ ਵਾਲੀ ਹੈ। ਅਜਿਹੇ ਹਾਲਾਤ ਵਿਚ ਘੱਟ ਵੋਲਟੇਜ ਕਾਰਨ ਫਾਲਟ ਪੈਂਦੇ ਹਨ ਅਤੇ ਖ਼ਪਤਕਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਫਾਲਟ ਘੱਟ ਕਰਨ ਲਈ ਵਿਭਾਗ ਵੱਲੋਂ ਟਰਾਂਸਫਾਰਮਰਾਂ ਦਾ ਲੋਡ ਵਧਾਇਆ ਜਾਵੇਗਾ, ਜਿਸ ਨਾਲ ਘੱਟ ਵੋਲਟੇਜ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਇਸ ਕੜੀ ਅਧੀਨ ਸ਼ੁਰੂਆਤ ਵਿਚ ਸ਼ਹਿਰ ਦੀਆਂ ਚਾਰਾਂ ਡਿਵੀਜ਼ਨਾਂ ਅਧੀਨ 10-10 ਟਰਾਂਸਫਾਰਮਰਾਂ ਦਾ ਲੋਡ ਵਧਾਇਆ ਜਾਵੇਗਾ। 2-2 ਨਵੇਂ ਫੀਡਰਾਂ ਦਾ ਨਿਰਮਾਣ ਕੀਤਾ ਜਾਵੇਗਾ। ਵਿਭਾਗ ਵੱਲੋਂ ਮੁਫ਼ਤ ਬਿਜਲੀ ਦੇਣ ਕਾਰਨ ਬਿਜਲੀ ਦੀ ਖ਼ਪਤ ਦਾ ਵਧਣਾ ਤੈਅ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਵਿਭਾਗ ਪਹਿਲਾਂ ਹੀ ਪੂਰੇ ਇੰਤਜ਼ਾਮ ਕਰਕੇ ਚੱਲਣਾ ਚਾਹੁੰਦਾ ਹੈ ਤਾਂਕਿ ਗਰਮੀ ਵਿਚ ਜੱਦੋ-ਜਹਿਦ ਜ਼ਿਆਦਾ ਨਾ ਰਹੇ।

ਇਹ ਵੀ ਪੜ੍ਹੋ : ਵੱਡੀ ਖ਼ੁਸ਼ਖ਼ਬਰੀ: ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਮਰੀਕਾ-ਕੈਨੇਡਾ ਲਈ ਉਡਾਣ ਭਰਨਗੇ ਜਹਾਜ਼

ਫਾਲਟ ਪੈਣਾ ਵਿਭਾਗ ਲਈ ਕਈ ਕਾਰਨਾਂ ਕਰਕੇ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ। ਇਸ ਨਾਲ ਖ਼ਰਚੇ ਵਿਚ ਵਾਧਾ ਹੁੰਦਾ ਹੈ ਅਤੇ ਫੀਲਡ ਸਟਾਫ਼ ਨੂੰ ਖ਼ਪਤਕਾਰਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਸਟਾਫ਼ ਦੀ ਗੱਲ ਕੀਤੀ ਜਾਵੇ ਤਾਂ ਪੱਕੇ ਸਟਾਫ਼ ਦੀ ਘਾਟ ਕਾਰਨ ਸੀ. ਐੱਚ. ਬੀ. (ਕੰਪਲੈਂਟ ਹੈਂਡਲਿੰਗ ਬਾਈਕ) ਦਾ ਠੇਕਾ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ। ਵਿਭਾਗ ਇਨ੍ਹਾਂ ਸਾਰੀਆਂ ਗੱਲਾਂ ਤੋਂ ਬਚਣ ਲਈ ਫਾਲਟ ਵਿਚ ਕਮੀ ਲਿਆਉਣ ਨੂੰ ਮਹੱਤਵ ਦੇ ਰਿਹਾ ਹੈ ਤਾਂਕਿ ਖ਼ਪਤਕਾਰਾਂ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾ ਸਕਣ। ਇਸ ਮੁਹਿੰਮ ਤਹਿਤ ਵਿਭਾਗ ਵੱਲੋਂ ਹਰੇਕ ਇਲਾਕੇ ਵਿਚ ਇਸਤੇਮਾਲ ਹੋਣ ਵਾਲਾ ਲੋਡ ਅਤੇ ਉਕਤ ਟਰਾਂਸਫਾਰਮਰ ਤੋਂ ਚੱਲਣ ਵਾਲੇ ਘਰਾਂ ਦੇ ਲੋਡ ਨੂੰ ਕਰਾਸ ਚੈੱਕ ਕੀਤਾ ਜਾਵੇਗਾ, ਜਿਸ ਨਾਲ ਪਤਾ ਲੱਗ ਸਕੇਗਾ ਕਿ ਸਬੰਧਤ ਟਰਾਂਸਫਾਰਮਰ ਕਿੰਨਾ ਓਵਰਲੋਡ ਚੱਲ ਰਿਹਾ ਹੈ। ਇਸ ਤੋਂ ਬਾਅਦ ਉਕਤ ਇਲਾਕੇ ਅਧੀਨ ਘਰਾਂ ਵਿਚ ਜਾਂਚ ਕਰਵਾਈ ਜਾਵੇਗੀ ਅਤੇ ਲੋਡ ਵਧਾਉਣ ਦੀ ਮੁਹਿੰਮ ਨੂੰ ਅਮਲੀ-ਜਾਮਾ ਪਹਿਨਾਇਆ ਜਾਵੇਗਾ।

ਨੈਤਿਕ ਜ਼ਿੰਮੇਵਾਰੀ ਸਮਝ ਕੇ ਲੋਡ ਵਧਾਉਣ ਪ੍ਰਤੀ ਧਿਆਨ ਦੇਣ ਖ਼ਪਤਕਾਰ
ਆਮ ਤੌਰ ’ਤੇ ਦੇਖਣ ਵਿਚ ਆਉਂਦਾ ਹੈ ਕਿ ਖ਼ਪਤਕਾਰਾਂ ਵੱਲੋਂ ਵਰਤੇ ਜਾਂਦੇ ਲੋਡ ਦੇ ਮੁਕਾਬਲੇ ਘੱਟ ਲੋਡ ਨਾਲ ਕੰਮ ਚਲਾਇਆ ਜਾਂਦਾ ਹੈ, ਜਿਸ ਨਾਲ ਵਿਭਾਗ ਨੂੰ ਇਲਾਕੇ ਵਿਚ ਵਰਤੇ ਜਾਣ ਵਾਲੇ ਸਹੀ ਲੋਡ ਦਾ ਪਤਾ ਨਹੀਂ ਲੱਗਦਾ। ਗਰਮੀ ਦੇ ਸਮੇਂ ਵਿਚ ਏ. ਸੀ. ਦੀ ਵਰਤੋਂ ਨਾਲ ਲਾਈਨਾਂ ’ਤੇ ਲੋਡ ਵਧ ਜਾਂਦਾ ਹੈ ਅਤੇ ਟਰਾਂਸਫਾਰਮਰ ਵਿਚ ਖ਼ਰਾਬੀ ਆਉਣਾ ਆਮ ਗੱਲ ਬਣ ਜਾਂਦੀ ਹੈ। ਇਸ ਦਾ ਹੱਲ ਉਦੋਂ ਹੀ ਹੋ ਸਕਦਾ ਹੈ ਜਦੋਂ ਖਪਤਕਾਰ ਆਪਣੇ ਘਰਾਂ ਵਿਚ ਵਰਤੇ ਜਾਣ ਵਾਲੇ ਲੋਡ ਬਾਰੇ ਵਿਭਾਗ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾਉਣਗੇ।

ਇਹ ਵੀ ਪੜ੍ਹੋ : ਲੋਹੀਆਂ ਵਿਖੇ ਦਰਦਨਾਕ ਹਾਦਸੇ 'ਚ ਜਵਾਨ ਕੁੜੀ ਦੀ ਮੌਤ, ਮਾਪੇ ਬੋਲੇ, ਫਰਜ਼ੀ ਐਕਸੀਡੈਂਟ 'ਚ ਮੁੰਡੇ ਨੇ ਮਾਰੀ ਸਾਡੀ ਧੀ

