ਬਿਜਲੀ ਮੁਲਾਜ਼ਮਾਂ ਨੇ ਤਨਖਾਹਾਂ ਨਾ ਮਿਲਣ ਕਾਰਨ ਕੀਤੀਆਂ ਰੋਸ ਰੈਲੀਆਂ
Saturday, Feb 03, 2018 - 01:19 AM (IST)
ਗੁਰਦਾਸਪੁਰ, (ਵਿਨੋਦ, ਦੀਪਕ)- ਪੰਜਾਬ ਸਰਕਾਰ ਵੱਲੋਂ ਕਰਮਚਾਰੀ ਮਾਰੂ ਨੀਤੀਆਂ ਵਿਰੁੱਧ ਤੇ ਕਰਮਚਾਰੀਆਂ ਦੀ ਤਨਖਾਹ ਨਾ ਦੇਣ ਦੇ ਵਿਰੋਧ 'ਚ ਸੰਯੁਕਤ ਫੋਰਮ ਪੰਜਾਬ ਦੇ ਸੱਦੇ 'ਤੇ ਸ਼ਹਿਰੀ ਸਬ-ਡਵੀਜ਼ਨ ਗੁਰਦਾਸਪੁਰ 'ਚ ਰੋਸ ਰੈਲੀ ਸਥਾਨਕ ਗੁਰੂ ਨਾਨਕ ਪਾਰਕ 'ਚ ਕੀਤੀ ਗਈ। ਰੋਸ ਰੈਲੀ ਦੀ ਅਗਵਾਈ ਪ੍ਰਧਾਨ ਇੰਜੀ. ਕੁਲਵੰਤ ਰਾਏ ਨੇ ਕੀਤੀ।
ਇਸ ਦੌਰਾਨ ਇੰਜੀ. ਦਿਲਬਾਗ ਸਿੰਘ ਭੁੰਬਲੀ, ਬਲਜੀਤ ਸਿੰਘ ਝਾਵਰ, ਬਲਜੀਤ ਸਿੰਘ ਰੰਧਾਵਾ, ਬਲਕਾਰ ਸਿੰਘ, ਰਾਜ ਕੁਮਾਰ ਘੁਰਾਲਾ, ਪ੍ਰਕਾਸ਼ ਚੰਦ, ਜਗਤਾਰ ਸਿੰਘ, ਮੁਕੇਸ਼ ਕੁਮਾਰ, ਹਰਵਿੰਦਰ ਸਿੰਘ, ਕਸ਼ਮੀਰ ਸਿੰਘ ਬਬਰੀ, ਇੰਜੀ. ਵਿਜੇ ਕੁਮਾਰ ਨੇ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਹੱਲ ਨਾ ਕੀਤਾ ਗਿਆ ਤੇ ਅੱਜ ਉਨ੍ਹਾਂ ਦੀ ਤਨਖਾਹ ਜਾਰੀ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਜ਼ਿਆਦਾ ਤੇਜ਼ ਕੀਤਾ ਜਾਵੇਗਾ। ਇਸ ਤਰ੍ਹਾਂ ਸਬ-ਡਵੀਜਨ ਹਰਚੋਵਾਲ 'ਚ ਟੀ. ਐੱਸ. ਯੂ. ਦੇ ਪ੍ਰਧਾਨ ਤਰਸੇਮ ਲਾਲ ਦੀ ਅਗਵਾਈ 'ਚ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੁਰਿੰਦਰ ਪੱਪੂ ਵਿੱਤ ਸਕੱਤਰ, ਰਮੇਸ਼ ਸ਼ਰਮਾ ਸਰਕਲ ਪ੍ਰਧਾਨ, ਕੁੰਨਣ ਸਿੰਘ ਮੰਡਲ ਪ੍ਰਧਾਨ ਗੁਰਦਾਸਪੁਰ, ਗੁਰਨਾਮ ਸਿੰਘ ਲੁਬਾਣਾ ਸਰਕਲ ਨੇਤਾ, ਯੂਨਸ ਮਸੀਹ, ਸੁਖਵਿੰਦਰ ਜੇ. ਈ. ਉਪ ਮੰਡਲ, ਗੁਰਦਿਆਲ ਸਿੰਘ ਆਦਿ ਨੇ ਸੰਬੋਧਨ ਕੀਤਾ।
