ਵਪਾਰੀ ਨਾਲ ਕੁੱਟਮਾਰ ਕਰਕੇ ਖੋਹੀ ਐਕਟਿਵਾ, ਮਦਦ ਲਈ ਪਹੁੰਚੇ ਭਰਾ ''ਤੇ ਵੀ ਕੀਤਾ ਹਮਲਾ

Saturday, Oct 10, 2026 - 05:20 PM (IST)

ਵਪਾਰੀ ਨਾਲ ਕੁੱਟਮਾਰ ਕਰਕੇ ਖੋਹੀ ਐਕਟਿਵਾ, ਮਦਦ ਲਈ ਪਹੁੰਚੇ ਭਰਾ ''ਤੇ ਵੀ ਕੀਤਾ ਹਮਲਾ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)- ਇਥੋਂ ਦੇ ਨੇੜਲੇ ਪਿੰਡ ਲਮਲੈਹੜੀ ਪੁੱਲ ਨਜ਼ਦੀਕ ਦੇਰ ਰਾਤ ਵਾਪਰੀ ਇਕ ਲੁੱਟਖੋਹ ਦੀ ਘਟਨਾ ਦੌਰਾਨ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਇਕ ਵਪਾਰੀ ਨਾਲ ਕੁੱਟਮਾਰ ਕਰਕੇ ਨਕਦੀ ਸਮੇਤ ਐਕਟਿਵਾ ਸਕੂਟਰੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਵਪਾਰੀ ਦੇ ਬਚਾਅ ਲਈ ਪਹੁੰਚੇ ਉਸ ਦੇ ਭਰਾ 'ਤੇ ਵੀ ਇਨ੍ਹਾਂ ਲੁਟੋਰਿਆਂ ਵਿੱਚੋਂ ਇਕ ਨੌਜਵਾਨ ਨੇ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਵੀ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਗਿਆ। 

ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਜ਼ਖ਼ਮੀ ਪਵਨ ਕੁਮਾਰ ਪੁੱਤਰ ਰਵਿੰਦਰ ਕੁਮਾਰ ਵਾਸੀ ਪਿੰਡ ਮੀਆਂਪੁਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾ ਸੰਜੀਵ ਕੁਮਾਰ ਦੀ ਇਥੋਂ ਦੇ ਮੰਦਿਰ ਸ੍ਰੀ ਨੈਣਾ ਦੇਵੀ ਸੜਕ 'ਤੇ ਖਾਲਸਾ ਸਕੂਲ ਨੇੜੇ ਹਾਰਡਵੇਅਰ ਦੀ ਦੁਕਾਨ ਹੈ। ਉਨ੍ਹਾਂ ਦੱਸਿਆ ਕਿ ਦੇਰ ਸ਼ਾਮ ਜਦੋਂ ਉਹ ਦੁਕਾਨ ਬੰਦ ਕਰਨ ਉਪਰੰਤ 85 ਹਜ਼ਾਰ ਦੀ ਨਕਦੀ ਲੈ ਕੇ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਆਪਣੇ ਪਿੰਡ ਵੱਲ ਨੂੰ ਜਾ ਰਹੇ ਸਨ ਤਾਂ ਲਮਲੈਹੜੀ ਪੁੱਲ ਤੋਂ ਅੱਗੇ ਸੁੰਨਸਾਨ ਨਹਿਰ ਦੀ ਪਟੜੀ 'ਤੇ ਤਿੰਨ ਅਣਪਛਾਤੇ ਨੌਜਵਾਨ ਲੁਟੇਰੇ ਜੋਕਿ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ, ਨੇ ਉਸ ਨੂੰ ਘੇਰਾ ਪਾ ਲਿਆ ਅਤੇ ਡਰਾ ਧਮਕਾ ਕੇ ਉਸ ਦੀ ਐਕਟਿਵਾ ਪੀ. ਬੀ. 12 ਏ. ਬੀ. 4657 ਅਤੇ 85 ਹਜ਼ਾਰ ਰੁਪਏ ਨਕਦੀ ਖੋਹ ਕੇ ਫਰਾਰ ਹੋ ਗਏ। 

ਇਹ ਵੀ ਪੜ੍ਹੋ: ਪੰਜਾਬ: ਟਰੇਨ ਮੈਨੇਜਰ ਨੂੰ ਡੰਡਾ ਮਾਰਨ ਦੇ ਮਾਮਲੇ 'ਚ ਸੁਪਰਡੈਂਟ 'ਤੇ ਡਿੱਗੀ ਗਾਜ! ਰੇਲਵੇ ਦੀ ਵੱਡੀ ਕਾਰਵਾਈ

ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਉਸ ਦੇ ਭਰਾ ਵੱਲੋਂ ਫੋਨ ਉੱਤੇ ਦੇਣ ਤੋਂ ਬਾਅਦ ਜਦੋਂ ਉਹ ਖ਼ੁਦ ਇਕ ਵਿਅਕਤੀ ਨੂੰ ਨਾਲ ਲੈ ਕੇ ਨਹਿਰ ਦੀ ਪਟੜੀ 'ਤੇ ਭਾਲ ਕਰਨ ਗਏ ਤਾਂ ਇਨ੍ਹਾਂ ਤਿੰਨਾਂ ਨੌਜਵਾਨਾਂ ਵਿੱਚੋਂ ਇਕ ਸ਼ੱਕੀ ਨੌਜਵਾਨ ਉੱਥੇ ਘੁੰਮ ਰਿਹਾ ਸੀ ਤਾਂ ਪਵਨ ਕੁਮਾਰ ਵੱਲੋਂ ਇਸ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਪਵਨ ਕੁਮਾਰ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਥੋਂ ਭੱਜਣ ਲੱਗਾ ਪਰ ਜਦੋਂ ਉਸ ਦਾ ਪਿੱਛਾ ਕੀਤਾ ਗਿਆ ਤਾਂ ਉਸ ਨੇ ਨਹਿਰ 'ਚ ਛਾਲ ਮਾਰ ਦਿੱਤੀ। 

ਇਸ ਦੌਰਾਨ ਨੇੜਲੇ ਪਿੰਡਾਂ ਦੇ ਲੋਕ ਵੀ ਉੱਥੇ ਇਕੱਠੇ ਹੋ ਗਏ ਪਰ ਹਨ੍ਹੇਰੇ ਦਾ ਲਾਭ ਲੈਂਦਿਆਂ ਕਿ ਲੁਟੇਰਾ ਨੌਜਵਾਨ ਉਥੋਂ ਭੱਜਣ 'ਚ ਕਾਮਯਾਬ ਹੋ ਗਿਆ। ਜ਼ਖ਼ਮੀ ਪਵਨ ਕੁਮਾਰ ਨੂੰ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸ੍ਰੀ ਅਨੰਦਪੁਰ ਸਾਹਿਬ ਪੁਲਸ ਥਾਣੇ ਤੋਂ ਐੱਸ. ਆਈ. ਕੁਲਵਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕਾਂ ਨੇ ਸ਼ਹਿਰ ਨੂੰ ਚੰਗਰ ਇਲਾਕੇ ਨਾਲ ਜੋੜਨ ਵਾਲੀਆਂ ਮੁੱਖ ਸੜਕਾਂ 'ਤੇ ਰਾਤ ਨੂੰ ਪੁਲਸ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਗੈਰ-ਕਾਨੂੰਨੀ ਮਾਈਨਿੰਗ ਦੀ ਜਾਂਚ ਕਰੇਗੀ CBI, ਹਾਈਕੋਰਟ ਨੇ ਦਿੱਤੇ ਹੁਕਮ

ਕੀ ਕਹਿਣਾ ਹੈ ਥਾਣਾ ਮੁਖੀ ਦਾ
ਜਦੋਂ ਇਸ ਸਬੰਧੀ ਸ੍ਰੀ ਆਨੰਦਪੁਰ ਸਾਹਿਬ ਦੇ ਥਾਣਾ ਮੁਖੀ ਇੰਸਪੈਕਟਰ ਜਤਿਨ ਕਪੂਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਮੁਸਤੈਦੀ ਨਾਲ ਆਪਣਾ ਕੰਮ ਕਰ ਰਹੀ ਹੈ ਖੋਹੀ ਗਈ ਐਕਟਿਵਾ ਬਰਾਮਦ ਕਰ ਲਈ ਗਈ ਹੈ ਅਤੇ ਮਾਮਲੇ 'ਚ ਸ਼ਾਮਲ ਨੌਜਵਾਨਾਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: LPU ਮਾਮਲੇ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ! ਵਾਇਰਲ ਪੋਸਟ ਦਾ ਸੱਚ ਆਇਆ ਸਾਹਮਣੇ, First Year ਦੀ ਸਟੂਡੈਂਟ...

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News