ਪਟੇਲ ਚੌਂਕ ’ਚ ਸਬ-ਡਿਵੀਜ਼ਨ ਦੇ ਫੀਡਰ ਨੂੰ ਓਵਰਲੋਡ ਤੋਂ ਮਿਲੀ ਨਿਜਾਤ
ਸ਼ਹਿਰੀ ਇਲਾਕਿਆਂ ਵਿਚ ਕੰਮ ਕਰਨ ਦੇ ਨਾਲ-ਨਾਲ ਪੈਡੀ ਸੀਜ਼ਨ ਨੂੰ ਵੀ ਧਿਆਨ ਵਿਚ ਰੱਖਿਆ ਜਾ ਰਿਹਾ ਹੈ ਅਤੇ ਡਵੀਜ਼ਨਾਂ ਦੇ ਦਿਹਾਤੀ ਹਲਕਿਆਂ ’ਚ ਚੱਲਦੇ ਓਵਰਲੋਡ ਫੀਡਰਾਂ ਦੀ ਥਾਂ ’ਤੇ ਨਵੇਂ ਫੀਡਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਵੈਸਟ ਡਵੀਜ਼ਨ (ਮਕਸੂਦਾਂ) ਅਧੀਨ ਪਟੇਲ ਚੌਕ ਸਬ-ਡਵੀਜ਼ਨ ਤੋਂ ਚੱਲਦੇ 11 ਕੇ. ਵੀ. ਨੈਸ਼ਨਲ ਫੀਡਰ ਨੂੰ ਓਵਰਲੋਡ ਤੋਂ ਨਿਜਾਤ ਦਿੱਤੀ ਗਈ ਹੈ। ਇਸਦੇ ਲਈ ਮਹਿਕਮੇ ਨੇ ਨਵਾਂ 11 ਕੇ. ਵੀ. ਫੀਡਰ ਸ਼ੁਰੂ ਕੀਤਾ ਹੈ।
ਐਕਸੀਅਨ ਸੰਨੀ ਭਾਂਗੜਾ ਨੇ ਦੱਸਿਆ ਕਿ ਇਸ ਨਾਲ ਨਵੇਂ ਕੁਨੈਕਸ਼ਨ ਆਸਾਨੀ ਨਾਲ ਜਾਰੀ ਹੋ ਸਕਣਗੇ ਅਤੇ ਲੋਕਾਂ ਨੂੰ ਘੱਟ ਵੋਲਟੇਜ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਡਵੀਜ਼ਨ ਅਧੀਨ ਕਈ ਹੋਰ ਫੀਡਰਾਂ ’ਤੇ ਕੰਮ ਚੱਲ ਰਿਹਾ ਹੈ, ਜਿਸ ਦੇ ਸਾਰਥਕ ਨਤੀਜੇ ਜਲਦ ਸਾਹਮਣੇ ਆਉਣਗੇ।

ਤੇਜ਼ੀ ਨਾਲ ਚੱਲ ਰਿਹਾ ਕੰਮ, ਸੀਜ਼ਨ ਨਾਲ ਨਜਿੱਠਣ ਲਈ ਤਿਆਰ: ਚੀਫ ਇੰਜੀ. ਸਾਰੰਗਲ
ਨਾਰਥ ਜ਼ੋਨ ਦੇ ਚੀਫ ਇੰਜੀ. ਰਮੇਸ਼ ਲਾਲ ਸਾਰੰਗਲ ਨੇ ਕਿਹਾ ਕਿ ਗਰਮੀ ਦੇ ਸੀਜ਼ਨ ਨਾਲ ਨਜਿੱਠਣ ਲਈ ਪਾਵਰਕਾਮ ਤਿਆਰ ਹੈ। ਜਿਹੜੇ ਕੰਮ ਪੈਂਡਿੰਗ ਰਹਿੰਦੇ ਹਨ, ਉਨ੍ਹਾਂ ਨੂੰ ਤੇਜ਼ੀ ਨਾਲ ਕਰਵਾਇਆ ਜਾ ਰਿਹਾ ਹੈ। ਖਪਤਕਾਰਾਂ ਨੂੰ ਪਿਛਲੀ ਵਾਰ ਦੇ ਮੁਕਾਬਲੇ ਕੱਟਾਂ ਤੋਂ ਰਾਹਤ ਮਿਲੇਗੀ। ਜਿਹਡ਼ੇ ਇਲਾਕਿਆਂ ਦੇ ਲੋਕਾਂ ਨੂੰ ਲੋਡ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਸਬੰਧਤ ਸਬ-ਡਿਵੀਜ਼ਨ ਜਾਂ ਡਿਵੀਜ਼ਨ ਪੱਧਰ ’ਤੇ ਸੰਪਰਕ ਕਰਨ ਸਮੱਸਿਆ ਤੋਂ ਨਿਜਾਤ ਲਈ ਤੁਰੰਤ ਪ੍ਰਭਾਵ ਨਾਲ ਐਕਸ਼ਨ ਲਿਆ ਜਾਵੇਗਾ।

ਇਹ ਵੀ ਪੜ੍ਹੋ : ਬੇਅਦਬੀ ਮਾਮਲੇ 'ਚ ਅਦਾਲਤ ਦਾ ਵੱਡਾ ਫ਼ੈਸਲਾ, ਮਾਜਰਾ ਜੱਟਾਂ ਦੇ 27 ਦੋਸ਼ੀਆਂ ਨੂੰ ਸੁਣਾਈ ਸਜ਼ਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News