ਬਟਾਲਾ, (ਗੋਰਾਇਆ)- ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ 'ਤੇ ਵੱਖ-ਵੱਖ ਸਬ-ਡਵੀਜ਼ਨਾਂ ਦੇ ਬਿਜਲੀ ਮੁਲਾਜ਼ਮਾਂ ਨੇ ਜਨਵਰੀ ਮਹੀਨੇ ਦੀਆਂ ਤਨਖਾਹਾਂ ਦੂਜੇ ਦਿਨ ਵੀ ਨਾ ਮਿਲਣ ਦੇ ਵਿਰੋਧ 'ਚ ਰੋਸ ਰੈਲੀਆਂ ਕੀਤੀਆਂ।
ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਜਲੰਧਰ, ਕਪੂਰਥਲਾ, ਲੁਧਿਆਣਾ, ਖੰਨਾ, ਪਟਿਆਲਾ, ਮੋਹਾਲੀ, ਰੋਪੜ, ਸੰਗਰੂਰ, ਬਰਨਾਲਾ, ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਵੰਡ ਸਰਕਲਾਂ ਤੋਂ ਇਲਾਵਾ ਲਹਿਰਾ ਮੁਹੱਬਤ ਅਤੇ ਰੋਪੜ ਥਰਮਲ ਪਲਾਂਟਾਂ 'ਤੇ ਇਕੱਠੇ ਹੋ ਕੇ ਮੈਨੇਜਮੈਂਟ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸੇ ਦੌਰਾਨ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਕਨਵੀਨਰ ਹਰਭਜਨ ਸਿੰੰਘ ਪਿਲਖਣੀ ਤੇ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਦੀ ਅਗਵਾਈ ਹੇਠ ਜਥੇਬੰਦੀ ਦੇ ਵਫ਼ਦ ਨੇ ਬਿਜਲੀ ਨਿਗਮ ਦੇ ਡਾਇਰੈਕਟਰ ਐੱਸ.ਸੀ. ਅਰੋੜਾ ਨੂੰ ਮਿਲ ਕੇ ਮੰਗ ਕੀਤੀ ਕਿ ਬਿਜਲੀ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਜਲਦ ਪ੍ਰਬੰਧ ਕੀਤਾ ਜਾਵੇ। ਤਨਖਾਹਾਂ ਦਾ ਪੇ ਬਿੱਲ 125 ਕਰੋੜ ਤੇ ਪੈਨਸ਼ਨਰਾਂ ਦਾ ਪੇ ਬਿੱਲ 150 ਕਰੋੜ ਰੁਪਏ ਮਹੀਨਾ ਬਣਦਾ ਹੇ। ਜੇਕਰ ਪੰਜਾਬ ਸਰਕਾਰ ਸਬਸਿਡੀਆਂ ਦਾ ਪੈਸਾ ਹਰ ਮਹੀਨੇ ਜਾਰੀ ਕਰੇ ਤਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਆਸਾਨੀ ਨਾਲ ਦਿੱਤੀਆਂ ਜਾ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਦਸੰਬਰ ਮਹੀਨੇ ਵੀ ਮੁਲਾਜ਼ਮਾਂ ਨੂੰ ਤਨਖਾਹਾਂ ਦਾ ਭੁਗਤਾਨ ਕਰ ਦਿੱਤਾ ਗਿਆ ਸੀ ਪਰ ਸਬਸਿਡੀ ਦੀ ਰਕਮ ਨਾ ਮਿਲਣ ਕਾਰਨ ਮੁਲਾਜ਼ਮਾਂ ਦੀਆਂ ਤਨਖਾਹਾਂ ਲੇਟ ਹੋ ਰਹੀਆਂ ਹਨ। ਜੇਕਰ ਤਨਖਾਹਾਂ ਨਾ ਪਾਈਆਂ ਗਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਪੰਜਾਬ ਦੇ ਬਿਜਲੀ ਕਾਮੇ 22 ਫਰਵਰੀ ਨੂੰ ਮੁੱਖ ਦਫ਼ਤਰ ਪਟਿਆਲਾ ਸਾਹਮਣੇ ਰੋਸ ਮਾਰਚ ਮਾਰਨਗੇ। ਇਸ ਮੌਕੇ ਜਥੇਬੰਦੀਆਂ ਦੇ ਸੂਬਾਈ ਆਗੂ ਗੁਰਵੇਲ ਸਿੰਘ ਬੱਲਪੁਰੀਆ, ਮਨਜੀਤ ਸਿੰਘ ਚਾਹਲ, ਨਰਿੰਦਰ ਸਿੰਘ ਸੈਣੀ, ਪੂਰਨ ਸਿੰਘ ਖਾਈ, ਅਮਰਜੀਤ ਸਿੰਘ, ਰਾਮਪਾਲ ਸਿੰਘ ਖਾਈ, ਗੁਰਪ੍ਰੀਤ ਸਿੰਘ ਗੰਡੀਵਿੰਡ, ਆਰ. ਕੇ. ਤਿਵਾੜੀ, ਹਰਬੰਸ ਸਿੰਘ ਦੀਦਾਰਗੜ੍ਹ, ਦਵਿੰਦਰ ਸਿੰਘ, ਕਮਲ ਪਟਿਆਲਾ, ਰਣਜੀਤ ਸਿੰਘ, ਸੁਰਿੰਦਰਪਾਲ ਆਦਿ ਹਾਜ਼ਰ ਸਨ।
ਬਟਾਲਾ, (ਬੇਰੀ)-ਅੱਜ ਜੁਆਇੰਟ ਫੋਰਮ ਦੇ ਸੱਦੇ 'ਤੇ ਤਨਖਾਹ ਸਮੇਂ ਸਿਰ ਨਾ ਮਿਲਣ ਦੇ ਵਿਰੋਧ 'ਚ ਪੀ. ਐੱਸ. ਈ. ਬੀ. ਕਰਮਚਾਰੀ ਦਲ ਸਬ-ਡਵੀਜ਼ਨ ਬਟਾਲਾ ਤੇ ਸਿਟੀ ਡਵੀਜ਼ਨ ਬਟਾਲਾ ਨੇ ਸਾਂਝੇ ਤੌਰ 'ਤੇ ਰੋਸ ਰੈਲੀ ਕੀਤੀ। ਇਹ ਰੈਲੀ ਬਾਡੀ ਜ਼ੋਨ ਸਕੱਤਰ ਸਤਪਾਲ ਸਿੰਘ ਸਿੱਧੂ, ਸਰਕਲ ਦੇ ਜਨਰਲ ਸਕੱਤਰ ਵਾਸੂਦੇਵ ਸ਼ਰਮਾ, ਅਮਰਜੀਤ, ਦਿਲਬਾਗ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਉੱਤਰੀ ਸਬ-ਡਵੀਜ਼ਨ 'ਚ ਕੀਤੀ ਗਈ। ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਦਿਹਾਤੀ ਮੰਡਲ ਬਟਾਲਾ ਦੇ ਪ੍ਰਧਾਨ ਹਰਜੀਤ ਸਿੰਘ ਸ਼ਾਮਲ ਹੋਏ। ਧਰਨੇ ਦੌਰਾਨ ਆਗੂਆਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਤੇ ਲੋਕ ਵਿਰੋਧੀ ਨੀਤੀਆਂ ਦੀ ਸਖਤ ਨਿਖੇਧੀ ਕੀਤੀ।
ਆਗੂਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਾਵਰਕਾਮ ਦੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਤੇ ਹੋਰ ਮੰਗਾਂ ਨਾ ਮੰਨੀਆਂ ਤਾਂ ਪਾਵਰਕਾਮ ਦੇ ਮੁਲਾਜ਼ਮ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ ਤੇ ਕੰਮਕਾਜ ਠੱਪ ਕਰ ਦਿੱਤਾ ਜਾਵੇਗਾ। ਇਸ ਮੌਕੇ ਸੁਖਵਿੰਦਰ ਸਿੰਘ, ਕੁਲਵੰਤ ਸਿੰਘ, ਸਰਬਜੀਤ ਸਿੰਘ, ਜਤਿੰਦਰ ਸਿੰਘ, ਹਰਮੀਤ ਸਿੰਘ, ਯੂਸਫ ਮਸੀਹ ਐੱਸ.ਡੀ.ਓ ਬਟਾਲਾ, ਸੁਖਵਿੰਦਰ ਸਿੰਘ ਮੱਲ੍ਹੀ, ਫਕੀਰ ਚੰਦ, ਹਰਮੀਤ ਕੌਰ, ਨਰਿੰਦਰ ਕੌਰ, ਨੇਹਾ ਸ਼ਰਮਾ, ਸੁਖਵਿੰਦਰ ਕੌਰ, ਪਰਮਿੰਦਰ ਸਿੰਘ, ਬਲਜੀਤ ਸਿੰਘ, ਦਰਸ਼ਨ ਲਾਲ, ਹਿਤੇਸ਼, ਦਵਿੰਦਰ ਸਿੰਘ, ਰਣਜੀਤ ਸਿੰਘ, ਅਮਰਬੀਰ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਕਲਾਨੌਰ, (ਮਨਮੋਹਨ)- ਸਬ-ਡਵੀਜ਼ਨ ਕਲਾਨੌਰ ਵਿਖੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਤਨਖਾਹ ਨਾ ਮਿਲਣ 'ਤੇ ਰੋਸ ਰੈਲੀ ਰਣਧੀਰ ਸਿੰਘ ਕਾਹਲੋਂ ਡਵੀਜ਼ਨ ਸਕੱਤਰ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿਚ ਉਚੇਚੇ ਤੌਰ 'ਤੇ ਸਰਕਲ ਮੀਤ ਪ੍ਰਧਾਨ ਅਨੂਪ ਸਿੰਘ ਸ਼ਾਮਲ ਹੋਏ।
ਮੀਤ ਪ੍ਰਧਾਨ ਅਨੂਪ ਸਿੰਘ ਨੇ ਬਿਜਲੀ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਪੰਜਾਬ ਸਰਕਾਰ ਨਹੀਂ ਦੇ ਰਹੀ ਤੇ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨਜਮੈਂਟ ਡੀ. ਏ. ਦੀਆਂ ਕਿਸ਼ਤਾਂ ਵੀ ਨਹੀਂ ਦੇ ਰਹੀ। ਨਵੀਂ ਭਰਤੀ ਨਾ ਕਰਨ ਕਾਰਨ ਬਿਜਲੀ ਕਾਮਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਤੇ ਪਾਵਰਕਾਮ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਮੁਲਾਜ਼ਮ ਵਰਗ ਸੰਘਰਸ਼ ਦੇ ਰਾਹ ਤੁਰਿਆ ਹੋਇਆ ਹੈ।
ਰੋਸ ਰੈਲੀ 'ਚ ਕੁਲਦੀਪ ਸਿੰਘ ਟੀ.ਐੱਸ.ਯੂ., ਸੁਖਵਿੰਦਰ ਸਿੰਘ ਛਿੰਦਾ ਏਟਕ, ਕਿਸ਼ਨ ਚੰਦ ਜੇ.ਈ., ਮਹਿੰਦਰ ਸਿੰਘ ਆਰ.ਏ., ਪ੍ਰਤਾਪ ਸਿੰਘ ਜੇ.ਈ., ਬਲਜੀਤ ਸਿੰਘ, ਨਿਸ਼ਾਨ ਸਿੰਘ, ਹਰਿੰਦਰ ਸਿੰਘ ਟੀ.ਐੱਸ.ਯੂ., ਅਰਜਨਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ।
ਫਤਿਹਗੜ੍ਹ ਚੂੜੀਆਂ, (ਬਿਕਰਮਜੀਤ)- ਪੰਜਾਬ ਸਟੇਟ ਪਾਵਰਕਾਮ 'ਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀ ਤਨਖਾਹ ਸਮੇਂ ਸਿਰ ਜਾਰੀ ਕਰਨ ਵਿਰੁੱਧ ਦਫਤਰ ਕੰਪਲੈਕਸ ਫਤਿਹਗੜ੍ਹ ਚੂੜੀਆਂ ਵਿਖੇ ਧਰਨਾ ਦਿੱਤਾ ਗਿਆ। ਇਸ ਦੌਰਾਨ ਟੈਕਨੀਕਲ ਸਰਵਿਸਿਜ਼ ਯੂਨੀਅਨ, ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਇੰਪਲਾਈਜ਼ ਫੈੱਡਰੇਸ਼ਨ ਪਹਿਲਵਾਨ ਨੇ ਹਿੱਸਾ ਲਿਆ।
ਸੰਬੋਧਨ ਕਰਦਿਆਂ ਬੁਲਾਰਿਆਂ ਨੇ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਤੇ ਨਿੱਜੀਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤਨਖਾਹ ਤੁਰੰਤ ਜਾਰੀ ਨਾ ਕੀਤੀ ਗਈ ਤਾਂ ਪਾਵਰਕਾਮ ਦੇ ਮੁਲਾਜ਼ਮ ਹੈੱਡ ਆਫਿਸ ਪਟਿਆਲਾ ਸਾਹਮਣੇ ਧਰਨਾ ਦੇਣਗੇ ਤੇ ਪਾਵਰਕਾਮ ਦਾ ਕਾਰੋਬਾਰ ਠੱਪ ਕਰ ਦਿੱਤਾ ਜਾਵੇਗਾ। ਇਸ ਦੌਰਾਨ ਸਰਬਜੀਤ ਸਿੰਘ ਪੰਨੂ, ਇੰਜੀਨੀਅਰ ਜਗਦੀਸ਼ ਸਿੰਘ ਬਾਜਵਾ ਐਡਵਾਈਜ਼ਰ ਜੇ. ਈ. ਕੌਂਸਲ ਪੰਜਾਬ, ਬਲਦੇਵ ਸਿੰਘ ਠੱਠਾ, ਸਤਨਾਮ ਸਿੰਘ ਝੰਜੀਆ, ਦਲਬੀਰ ਸਿੰਘ ਪੰਨੂ, ਮੁਖਤਾਰ ਸਿੰਘ ਰੰਧਾਵਾ, ਕੁਲਵੰਤ ਸਿੰਘ ਸੱਗੂ, ਰਾਜਵਿੰਦਰ ਸਿੰਘ ਟਰਪਲਾ, ਸਤਨਾਮ ਸਿੰਘ ਰੰਧਾਵਾ, ਜੋਗਿੰਦਰ ਸਿੰਘ ਸ਼ਾਹਪੁਰ, ਗੁਰਪ੍ਰੀਤ ਸਿੰਘ, ਵਜ਼ੀਰ ਸਿੰਘ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।
ਧਾਰੀਵਾਲ, (ਖੋਸਲਾ, ਬਲਬੀਰ)-ਪਾਵਰਕਾਮ ਵੱਲੋਂ ਤਨਖਾਹਾਂ ਸਮੇਂ ਸਿਰ ਨਾ ਦੇਣ ਦੇ ਵਿਰੋਧ 'ਚ ਸਾਂਝੇ ਜੁਆਇੰਟ ਫੋਰਮ ਦੇ ਸੱਦੇ 'ਤੇ ਸਾਰੀਆਂ ਜਥੇਬੰਦੀਆਂ ਵੱਲੋਂ ਪੰਜਾਬ ਰਾਜ ਪਾਵਰਕਾਮ ਦੇ ਸਬ-ਡਵੀਜ਼ਨ ਦਫਤਰ ਧਾਰੀਵਾਲ 'ਚ ਗੇਟ ਘੇਰ ਕੇ ਰੋਸ ਰੈਲੀ ਕੀਤੀ ਗਈ, ਜਿਸ 'ਚ ਪੰਜਾਬ ਸਰਕਾਰ ਤੇ ਪਾਵਰਕਾਮ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਆਵਾਜ਼ ਉਠਾਈ ਗਈ।
ਰੈਲੀ ਵਿਚ ਪੰਜਾਬ ਰਾਜ ਪਾਵਰਕਾਮ ਫੈੱਡਰੇਸ਼ਨ ਦੇ ਗੁਰਵੇਲ ਸਿੰਘ ਬੱਲਪੁਰੀਆ ਗਰੁੱਪ, ਪੰਜਾਬ ਰਾਜ ਪਾਵਰਕਾਮ ਕਰਮਚਾਰੀ ਦਲ, ਟੀ. ਐੱਸ. ਯੂ. ਭੰਗਲ ਗਰੁੱਪ, ਫੈੱਡਰੇਸ਼ਨ ਏਟਕ ਆਦਿ ਗਰੁੱਪਾਂ ਦੇ ਆਗੂਆਂ ਨੇ ਹਿੱਸਾ ਲਿਆ। ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੇ ਪਾਵਰਕਾਮ ਚਿਤਾਵਨੀ ਦਿੱਤੀ ਗਈ ਕਿ ਜੇਕਰ ਮੁਲਾਜ਼ਮਾਂ ਦੀਆਂ ਤਨਖਾਹਾਂ ਤੁਰੰਤ ਰਿਲੀਜ਼ ਨਾ ਕੀਤੀਆਂ ਗਈਆਂ ਤਾਂ ਕਰਮਚਾਰੀਆਂ ਵੱਲੋਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਵਿਭਾਗ ਦੀ ਹੋਵੇਗੀ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸਰਕਲ ਕੁਲਦੀਪ ਸਿੰਘ ਬੱਬਰੀ ਨੰਗਲ, ਸਰਕਲ ਵਿੱਤ ਸਕੱਤਰ ਦਲਬੀਰ ਸਿੰਘ ਉਸਾਹਨ, ਸੁਖਵਿੰਦਰ ਸਿੰਘ ਗਿੱਲ, ਹਰਦੇਵ ਸਿੰਘ, ਜਸਬੀਰ ਸਿੰਘ, ਸਰਬਜੀਤ ਸਿੰਘ, ਸੁਰਜੀਤ ਸਿੰਘ ਢਿੱਲੋਂ, ਤੇਜਿੰਦਰ ਸਿੰਘ, ਰਵੀ ਕੁਮਾਰ, ਮੁਖਵਿੰਦਰ ਸਿੰਘ, ਦਲਵਿੰਦਰ ਸਿੰਘ, ਗੁਰਜੀਤ ਸਿੰਘ, ਮਹਿੰਦਰ ਸਿੰਘ, ਦੇਵੀ ਸ਼ਰਮਾ, ਰਾਜਵਿੰਦਰ ਕੌਰ, ਦੀਪਕ ਕੁਮਾਰ, ਸੁਖਵੰਤ ਸਿੰਘ, ਸੁਖਦੇਵ ਸਿੰਘ, ਕੁਲਦੀਪ ਮਸੀਹ, ਰਾਜਿੰਦਰ ਸਿੰਘ, ਨਿਸ਼ਾਨ ਸਿੰਘ, ਬਲਵਿੰਦਰ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।
